ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ
Ravi Jakhu
ਚੰਡੀਗੜ੍ਹ/ਮੋਹਾਲੀ 1 ਸਤੰਬਰ 2026
ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪਾਣੀਆਂ ਦੇ ਮਸਲੇ,ਫਰੀ ਟਰੇਡ ਸਮਝੌਤੇ ਨੂੰ ਰੱਦ ਕਰਨ, ਕਰਜ਼ਾ ਮੁਕਤੀ ਅਤੇ ਹੋਰ ਕਿਸਾਨੀ ਮੰਗਾਂ ਲਈ ਚੰਡੀਗੜ ਦੇ ਸੈਕਟਰ 48-ਸੀ ਵਿੱਚ ਮੋਰਚਾ ਪੂਰੇ ਜਾਹੋ ਜਲਾਲ ਨਾਲ ਆਰੰਭ ਕਰ ਦਿੱਤਾ ਹੈ। ਬੀਤੀ ਰਾਤ ਤੋਂ ਹੀ ਸੂਬੇ ਦੇ ਵੱਖ ਵੱਖ ਕੋਨਿਆਂ ਤੋਂ ਟ੍ਰੈਕਟਰ ਟਰਾਲੀਆਂ ਅਤੇ ਹੋਰ ਵ੍ਹੀਕਲਾਂ ਉਤੇ ਸਵਾਰ ਹੋ ਕੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਪੁੱਜਣੇ ਸ਼ੁਰੂ ਹੋ ਗਏ ਸਨ। ਅੱਜ ਚਾਰ ਵਜੇ ਤੱਕ ਖਬਰ ਲਿਖਣ ਤੱਕ ਮੋਰਚੇ ਵਿੱਚ ਕਿਸਾਨਾਂ ਦੇ ਜੱਥੇ ਪਹੁੰਚ ਰਹੇ ਸਨ। ਕਿਸਾਨਾਂ ਦੀ ਆਮਦ ਕਾਰਨ ਸੈਕਟਰ 48-ਸੀ ਤੋਂ ਬੈਸਟੈਕ ਸੁਕੇਅਰ ਮਾਲ ਤੱਕ ਟ੍ਰੈਕਟਰ ਟਰਾਲੀਆਂ ਦੀਆਂ ਲਾਈਨਾਂ ਲੱਗ ਚੁੱਕੀਆਂ ਸਨ। ਸੈਕਟਰ 48-ਸੀ ਵਿਖੇ ਸੰਯੁਕਤ ਕਿਸਾਨ ਮੋਰਚਾ ਵਲੋਂ ਪੰਡਾਲ ਸਜਾਇਆ ਗਿਆ ਹੈ ਅੱਜ ਸਟੇਜ ਦੀ ਕਾਰਵਾਈ ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੁੱਡੀਕੇ, ਪ੍ਰੇਮ ਸਿੰਘ ਭੰਗੂ, ਦਲਵੀਰ ਸਿੰਘ ਸਿੱਧੂਪੁਰ,ਵੀਰ ਸਿੰਘ ਬੜਵਾ, ਕੰਵਲਪ੍ਰੀਤ ਸਿੰਘ ਪੰਨੂ ਅਤੇ ਨਛੱਤਰ ਸਿੰਘ ਜੈਤੋ ਤੇ ਅਧਾਰਿਤ ਪ੍ਰਧਾਨਗੀ ਮੰਡਲ ਵਲੋਂ ਚਲਾਈ ਗਈ। ਕਿਸਾਨਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਸੰਕਟ ਦਿਨੋਂ ਦਿਨ ਗੰਭੀਰ ਹੋ ਰਿਹਾ ਹੈ। ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ਮੁਤਾਬਕ ਪੰਜਾਬ ਦੇ 153 ਵਿੱਚੋਂ 133 ਬਲਾਕ ਅਤਿ ਸ਼ੋਸ਼ਿਤ ਜਾਂ ਨਾਜ਼ੁਕ ਬਲਾਕ ਦੇ ਰੂਪ ਵਿੱਚ ਸਾਹਮਣੇ ਆਏ ਹਨ। ਜ਼ਮੀਨਦੋਜ਼ ਪਾਣੀ ਡੂੰਘਾ ਹੋ ਰਿਹਾ ਹੈ ਉਸ ਵਿੱਚ ਜ਼ਹਿਰੀਲੇ ਤੱਤਾਂ ਦੀ ਭਰਮਾਰ ਹੈ ਇਹ ਪਾਣੀ ਮਨੁੱਖਾਂ , ਪਸ਼ੂਆਂ ਅਤੇ ਫ਼ਸਲਾਂ ਲਈ ਨੁਕਸਾਨਦੇਹ ਹੈ।ਇਸ ਲਈ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਰਾਇਪੇਰੀਅਨ ਅਸੂਲ ਅਤੇ ਸੰਵਿਧਾਨਕ ਵਿਵਸਥਾ ਦੇ ਦਾਇਰੇ ਨੂੰ ਅਸੂਲ ਬਣਾਕੇ ਗੰਭੀਰਤਾ ਨਾਲ ਯਤਨ ਜੁਟਾਉਣੇ ਚਾਹੀਦੇ ਹਨ। ਬੁਲਾਰਿਆਂ ਨੇ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਸੰਸਦ ਤੋਂ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78 79 ਅਤੇ 80 ਨੂੰ ਰੱਦ ਕਰਨ ਦੀ ਮੰਗ ਕਰਨ ਸਬੰਧੀ ਮਤਾ ਪਾਸ ਕਰਕੇ ਭੇਜਣ ਦਾ ਪ੍ਰਬੰਧ ਕਰੇ। ਕਿਸਾਨ ਆਗੂਆਂ ਨੇ ਪਾਣੀਆਂ ਦੇ ਮਸਲੇ 'ਤੇ ਪੰਜਾਬ ਨਾਲ ਹੁਣ ਤੱਕ ਹੋਏ ਸਾਰੇ ਗੈਰ ਸੰਵਿਧਾਨਕ ਅਤੇ ਵਿਤਕਰੇਪੂਰਨ ਸਮਝੌਤੇ ਰੱਦ ਕਰਕੇ ਮੁੜ ਮੁਲਾਂਕਣ ਕਰਨ ਸਬੰਧੀ ਮਤਾ ਵੀ ਵਿਧਾਨ ਸਭਾ ਵਿੱਚ ਪਾਸ ਕਰਨ ਦੀ ਮੰਗ ਵੀ ਕੀਤੀ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਕਿਸਾਨੀ ਮੰਗਾਂ ਮੰਨਣ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਬੜੇ ਚਿਰਾਂ ਤੋਂ ਅਗਾਊ ਮੰਗ ਕਰ ਰਹੇ ਸਨ। ਪ੍ਰੰਤੂ ਦੋਵੇਂ ਸਰਕਾਰਾਂ ਨੇ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ। ਸਿੱਟੇ ਵਜੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਇੱਕ ਸਤੰਬਰ ਤੋਂ ਚੰਡੀਗੜ ਵਿਖੇ ਮੋਰਚਾ ਲਗਾਇਆ ਗਿਆ ਹੈ। ਕਿਸਾਨ ਆਗੂਆਂ ਨੇ ਗੰਨੇ ਦੀ ਫਸਲ ਦਾ ਭਾਅ 500 ਰੁਪਏ ਮਿੱਥਣ , ਹਰੇਕ ਮਿਲ ਵਿੱਚ ਇੱਕ ਕਾਊਟਰ ਇੱਕ ਪੇਮੈਟ ਦਾ ਅਸੂਲ ਲਾਗੂ ਕਰਨ ਅਤੇ ਮਿੱਲਾਂ ਵੱਲ ਖੜ੍ਹੇ ਬਕਾਏ ਦਾ ਫੌਰੀ ਭੁਗਤਾਨ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਪੱਧਰ ਤੇ ਘੱਟੋ ਘੱਟ ਬਾਸਮਤੀ, ਮੂੰਗੀ, ਮੱਕੀ, ਆਲੂ, ਮਟਰ ਅਤੇ ਗੋਭੀ ਦੀ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ਾ ਹਕੂਮਤਾਂ ਦੀਆਂ ਗਲਤ ਨੀਤੀਆਂ ਕਾਰਨ ਚੜਿਆ ਹੈ। ਇੱਕ ਪਾਸੇ ਲਾਂਗਤ ਵਸਤਾਂ ਦੀਆਂ ਅੰਨੇਵਾਹ ਵਧੀਆ ਕੀਮਤਾਂ ਦੂਸਰੇ ਪਾਸੇ ਲਾਭਕਾਰੀ ਭਾਅ ਨਾ ਮਿਲਣ ਕਾਰਨ ਹੀ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ ਉਨ੍ਹਾਂ ਨੇ ਕਾਰਪੋਰੇਟ ਘਰਾਣਿਆਂ ਦੀ ਤਰਜ਼ ਤੇ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦੀ ਮੰਗ ਕੀਤੀ। ਸਹਿਕਾਰੀ ਵਿੱਤੀ ਸੰਸਥਾਵਾਂ ਵਿੱਚ ਯੱਕਮੁਸ਼ਤ ਕਰਜ਼ਾ ਨਿਪਟਾਰਾ ਸਕੀਮ ਨੂੰ ਲਾਗੂ ਕਰਨ ਦੀ ਮੰਗ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਇਸ ਸਬੰਧੀ ਸਿਧਾਂਤਕ ਸਹਿਮਤੀ ਦਿੱਤੀ ਸੀ ਪਰ ਇਸ ਨੂੰ ਲਾਗੂ ਨਹੀ ਕੀਤਾ ਗਿਆ। ਅਮਰੀਕਾ ਸਮੇਤ ਸਾਮਰਾਜੀ ਦੇਸ਼ਾਂ ਨਾਲ ਕੀਤੇ ਲੋਕ ਵਿਰੋਧੀ ਵਪਾਰ ਸਮਝੌਤੇ ਰੱਦ ਕਰਨ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਸਰਕਾਰ ਅਮਰੀਕਾ ਨਾਲ ਵਪਾਰ ਸਮਝੌਤੇ ਦੀ ਗੱਲਬਾਤ ਦਾ ਸਾਰਾ ਰਿਕਾਰਡ ਜਨਤਕ ਕਰੇ। ਉਨ੍ਹਾਂ ਕੇਂਦਰ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਦੇਸ਼ ਦੇ ਕੌਮੀ ਅਤੇ ਖੇਤੀ ਹਿੱਤਾਂ ਵਿਰੋਧੀ ਕੋਈ ਸਮਝੌਤਾ ਪ੍ਰਵਾਨ ਨਹੀਂ ਕੀਤਾ ਜਾਵੇਗਾ ਅਤੇ ਇਸ ਵਿਰੁੱਧ ਦੇਸ਼ ਵਿਆਪੀ ਸੰਘਰਸ਼ ਭਖਾਇਆ ਜਾਵੇਗਾ। ਕਿਸਾਨ ਆਗੂਆਂ ਨੇ ਲੈਡ ਪੂਲਿੰਗ ਨੀਤੀ ਦੇ ਨਵੇਂ ਸਰੂਪ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣੇ ਉਪਜਾਊ ਜ਼ਮੀਨਾਂ ਨੂੰ ਹਥਿਆਉਣ ਲਈ 2013 ਦੇ ਜ਼ਮੀਨ ਅਧਿਗ੍ਰਹਿਣ ਕਾਨੂੰਨ ਨੂੰ ਬਾਈਪਾਸ ਕਰਨ ਲਈ ਸਰਕਾਰਾਂ ਤੇ ਦਬਾਅ ਬਣਾ ਰਹੇ ਹਨ। ਅੱਜ ਦੇ ਇਕੱਠ ਵਿੱਚ ਦੋ ਮਤੇ ਵੀ ਪੇਸ਼ ਕੀਤੇ ਗਏ ਪਹਿਲੇ ਮਤੇ ਵਿੱਚ ਮਜ਼ਦੂਰ ਆਗੂ ਗੁਰਨਾਮ ਸਿੰਘ ਦਾਊਦ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਜਾਣ ਤੇ ਸ਼ੋਕ ਮਤਾ ਪਾਸ ਕੀਤਾ ਗਿਆ।ਦੂਸਰੇ ਮਤੇ ਵਿੱਚ ਮੁਲਾਜ਼ਮ ਲਹਿਰ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਦੀ ਬਜਾਏ ਆਗੂਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਬਦਲਾਲਊ ਕਾਰਵਾਈ ਦੀ ਜ਼ੋਰਦਾਰ ਨਿੰਦਾ ਕਰਦਿਆਂ ਮੁਲਾਜ਼ਮ ਸੰਘਰਸ਼ ਦਾ ਸਮਰਥਨ ਕੀਤਾ ਗਿਆ। ਬੁਲਾਰਿਆਂ ਵਿੱਚ ਹਰਿੰਦਰ ਸਿੰਘ ਲੱਖੋਵਾਲ,ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਗੁਰਮੀਤ ਭੱਟੀਵਾਲ, ਕੁਲਵੰਤ ਸਿੰਘ ਕਿਸ਼ਨਗੜ੍ਹ , ਪ੍ਰੇਮ ਸਿੰਘ ਭੰਗੂ,ਕਮਲਪ੍ਰੀਤ ਸਿੰਘ ਪੰਨੂ, ਗੁਰਜੰਟ ਸਿੰਘ ਮਾਨਸਾ, ਵੀਰ ਸਿੰਘ ਬੜਵਾ, ਬੂਟਾ ਸਿੰਘ ਸ਼ਾਦੀਪੁਰ,ਲੱਖਨਪਾਲ ਸ਼ਰਮਾ, ਬਲਵਿੰਦਰ ਸਿੰਘ ਮੱਲੀ ਨੰਗਲ, ਜੰਗਵੀਰ ਸਿੰਘ ਚੌਹਾਨ, ਜਗਸੀਰ ਸਿੰਘ ਸਾਧੂਵਾਲਾ,ਮੇਹਰ ਸਿੰਘ ਥੇੜੀ, ਹਰਿੰਦਰ ਸਿੰਘ ਚਨਾਰਥਲ ਕਲਾਂ,ਹਰਭਜਨ ਸਿੰਘ ਬੁੱਟਰ,ਕੁਲਵੰਤ ਸਿੰਘ ਕਿਸ਼ਨਗੜ੍ਹ ਸੁਖਦੇਵ ਸਿੰਘ ਅਰਾਈਆਂਵਾਲਾ ਅਤੇ ਮੋਹਣ ਸਿੰਘ ਧਮਾਣਾ ਆਦਿ ਸ਼ਾਮਲ ਸਨ।ਇਸ ਮੌਕੇ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਬੁਰਜਗਿੱਲ, ਹਰਜਿੰਦਰ ਸਿੰਘ ਟਾਂਡਾ , ਮਨਜੀਤ ਸਿੰਘ ਧਨੇਰ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ। ਸਟੇਜ ਦਾ ਸੰਚਾਲਨ ਇੰਦਰਪਾਲ ਸਿੰਘ, ਪ੍ਰਿਤਪਾਲ ਸਿੰਘ, ਗੁਰਮੀਤ ਸਿੰਘ ਮਹਿਮਾ, ਸੁਖਵਿੰਦਰ ਦਰਾਵਾਂ ਅਤੇ ਚਮਕੌਰ ਸਿੰਘ ਨੇ ਕੀਤਾ *ਜਾਰੀ ਕਰਤਾ* ਪ੍ਰੈਸ ਕਮੇਟੀ ਹਰਿੰਦਰ ਸਿੰਘ ਲੱਖੋਵਾਲ, ਜਗਮੋਹਨ ਸਿੰਘ ਪਟਿਆਲਾ ਹਰਮੀਤ ਸਿੰਘ ਕਾਦੀਆਂ ਰਾਮਿੰਦਰ ਸਿੰਘ ਪਟਿਆਲਾ ਗੁਰਮੀਤ ਸਿੰਘ ਮਹਿਮਾ