ਲਾਲੜੂ 'ਚ ਜਾਮ ਦੀ ਸਥਿਤੀ ਗੰਭੀਰ ਬਣਨ ਲੱਗੀ
ਤੰਗ ਲਾਂਘਾਂ, ਛੋਟੀ ਸਰਵਿਸ ਰੋਡ ਤੇ ਆਈਟੀਆਈ ਚੌਕ ਦੀ ਟ੍ਰੈਫਿਕ ਸੰਕਟ ਬਣੀ
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਸਤੰਬਰ 2026: ਅੰਬਾਲਾ -ਚੰਡੀਗੜ੍ਹ ਕੌਮੀ ਮਾਰਗ ਉਤੇ ਬਣੇ ਪੁੱਲ ਦੇ ਹੇਠਾਂ ਬਣਾਏ ਗਏ ਤੰਗ ਲਾਂਘੇ , ਸਮੇਂ ਦੇ ਹਿਸਾਬ ਨਾਲ ਛੋਟੀ ਹੋਈ ਸਰਵਿਸ ਰੋਡ ਤੇ ਆਈਟੀਆਈ ਚੌਕ ਉਤੇ ਵਧੀ ਟ੍ਰੈਫਿਕ ਲਾਲੜੂ ਤੇ ਨੇੜਲੇ ਇਲਾਕਾ ਵਾਸੀਆਂ ਲਈ ਨਾਸੂਰ ਬਣ ਗਈ ਹੈ। ਇਸ ਉਭਰਦੇ ਸ਼ਹਿਰ ਵਿਚ ਸਾਰਾ ਦਿਨ ਇਸ ਕਦਰ ਜਾਮ ਲੱਗਿਆ ਰਹਿੰਦਾ ਹੈ ਕਿ ਕਈ ਵਾਰ ਲੋਕਾਂ ਦਾ ਸ਼ਹਿਰ ਵਿਚਲਾ ਅੱਧਾ ਕੁ ਕਿਲੋਮੀਟਰ ਦਾ ਰਾਸਤਾ ਪਾਰ ਕਰਨ ਵਿਚ ਹੀ ਅੱਧਾ ਘੰਟਾ ਲੱਗ ਜਾਂਦਾ ਹੈ ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਇਸ ਕੌਮੀ ਮਾਰਗ ਨੂੰ ਚਹੁੰ ਮਾਰਗੀ ਕਰਨ ਵੇਲੇ ਲਾਲੜੂ ਪਿੰਡ ਤੇ ਲਾਲੜੂ ਮੰਡੀ ਨੂੰ ਰਾਹ ਦੇਣ ਲਈ ਪੁੱਲ ਹੇਠਾਂ ਕਰੀਬ ਤੀਹ ਕੁ ਫੁੱਟ ਚੌੜਾ ਸਿੰਗਲ ਲਾਘਾਂ ਦਿੱਤਾ ਗਿਆ ਸੀ ਜੋ ਕਿ ਸਮੇਂ ਦੇ ਹਿਸਾਬ ਨਾਲ ਛੋਟੀ ਪੁੱਲੀ ਜਾਂ ਕਹਿ ਲਵੋ ਕਿ ਖਿੜਕੀ ਬਣ ਕੇ ਰਹਿ ਗਿਆ ਹੈ । ਤਤਕਾਲੀਨ ਅਧਿਕਾਰੀਆਂ ਤੇ ਸਥਾਨਕ ਆਗੂਆਂ ਦੀ ਦੂਰਦਰਸ਼ਤਾ ਦੀ ਘਾਟ ਕਰਨ ਹੁਣ ਲੋਕ ਇਸ ਪੁੱਲ ਹੇਠਿਓਂ ਲੰਘਣ ਵੇਲੇ ਬੇਹੱਦ ਖੱਜਲ -ਖੁਆਰ ਹੁੰਦੇ ਹਨ । ਸਵੇਰੇ - ਦੁਪਹਿਰ ਤੇ ਸ਼ਾਮ ਵੇਲੇ ਤਾਂ ਸਕੂਲੀ ਬੱਚੇ,ਆਮ ਮੁਸਾਫ਼ਿਰ ਤੇ ਦਫ਼ਤਰੀ ਮੁਲਾਜ਼ਮ ਬੇਹੱਦ ਪ੍ਰੇਸ਼ਾਨ ਹੁੰਦੇ ਹਨ । ਇਸ ਦੇ ਨਾਲ ਹੀ ਸ਼ਹਿਰ ਵਿਚ ਕੌਮੀ ਮਾਰਗ ਨੂੰ ਲੱਗਦੀ ਸਰਵਿਸ ਰੋਡ ਨਾ ਸਿਰਫ ਛੋਟੀ ਪੈਣ ਲੱਗੀ ਹੈ ,ਸਗੋਂ ਕਈ ਥਾਈਂ ਉਸ ਨੂੰ ਨਿੱਜੀ ਵਾਹਨ ਪੂਰਾ -ਪੂਰਾ ਦਿਨ ਮੱਲ ਕੇ ਰੱਖਦੇ ਹਨ ਜੋ ਕਿ ਸਰਵਿਸ ਰੋਡ ਘੱਟ ਤੇ ਪਾਰਕਿੰਗ ਵੱਧ ਲੱਗਦੀ ਹੈ ,ਜਿਸ ਦੇ ਚੱਲਦਿਆਂ ਵਾਹਨ ਕੀੜੀ ਦੀ ਰਫ਼ਤਾਰ ਤੁਰਨ ਤੇ ਇੱਕ ਦੂਜੇ ਨਾਲ ਖਹਿ ਕੇ ਲੰਘਣ ਲਈ ਮਜਬੂਰ ਹੋ ਜਾਂਦੇ ਹਨ । ਇਸੇ ਤਰ੍ਹਾਂ ਆਈਟੀਆਈ ਚੌਕ ਉਤੇ ਕੋਈ ਪੁੱਲ ਵਗੈਰਾ ਨਾ ਹੋਣ ਦਾ ਖਾਮਿਆਜ਼ਾ ਵੀ ਸਥਾਨਕ ਲੋਕ ਭੁਗਤ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚੌਕ ਪੁੱਲ ਵਾਲੇ ਲਾਂਘੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੈ ਤੇ ਇਸ ਰਾਸਤੇ ਦਰਮਿਆਨ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ(ਐਨ ਐਚ ਏ ਆਈ) ਵੱਲੋਂ ਕੋਈ ਹੋਰ ਕੱਟ ਨਾ ਦੇਣ ਕਾਰਨ ਇਸ ਸਰਵਿਸ ਰੋਡ ਉਤੇ ਸਾਰਾ ਦਿਨ ਜਾਮ ਲੱਗਿਆ ਰਹਿੰਦਾ ਹੈ,ਜਿਸ ਨੂੰ ਦੇਖਦਿਆਂ ਇੱਥੇ ਇੱਕ ਕੱਟ ਤੇ ਇੱਕ ਹੋਰ ਲਾਂਘੇ ਦੀ ਬਹੁਤ ਲੋੜ ਹੈ । ਇਸੇ ਪ੍ਰਕਾਰ ਇੱਕ ਅਹਿਮ ਕੱਟ ਸੈਣੀ ਮਾਰਕਿਟ ਵਿੱਚ ਸਰਕਾਰੀ ਸਕੂਲ ਤੇ ਨਵੇਂ ਬਣੇ ਬੱਸ ਅੱਡੇ ਕੋਲ ਦਿੱਤਾ ਜਾ ਸਕਦਾ ਹੈ । ਇਸ ਨਾਲ ਪੁੱਲ ਵਾਲੇ ਲਾਂਘੇ ਤੇ ਆਈਟੀਆਈ ਚੌਕ ਉਪਰ ਟ੍ਰੈਫਿਕ ਦਾ ਬੋਝ ਘੱਟ ਕੇ ਜਾਮ ਦੀ ਸਥਿਤੀ ਕੁੱਝ ਨਾ ਕੁੱਝ ਜ਼ਰੂਰ ਸੁਧਰ ਸਕਦੀ ਹੈ । ਆਮ ਸ਼ਹਿਰੀਆਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਉਕਤ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਇੱਥੇ ਕਿਸੇ ਦਿਨ ਜਾਮ ਕਾਰਨ ਕਿਸੇ ਮਰੀਜ਼ ਦੇ ਸੰਭਾਵੀ ਨੁਕਸਾਨ ਤੇ ਆਪਸੀ ਝਗੜੇ ਆਦਿ ਤੋਂ ਵੱਡਾ ਬਚਾਅ ਹੋ ਸਕਦਾ ਹੈ , ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇੱਥੇ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ ।
ਇਸ ਸਬੰਧੀ ਸੰਪਰਕ ਕਰਨ ਉਤੇ ਐਨਐਚਏਆਈ ਅਧਿਕਾਰੀ ਇਕਬਾਲ ਸਿੰਘ ਨੇ ਕਿਹਾ ਕਿ ਲਾਲੜੂ ਮੰਡੀ ਵਿਚਲੇ ਪੁੱਲ ਵਾਲਾ ਲਾਂਘਾਂ ਤਾਂ ਚੌੜਾ ਜਾਂ ਡਬਲ ਕਰਨਾ ਮੁਸ਼ਕਲ ਹੈ,ਕਿਉਂਕਿ ਪੁੱਲ ਡਿਜ਼ਾਈਨ ਨਾਲ ਬਣੇ ਹੁੰਦੇ ਹਨ ਤੇ ਪੁੱਲ ਨਾਲ ਛੇੜਛਾੜ ਪੁੱਲ ਨੂੰ ਕਮਜ਼ੋਰ ਕਰ ਸਕਦੀ ਹੈ । ਉਨ੍ਹਾਂ ਕਿਹਾ ਕਿ ਆਈਟੀਆਈ ਚੌਕ ਕੋਲ ਵੀ ਪੁੱਲ ਬਣਾਉਣ ਵਿੱਚ ਜਗ੍ਹਾ ਸਮੇਤ ਹੋਰ ਤਕਨੀਕੀ ਦਿੱਕਤਾਂ ਹਨ ਜਦਕਿ ਜੇਕਰ ਇਲਾਕਾ ਵਾਸੀ ਸਰਵਿਸ ਰੋਡ ਦੀ ਚੌੜਾਈ ਵਧਵਾਉਣਾ ਚਾਹੁੰਦੇ ਹਨ ਤਾਂ ਇਸ ਬਾਬਤ ਉੱਚ ਅਧਿਕਾਰੀਆਂ ਨੂੰ ਜਾਣੂੰ ਜ਼ਰੂਰ ਕਰਵਾਇਆ ਜਾ ਸਕਦਾ ਹੈ । ਦੂਜੇ ਪਾਸੇ ਜਦੋਂ ਇਸ ਸਬੰਧੀ ਐਸਡੀਐਮ ਡੇਰਾਬੱਸੀ ਅਮਿਤ ਕੁਮਾਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਲਾਲੜੂ ਵਾਸੀਆਂ ਦੀ ਇਸ ਸਮੱਸਿਆ ਬਾਬਤ ਐਨ ਐਚ ਏ ਆਈ ਦੇ ਫੀਲਡ ਨਾਲ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਇਸ ਮਸਲੇ ਦਾ ਕੋਈ ਨਾ ਕੋਈ ਠੋਸ ਹੱਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰਵਾਉਣਗੇ ।
- Download Babushahi App
-
-