AI ਦੀ ਰਫ਼ਤਾਰ 'ਤੇ ਬ੍ਰੇਕ ਲਗਾਉਣ ਦਾ ਮਾਮਲਾ ਅਦਾਲਤ ਪੁੱਜਿਆ; Anthropic, OpenAI, Google ਅਤੇ SpaceXAI ਖ਼ਿਲਾਫ਼ ਕੇਸ ਦਰਜ
Babushahi Network
ਵਾਸ਼ਿੰਗਟਨ / ਕੈਲੀਫੋਰਨੀਆ, 20 ਸਤੰਬਰ 2026- ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਤੇਜ਼ੀ ਨਾਲ ਵਧ ਰਹੀ ਰਫ਼ਤਾਰ 'ਤੇ ਬ੍ਰੇਕ ਲਗਾਉਣ ਅਤੇ ਇਸ ਦੇ ਵਿਕਾਸ ਨੂੰ ਹੌਲੀ ਕਰਨ ਦਾ ਮਾਮਲਾ ਹੁਣ ਅਦਾਲਤ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਹੈ। ਟੈਕਨਾਲੋਜੀ ਦੀ ਦੁਨੀਆ ਦੀਆਂ ਚਾਰ ਸਭ ਤੋਂ ਵੱਡੀਆਂ ਕੰਪਨੀਆਂ Anthropic, OpenAI, Google ਅਤੇ SpaceXAI ਖ਼ਿਲਾਫ਼ ਅਮਰੀਕਾ ਵਿੱਚ ਇੱਕ ਗੰਭੀਰ ਮੁਕੱਦਮਾ ਦਰਜ ਕੀਤਾ ਗਿਆ ਹੈ। ਦਰਜ ਕੀਤੇ ਗਏ ਇਸ ਕੇਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹਨਾਂ ਚਾਰਾਂ ਪ੍ਰਮੁੱਖ AI ਕੰਪਨੀਆਂ ਨੇ ਆਪਸੀ ਸਹਿਮਤੀ ਨਾਲ ਇੱਕ ਗੈਰ-ਕਾਨੂੰਨੀ ਸਮਝੌਤਾ ਕੀਤਾ, ਜਿਸ ਦਾ ਮੁੱਖ ਮਕਸਦ ਆਪਣੇ-ਆਪਣੇ AI ਡਿਵੈਲਪਮੈਂਟ (ਵਿਕਾਸ) ਦੀ ਰਫ਼ਤਾਰ ਨੂੰ ਮਿਥ ਕੇ ਹੌਲੀ ਕਰਨਾ ਸੀ।
ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦੇ ਨਾਰਦਰਨ ਡਿਸਟ੍ਰਿਕਟ ਦੀ ਅਮਰੀਕੀ ਡਿਸਟ੍ਰਿਕਟ ਕੋਰਟ ਵਿੱਚ ਦਾਇਰ ਕੀਤੇ ਗਏ ਇਸ ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹਨਾਂ ਦਿੱਗਜ AI ਕੰਪਨੀਆਂ ਦੀ ਆਪਸੀ ਗੰਢਤੁੱਪ ਦੇਸ਼ ਦੇ ਐਂਟੀ-ਟ੍ਰਸਟ (ਅਲੋਪੋਲੀ/ਇਜਾਰੇਦਾਰੀ ਵਿਰੋਧੀ) ਕਾਨੂੰਨਾਂ ਦਾ ਸਿੱਧਾ ਉਲੰਘਣ ਕਰਦੀ ਹੈ। ਬਾਜ਼ਾਰ ਵਿੱਚ ਨਿਯਮਾਂ ਦੇ ਖ਼ਿਲਾਫ਼ ਜਾ ਕੇ ਕੀਤਾ ਗਿਆ ਇਹ ਸਮਝੌਤਾ ਖਪਤਕਾਰਾਂ ਅਤੇ ਹੋਰ ਉਦਯੋਗਾਂ 'ਤੇ ਅਸਰ ਪਾ ਸਕਦਾ ਹੈ।
ਅਦਾਲਤ 'ਚ ਦਾਇਰ ਮੁਕੱਦਮੇ ਅਨੁਸਾਰ, ਇਹ ਸਾਰਾ ਤਾਲਮੇਲ 12 ਸਤੰਬਰ ਨੂੰ ਉਸ ਵੇਲੇ ਸ਼ੁਰੂ ਹੋਇਆ ਜਦੋਂ Anthropic ਦੇ ਸੀ.ਈ.ਓ. (CEO) ਡਾਰੀਓ ਅਮੋਦੇਈ (Dario Amodei) ਨੇ ਇੱਕ ਲੇਖ ਪ੍ਰਕਾਸ਼ਿਤ ਕੀਤਾ। ਆਪਣੇ ਇਸ ਲੇਖ ਵਿੱਚ ਅਮੋਦੇਈ ਨੇ AI ਟੈਕਨਾਲੋਜੀ ਦੇ ਬਹਿਤਰ ਸੁਰੱਖਿਆ ਉਪਾਵਾਂ ਅਤੇ ਨਿਯਮਾਂ ਨੂੰ ਲਾਗੂ ਕਰਨ ਲਈ AI ਦੇ ਵਿਕਾਸ ਦੀ ਰਫ਼ਤਾਰ ਨੂੰ ਹੌਲੀ ਕਰਨ ਦਾ ਸੁਝਾਅ ਦਿੱਤਾ ਸੀ ਅਤੇ ਹੋਰਨਾਂ ਕੰਪਨੀਆਂ ਤੋਂ ਇਸ ਮਾਮਲੇ ਵਿੱਚ ਸਮਰਥਨ ਮੰਗਿਆ ਸੀ। ਲੇਖ ਦੇ ਛਪਣ ਵਾਲੇ ਦਿਨ ਹੀ OpenAI ਦੇ ਸੀ.ਈ.ਓ. ਸੈਮ ਆਲਟਮੈਨ (Sam Altman), SpaceXAI ਦੇ ਮਾਲਕ ਐਲਨ ਮਸਕ (Elon Musk) ਅਤੇ Google DeepMind ਦੇ ਮੁਖੀ ਡੇਮਿਸ ਹਸਾਬਿਸ (Demis Hassabis) ਨੇ ਖੁੱਲ੍ਹੇਆਮ ਅਮੋਦੇਈ ਦੇ ਸੁਝਾਵਾਂ ਅਤੇ ਪ੍ਰਸਤਾਵਾਂ 'ਤੇ ਆਪਣੀ ਸਹਿਮਤੀ ਜਤਾਈ ਸੀ।
ਆਪਣੇ ਸ਼ੁਰੂਆਤੀ ਲੇਖ ਵਿੱਚ, AI ਦੇ ਕੰਮ ਦੀ ਰਫ਼ਤਾਰ ਹੌਲੀ ਕਰਨ ਦਾ ਸੁਝਾਅ ਦਿੰਦੇ ਹੋਏ ਡਾਰੀਓ ਅਮੋਦੇਈ ਨੇ ਖ਼ੁਦ ਮੰਨਿਆ ਸੀ ਕਿ ਇਸ ਕਦਮ ਨਾਲ ਐਂਟੀ-ਟ੍ਰਸਟ ਕਾਨੂੰਨਾਂ ਸੰਬੰਧੀ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਉਹਨਾਂ ਨੇ ਲਿਖਿਆ ਸੀ ਕਿ ਅਮਰੀਕੀ ਸਰਕਾਰ ਲਈ ਇਹ ਬਹੁਤ ਮਦਦਗਾਰ ਹੋਵੇਗਾ ਜੇਕਰ ਉਹ ਇਹਨਾਂ ਵੱਖ-ਵੱਖ AI ਲੈਬਾਂ ਅਤੇ ਕੰਪਨੀਆਂ ਵਿਚਕਾਰ ਹੋਣ ਵਾਲੀ ਗੱਲਬਾਤ ਵਿੱਚ ਵਿਚੋਲਗੀ ਕਰੇ ਜਾਂ ਘੱਟੋ-ਘੱਟ ਇਸ ਤਰ੍ਹਾਂ ਦੀ ਆਪਸੀ ਗੱਲਬਾਤ ਨੂੰ ਸੰਭਵ ਬਣਾਵੇ। ਅਮੋਦੇਈ ਨੇ ਲਿਖਿਆ, "ਸਰਕਾਰ ਨੂੰ ਇਸ ਪ੍ਰਕਿਰਿਆ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦੀ ਲੋੜ ਨਹੀਂ ਹੈ, ਪਰ ਸੁਰੱਖਿਆ ਨਾਲ ਜੁੜੀਆਂ ਖ਼ਾਸ ਤਰ੍ਹਾਂ ਦੀਆਂ ਚਰਚਾਵਾਂ ਲਈ ਕੰਪਨੀਆਂ ਨੂੰ ਇੱਕ ਸੀਮਤ ਛੋਟ (Exemption) ਦੇਣੀ ਚਾਹੀਦੀ ਹੈ।"
ਅਮੋਦੇਈ ਦੇ ਇਸ ਲੇਖ ਅਤੇ ਪ੍ਰਸਤਾਵ ਦੇ ਜਵਾਬ ਵਿੱਚ, OpenAI ਦੇ ਸੈਮ ਆਲਟਮੈਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਆਲਟਮੈਨ ਨੇ ਕਿਹਾ ਕਿ OpenAI ਇੱਕ ਅਜਿਹੇ ਫੈਡਰਲ ਫਰੇਮਵਰਕ (ਕੇਂਦਰੀ ਨਿਯਮਾਵਲੀ) ਦੇ ਵਿਚਾਰ ਦਾ ਸੁਆਗਤ ਕਰਦਾ ਹੈ ਜੋ ਸੁਰੱਖਿਆ ਲਈ ਸਭ ਵਾਸਤੇ ਇੱਕੋ ਜਿਹੇ ਨਿਯਮ ਤੈਅ ਕਰੇ। ਪਰ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਸਪੱਸ਼ਟ ਕੀਤਾ, "ਸਾਨੂੰ ਨਹੀਂ ਲੱਗਦਾ ਕਿ ਸੁਰੱਖਿਆ ਦਾ ਭਰੋਸਾ ਦਿਵਾਉਣ ਦਾ ਕੰਮ ਸ਼ੁਰੂ ਕਰਨ ਲਈ ਸਾਨੂੰ ਕਿਸੇ ਐਂਟੀ-ਟ੍ਰਸਟ ਛੋਟ ਜਾਂ ਕਿਸੇ ਨਵੇਂ ਕਾਨੂੰਨ ਦੇ ਬਣਨ ਦਾ ਇੰਤਜ਼ਾਰ ਕਰਨ ਦੀ ਲੋੜ ਹੈ।" ਇਸ ਮੁਕੱਦਮੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਪੂਰੀ ਦੁਨੀਆ 'ਚ AI ਦੇ ਭਵਿੱਖ, ਇਸ ਦੀ ਸੁਰੱਖਿਆ ਅਤੇ ਟੈਕਨਾਲੋਜੀ ਦਿੱਗਜਾਂ ਦੀ ਮਨਮਾਨੀ 'ਤੇ ਨਵੇਂ ਸਿਰੇ ਤੋਂ ਬਹਿਸ ਛਿੜ ਗਈ ਹੈ।
- Download Babushahi App
-
-