ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਨਾਲ ਮਿਲਣ ਲਈ ਤੁਰੰਤ ਪੈਰੋਲ ਦੇਵੇ ਸਰਕਾਰ- ਤਲਵੰਡੀ
ਭਾਈ ਹਵਾਰਾ ਦੇ ਘਰ ਪਹੁੰਚ ਕੇ ਯੂਥ ਆਗੂਆਂ ਨੇ ਮਾਤਾ ਜੀ ਤੋਂ ਲਿਆ ਅਸ਼ੀਰਵਾਦ
ਰੋਪੜ੍ਹ-: 29 ਜੁਲਾਈ 2026- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਯੂਥ ਵਿੰਗ ਦੇ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਅੱਜ ਪਿੰਡ ਹਵਾਰਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਭਾਈ ਹਵਾਰਾ ਦੀ ਮਾਤਾ ਜੀ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਵੱਲੋਂ ਸੰਗਤ ਰੂਪ ਵਿੱਚ ਕੁਝ ਸਮਾਂ ਮੂਲ ਮੰਤਰ ਦਾ ਪਾਠ ਵੀ ਕੀਤਾ ਗਿਆ। ਇਸ ਮੌਕੇ ਸ. ਗੁਰਜੀਤ ਸਿੰਘ ਤਲਵੰਡੀ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਲਈ ਭਾਵੁਕ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਈ ਹਵਾਰਾ ਦੀ ਮਾਤਾ ਜੀ ਦੀ ਉਮਰ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਆਪਣੇ ਪੁੱਤਰ ਨਾਲ ਮਿਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਕਾਨੂੰਨੀ ਹੀ ਨਹੀਂ, ਸਗੋਂ ਮਨੁੱਖੀ ਸੰਵੇਦਨਾਵਾਂ ਨਾਲ ਵੀ ਜੁੜਿਆ ਹੋਇਆ ਹੈ।
ਤਲਵੰਡੀ ਨੇ ਕਿਹਾ ਕਿ ਸੰਵਿਧਾਨ ਅਤੇ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਨੂੰ ਹਮੇਸ਼ਾਂ ਲਈ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ’ਤੇ ਮਨੁੱਖੀ ਹਮਦਰਦੀ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਸਕਾਰਾਤਮਕ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਵੀ ਅਪੀਲ ਕੀਤੀ ਕਿ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਭਾਈ ਹਵਾਰਾ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ। ਇਸ ਮੌਕੇ ਨਵਿੰਦਰਪ੍ਰੀਤ ਸਿੰਘ ਲੌਂਗੋਵਾਲ, ਮਾਸਟਰ ਚਰਨਜੀਤ ਸਿੰਘ ਖਾਲਸਪੁਰ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਸ ਗੁਰਸੇਵਕ ਸਿੰਘ ਮਾਣੇਆਣਾ, ਸ ਅਰਵਿੰਦਰ ਸਿੰਘ ਚਾਹਲ, ਸ ਚਰਨਜੀਤ ਸਿੰਘ ਮਾਵੀ, ਸ ਸਤਨਾਮ ਸਿੰਘ ਅਰੋੜੇਵਾਲਾ, ਸ੍ਰੀ ਅਮਿਤ ਕੁਮਾਰ ਸੇਠੀ, ਸ ਜਗਜੀਤ ਸਿੰਘ ਕੋਹਲੀ (ਦਫ਼ਤਰ ਇੰਚਾਰਜ), ਸ ਜਗਰੂਪ ਸਿੰਘ ਅਤੇ ਗੁਰਵਿੰਦਰ ਸਿੰਘ ਸੁਖਮਨ ਸਮੇਤ ਯੂਥ ਅਕਾਲੀ ਦਲ ਦੇ ਸਮੂਹ ਸੂਬਾ ਅਹੁਦੇਦਾਰ ਉਹਨਾਂ ਦੇ ਨਾਲ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤੀ ਗਈ।
- Download Babushahi App
-
-