ਨਵਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਪ੍ਰਧਾਨ ਕੁਲਵੰਤ ਸਿੰਗਲਾ
ਦੀਦਾਰ ਗੁਰਨਾ
ਮਾਨਸਾ, 28 ਜੁਲਾਈ 2026 : ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪਾਰਟੀ ਨੇ ਆਪਣੇ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ , ਇਸੇ ਕੜੀ ਤਹਿਤ ਕਾਂਗਰਸ ਹਾਈਕਮਾਨ ਵੱਲੋਂ ਨਿਯੁਕਤ ਕੀਤੇ ਗਏ ਨਵੇਂ ਬਲਾਕ ਪ੍ਰਧਾਨਾਂ ਨੂੰ ਅੱਜ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਅਗਵਾਈ ਹੇਠ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਿਯੁਕਤੀ ਪੱਤਰ ਸੌਂਪੇ ਗਏ , ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਨਵਨਿਯੁਕਤ ਅਹੁਦੇਦਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈ ਦਿੱਤੀ ,
ਸਮਾਗਮ ਦੌਰਾਨ ਸੁਖਦਰਸ਼ਨ ਸਿੰਘ ਖਾਰਾ ਨੂੰ ਬਲਾਕ ਕਾਂਗਰਸ ਪ੍ਰਧਾਨ ਮਾਨਸਾ ਦਿਹਾਤੀ, ਚੰਦਰ ਸ਼ੇਖਰ ਨੰਦੀ ਨੂੰ ਬਲਾਕ ਕਾਂਗਰਸ ਪ੍ਰਧਾਨ ਮਾਨਸਾ ਸ਼ਹਿਰੀ ਅਤੇ ਕੁਲਦੀਪ ਸਿੰਘ ਅਲੀਸ਼ੇਰ ਨੂੰ ਬਲਾਕ ਕਾਂਗਰਸ ਪ੍ਰਧਾਨ ਭੀਖੀ ਦੇ ਨਿਯੁਕਤੀ ਪੱਤਰ ਭੇਟ ਕੀਤੇ ਗਏ। ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਤਿੰਨਾਂ ਆਗੂਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਨਾਲ-ਨਾਲ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕ ਹਿੱਤਾਂ ਦੀ ਰਾਜਨੀਤੀ ਕੀਤੀ ਹੈ ਅਤੇ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੇ ਪੂਰੀ ਤਾਕਤ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ
ਉਨ੍ਹਾਂ ਕਿਹਾ ਕਿ ਬੂਥ ਪੱਧਰ ਤੱਕ ਮਜ਼ਬੂਤ ਸੰਗਠਨ ਹੀ ਚੋਣ ਜਿੱਤ ਦਾ ਸਭ ਤੋਂ ਵੱਡਾ ਆਧਾਰ ਹੁੰਦਾ ਹੈ ਅਤੇ ਇਸੇ ਮਕਸਦ ਨਾਲ ਨਵੇਂ ਬਲਾਕ ਪ੍ਰਧਾਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸਿੰਗਲਾ ਨੇ ਆਪਣੇ ਸੰਬੋਧਨ ਦੌਰਾਨ ਸੂਬੇ ਦੀ ਸਿਆਸਤ ਨੂੰ ਲੈ ਕੇ ਵਿਰੋਧੀ ਪਾਰਟੀਆਂ ’ਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਆਧਾਰ ਲਗਭਗ ਖਤਮ ਹੋ ਚੁੱਕਾ ਹੈ, ਜਦਕਿ ਆਮ ਆਦਮੀ ਪਾਰਟੀ ਤੋਂ ਵੀ ਲੋਕਾਂ ਦਾ ਭਰੋਸਾ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ, ਜਿਸ ਕਾਰਨ ਹਰ ਵਰਗ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਦਾ ਮਨ ਬਣਾ ਚੁੱਕੇ ਹਨ ਅਤੇ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਲੋਕ ਇਸ ਵਾਰ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੂਬੇ ਦੀ ਸੱਤਾ ਸੌਂਪਣਗੇ, ਤਾਂ ਜੋ ਪੰਜਾਬ ਨੂੰ ਮੁੜ ਵਿਕਾਸ ਅਤੇ ਤਰੱਕੀ ਦੀ ਰਾਹ ’ਤੇ ਲਿਆਂਦਾ ਜਾ ਸਕੇ
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਵਿੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਰਕਰਾਂ ਦੇ ਸਨਮਾਨ ਅਤੇ ਸੰਗਠਨ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰ ਰਹੀ ਹੈ। ਨਵੇਂ ਬਲਾਕ ਪ੍ਰਧਾਨ ਆਪਣੀ-ਆਪਣੀ ਇਕਾਈ ਵਿੱਚ ਪਾਰਟੀ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ, ਨਵੇਂ ਵਰਕਰਾਂ ਨੂੰ ਜੋੜਨ ਅਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਚਮਕੌਰ ਸਿੰਘ ਮੂਸਾ, ਅਰਸ਼ਦੀਪ ਸਿੰਘ ਗਾਗੋਵਾਲ, ਸੁਰੇਸ਼ ਨੰਦਗੜੀਆ, ਐਡਵੋਕੇਟ ਬਲਕਰਨ ਸਿੰਘ ਬੱਲੀ, ਮਨਦੀਪ ਸਿੰਘ ਗੋਰਾ, ਸਿਮਰਨਜੀਤ ਮਾਨਸ਼ਾਹੀਆ, ਅੰਮ੍ਰਿਤਪਾਲ ਸਿੰਘ ਕੂਕਾ, ਸਾਬਕਾ ਅਯੂਸੀ ਸ਼ਰਮਾ, ਧੰਨਜੀਤ ਭੀਖੀ, ਗੁਰਸ਼ਰਨ ਮਾਖਾ, ਡਾਕਟਰ ਜਸਵੀਰ ਸਿੰਘ ਖੀਵਾ, ਮਨਜੀਤ ਕੌਰ, ਬਲਵਿੰਦਰ ਨਾਰੰਗ, ਹਰਵਿੰਦਰ ਭਾਰਦਵਾਜ,ਮਨਜੀਤ ਰਾਣਾ, ਬੂਟਾ ਕੱਲੋ, ਬੱਗੜ ਸਮਾਉਂ, ਪਰੀਤ ਮੌਜੋ, ਜਗਤਾਰ ਸਿੰਘ ਮੱਤੀ, ਰਾਕੇਸ਼ ਮਾਨਸਾ, ਵਿਜੇ ਨੰਦਗੜੀਆ, ਕਸ਼ਮੀਰ ਸਿੰਘ ,ਰੂਬੀ ਦਲੇਲ ਸਿੰਘ ਵਾਲਾ ਕਰਨੈਲ ਸਿੰਘ ਅਤਲਾ, ਗੁਰਜੰਟ ਕੋਟੜਾ, ਅਮਨ ਸਿੰਗਲਾ, ਗੁਰਮੇਲ ਸਿੰਘ ਖੋਖਰ ਹਰਬੰਸ ਸਿੰਘ ਗਾਗੋਵਾਲ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ