Strike Special- ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ ਬਣਿਆ ਕਾਂਗਰਸ ਦਾ ਸਿਆਸੀ ਲਾਹੇ ਲਈ ਲਿਆ ਫੈਸਲਾ
ਅਸ਼ੋਕ ਵਰਮਾ
ਬਠਿੰਡਾ , 29 ਜੁਲਾਈ 2026 : ਪੰਜਾਬੀ ਕਹਾਵਤ ‘ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ ਬਠਿੰਡਾ ਵਾਸੀਆਂ ’ਤੇ ਪੂਰੀ ਤਰਾਂ ਫਿੱਟ ਬੈਠਦੀ ਹੈ ਜੋ ਨਗਰ ਨਗਮ ’ਚ ਕਾਂਗਰਸ ਦੇ ਹਾਊਸ ਦੌਰਾਨ ਕਰੀਬ ਪੌਣੇ ਦੋ ਸਾਲ ਪਹਿਲਾਂ ਸਿਆਸੀ ਲਾਹੇ ਲਈ ਲਏ ਇੱਕ ਗਲ੍ਹਤ ਫੈਸਲੇ ਦੀ ਸਜ਼ਾ ਭੁਗਤ ਰਹੇ ਹਨ। ਮਾਮਲਾ ਸਫਾਈ ਕਰਮਚਾਰੀਆਂ ਦੀ ਭਰਤੀ ਨਾਲ ਜੁੜਿਆ ਹੋਇਆ ਹੈ ਜਿੰਨ੍ਹਾਂ ਨੇ ਲੰਘੀ 24 ਜੁਲਾਈ ਤੋਂ ਹੜਤਾਲ ਕੀਤੀ ਹੋਈ ਹੈ। ਹਾਲਾਤ ਇਹ ਹਨ ਕਿ 100 ਤੋਂ ਜਿਆਦਾ ਥਾਵਾਂ ’ਤੇ ਕੂੜਾ ਕਰਕਟ ਜਮ੍ਹਾ ਹੋਇਆ ਪਿਆ ਹੈ ਜਿਸ ਕਾਰਨ ਕੂੜੇਦਾਨ ਬਣੇ ਸ਼ਹਿਰ ’ਚ ਫੈਲੀ ਬਦਬੂ ਤੋਂ ਲੋਕ ਪ੍ਰੇਸ਼ਾਨ ਹਨ। ਕਮਿਸ਼ਨਰ ਸਮੇਤ ਸਮੂਹ ਅਧਿਕਾਰੀਆਂ ਨੇ ਸਮੱਸਿਆ ਸੁਲਝਾਉਣ ਲਈ ਯਤਨ ਕੀਤੇ ਪਰ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਮੇਅਰ ਪਦਮਜੀਤ ਮਹਿਤਾ ਨੇ ਵੀ ਗੱਲਬਾਤ ਦੇ ਦੌਰ ਚਲਾਏ ਪਰ ਸਫਾਈ ਸੇਵਕ ਟੱਸ ਤੋਂ ਮੱਸ ਨਹੀਂ ਹੋ ਰਹੇ ਹਨ।
ਸਫਾਈ ਸੇਵਕਾਂ ਨੇ ਇਸ ਵਿਵਾਦ ਲਈ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾਇਆ ਹੈ ਜਦੋਂਕਿ ਨਗਰ ਨਿਗਮ ਦੇ ਅਫਸਰ ਪਹਿਲਾਂ ਵਾਲੇ ਕਾਂਗਰਸੀ ਕਾਰਜਕਾਲ ਦੌਰਾਨ ਲਏ ਫੈਸਲਿਆਂ ਅੱਗੇ ਬੇਵੱਸ ਦਿਖਾਈ ਦੇ ਰਹੇ ਹਨ। ਇਹ ਹੜਤਾਲ ਕਦੋਂ ਖਤਮ ਹੋਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਗਲੀਆਂ ਮੁਹੱਲਿਆਂ ਅਤੇ ਸੜਕਾਂ ’ਤੇ ਫੈਲੀ ਬਦਬੂੂ ਤੋਂ ਕਦੋਂ ਨਿਜਾਤ ਮਿਲੇਗੀ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਕਿ ਸਫਾਈ ਸੇਵਕ ਹੜਤਾਲ ’ਤੇ ਗਏ ਹਨ । ਇਸ ਤੋਂ ਪਹਿਲਾਂ 2024 ’ਚ 37 ਦਿਨਾਂ ਦੀ ਲੰਬੀ ਹੜਤਾਲ ਹੋਈ ਸੀ। ਇਸੇ ਤਰਾਂ ਹੀ 2025 ’ਚ ਦੋ ਲੰਬੀਆਂ ਹੜਤਾਲਾਂ ਹੋਈਆਂ ਸਨ ਅਤੇ ਮਈ 2026 ਵਿੱਚ ਵੀ ਸਫਾਈ ਕਰਮੀਆਂ ਨੇ ਅੰਦੋਲਨ ਕੀਤਾ ਸੀ ਜਦੋਂਕਿ ਹੁਣ ਪਿਛਲੇ 6 ਦਿਨ ਤੋਂ ਸਫਾਈ ਸੇਵਕ ਹੜਤਾਲ ’ਤੇ ਚੱਲ ਰਹੇ ਹਨ । ਇਸ ਤਹਿਤ ਉਨ੍ਹਾਂ ਵੱਲੋਂ ਨਗਰ ਨਿਗਮ ਦੇ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ।
ਮਾਮਲੇ ਨੂੰ ਸਮਝਣ ਲਈ ਪਿਛੋਕੜ ’ਚ ਚੱਲਦੇ ਹਾਂ ਜਦੋਂ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਸਨ ਅਤੇ ਅਕਤੂਬਰ 2024 ’ਚ ਸਫਾਈ ਕਰਮਚਾਰੀਆਂ ਦੀ ਲੰਬੀ ਹੜਤਾਲ ਨਾਲ ਨਜਿੱਠਣ ਲਈ 250 ਕੱਚੇ ਸਫਾਈ ਸੇਵਕ ਭਰਤੀ ਕੀਤੇ ਸਨ ਜਿਸ ਦਾ ਮਕਸਦ ਸਿਆਸੀ ਤੌਰ ’ਤੇ ਲਾਹਾ ਅਤੇ ਕੂੜਾ ਚੁਕਵਾਉਣਾ ਸੀ। ਹੜਤਾਲ ਮਗਰੋਂ ਜਦੋਂ ਤਨਖਾਹ ਸਬੰਧੀ ਰੱਫੜ ਪਿਆ ਤਾਂ ਉਦੋਂ ਨਗਰ ਨਿਗਮ ਦੇ ਕਾਰਜਕਾਰੀ ਕਮਿਸ਼ਨਰ ਡੀਸੀ ਸ਼ੌਕਤ ਅਹਿਮਦ ਪਰ੍ਹੇ ਨੇ 100 ਸਫਾਈ ਸੇਵਕ ਨੌਕਰੀ ਤੋਂ ਹਟਾ ਦਿੱਤੇ ਜਦੋਂਕਿ 150 ਦੀਆਂ ਸੇਵਾਵਾਂ ਜਾਰੀ ਰਹੀਆਂ। ਵੱਡੀ ਗੱਲ ਇਹ ਸੀ ਕਿ ਭਰਤੀ ਸਬੰਧੀ ਨਾਂ ਸਰਕਾਰ ਤੋਂ ਅਤੇ ਨਾਂ ਡਾਇਰੈਕਟਰ ਸਥਾਨਕ ਸਰਕਾਰਾਂ ਤੋਂ ਪ੍ਰਵਾਨਗੀ ਲਈ । ਇਨ੍ਹਾਂ ਦੀ ਤਨਖਾਹ ਨੂੰ ਲੈਕੇ ਹਰ ਵਾਰੀ ਵਿਵਾਦ ਬਣਦਾ ਹੈ ਅਤੇ ਪਿਛਲੇ ਡੇਢ ਸਾਲ ਤੋਂ ਇਹੋ ਸੰਕਟ ਹੈ । ਜਦੋਂ ਫੰਡ ਆਉਂਦੇ ਹਨ ਤਾਂ ਤਨਖਾਹ ਦਿੱਤੀ ਜਾਂਦੀ ਹੈ ਅਤੇ ਹੁਣ 4 ਮਹੀਨੇ ਦੀ ਤਨਖਾਹ ਦਾ 65 ਲੱਖ ਬਕਾਇਆ ਖਲੋਤਾ ਹੈ।
ਦਰਅਸਲ ਨਗਰ ਨਿਗਮ ’ਚ ਭਰਤੀਆਂ ਸਬੰਧੀ ਲਗਾਤਾਰ ਪਏ ਰੱਫੜਾਂ ਨੇ ਸਮੱਸਿਆ ਪੈਦਾ ਕੀਤੀ ਹੈ। ਸਾਲ 2021 ’ਚ ਕਾਂਗਰਸ ਸਰਕਾਰ ਦੌਰਾਨ ਨਗਰ ਨਿਗਮ ਨੇ 322 ਸਫਾਈ ਸੇਵਕਾਂ ਦੀ ਭਰਤੀ ਦਾ ਫੈਸਲਾ ਕੀਤਾ ਸੀ ਜਿਸ ਨੂੰ ਲੈਕੇ ਜਰਨਲ ਹਾਊਸ ’ਚ ਦੋ ਵਾਰ ਮਤਾ ਲਿਆਂਦਾ ਗਿਆ ਸੀ। ਉਦੋਂ 322 ਨਿਯੁਕਤੀ ਪੱਤਰ ਵੀ ਤਿਆਰ ਹੋ ਗਏ ਸਨ ਪਰ ਅਚਾਨਕ ਨਗਰ ਨਿਗਮ ਨੇ ਇਸ ਭਰਤੀ ’ਚ ਸਫਾਈ ਕਾਮਿਆਂ ਦÇੀ ਗਿਣਤੀ 597 ਕਰ ਦਿੱਤੀ। ਇਸ ਤੋਂ ਬਾਅਦ ਨਾਂ 322 ਭਰਤੀ ਹੋਏ ਅਤੇ ਨਾਂ 597 ਸਫਾਈ ਕਰਮੀ। ਮੇਅਰ ਪਦਮਜੀਤ ਮਹਿਤਾ ਨੇ ਮਤਾ ਸੋਧਕੇ 597 ਸਫਾਈ ਸੇਵਕਾਂ ਦੀ ਭਰਤੀ ਦਾ ਏਜੰਡਾ ਲਿਆਂਦਾ ਸੀ ਜਿਸ ਨੂੰ ਹਾਊਸ ਦੀ ਪ੍ਰਵਾਨਗੀ ਵੀ ਮਿਲ ਗਈ ਸੀ। ਫਿਲਹਾਲ ਇਹ ਮਤਾ ਪੰਜਾਬ ਸਰਕਾਰ ਕੋਲ ਪਿਆ ਹੈ। ਨਗਰ ਨਿਗਮ ਕੋਲ ਇਸ ਭਰਤੀ ਲਈ 5500 ਅਰਜੀਆਂ ਆ ਚੁੱਕੀਆਂ ਹਨ। ਇਹ ਭਰਤੀ ਕਦੋਂ ਮੁਕੰਮਲ ਹੋਵੇਗੀ ਇਸ ਦੀ ਕਿਸੇ ਨੂੰ ਜਾਣਕਾਰੀ ਨਹੀਂ ਹੈ।
ਤਨਖਾਹ ਵਾਧੇ ਦਾ ਨਹੀਂ ਲਾਭ
ਪੰਜਾਬ ਸਰਕਾਰ ਨੇ ਹੜਤਾਲ ਦਾ ਨੋਟਿਸ ਲੈਂਦਿਆਂ ਸਫਾਈ ਸੇਵਕਾਂ ਦੀ ਤਨਖਾਹ ਦੁੱਗਣੀ 20 ਹਜ਼ਾਰ 500 ਕਰ ਦਿੱਤੀ ਹੈ ਪਰ ਬਠਿੰਡਾ ’ਚ ਕਈਆਂ ਨੂੰ ਇਹ ਲਾਭ ਨਹੀਂ ਮਿਲੇਗਾ। ਕਾਰਨ ਇਹ ਕਿ ਸਰਕਾਰ ਨੇ 2021 ’ਚ ਆਊਟਸੋਰਸ ਦੀ ਥਾਂ ਇਨਸੋਰਸ ਭਰਤੀ ਨੀਤੀ ਲਿਆਂਦੀ ਸੀ ਜੋ ਕਈ ਜਿਲਿ੍ਹਆਂ ’ਚ ਲਾਗੂ ਹੋਈ ਪਰ ਨਗਰ ਨਿਗਮ ਬਠਿੰਡਾ ’ਚ ਨਹੀਂ। ਆਊਟਸੋਰਸ ਹੋਣ ਕਰਕੇ ਇਹ ਕਰਮਚਾਰੀ ਤਨਖਾਹ ’ਚ ਵਾਧੇ ਤੋਂ ਵਾਂਝੇ ਰਹਿਣਗੇ। ਨਗਰ ਨਿਗਮ ’ਚ 600 ਪੱਕੇ ਮੁਲਾਜਮ ਹਨ ਜਦੋਂਕਿ ਕੱਚਿਆਂ ਦੀ ਗਿਣਤੀ 650 ਹੈ।
ਅਫਸਰਾਂ ਦੀ ਜਿੰਮੇਵਾਰੀ :ਅਸ਼ੋਕ
ਤੱਤਕਾਲੀ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਦਾ ਕਹਿਣਾ ਸੀ ਕਿ ਇਹ ਸਹੀ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ 250 ਸਫਾਈ ਕਰਮੀ ਰੱਖੇ ਗਏ ਸਨ । ਉਦੋਂ ਸਫਾਈ ਸੇਵਕਾਂ ਦੀ ਹੜਤਾਲ ਲੱਬੀ ਹੋ ਗਈ ਸੀ ਜਿਸ ਕਰਕੇ ਸ਼ਹਿਰ ਨੂੰ ਗੰਦਗੀ ਤੋਂ ਨਿਜਾਤ ਦਿਵਾਉਣ ਲਈ ਇਹ ਫੈਸਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਸਮੁੱਚੀ ਪ੍ਰਸ਼ਾਸ਼ਨਿਕ ਪ੍ਰਕਿਰਿਆ ਅਧਿਕਾਰੀਆਂ ਨੇ ਮੁਕੰਮਲ ਕਰਨੀ ਸੀ ਜੋ ਪੂਰੀ ਹੋਈ ਜਾਂ ਨਹੀਂ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ।
ਸੰਕਟ ਦਾ ਜਲਦੀ ਹੱਲ: ਮੇਅਰ
ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈਕੇ ਮੁਲਾਜਮਾਂ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਉਮੀਦ ਹੈ ਕਿ ਆਉਂਦੇ ਇੱਕ ਦੋ ’ਚ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਏਗਾ ਅਤੇ ਹੜਤਾਲ ਖਤਮ ਹੋ ਜਾਏਗੀ।
- Download Babushahi App
-
-