Crime Special-NHAI ਦੇ ਬਰਖਾਸਤ ਚਪੜਾਸੀ ਵੱਲੋਂ ਕਰੋੜਾਂ ਦੀ ਮਹਾਂਠੱਗੀ – ਬਠਿੰਡਾ ਪੁਲਿਸ ਨੇ ਕਸਿਆ ਸ਼ਿਕੰਜਾ
ਅਸ਼ੋਕ ਵਰਮਾ
ਬਠਿੰਡਾ , 28 ਜੁਲਾਈ 2026: ਸਰਕਾਰੀ ਟੈਂਡਰ ਦਿਵਾਉਣ ਦੇ ਨਾਮ ਹੇਠ ਠੱਗੀਆਂ ਤਾਂ ਅਕਸਰ ਚਰਚਾ ’ਚ ਆਉਂਦੀਆਂ ਰਹਿੰਦੀਆਂ ਹਨ ਪਰ ਬਠਿੰਡਾ ’ਚ ਟੋਲ ਪਲਾਜੇ ਦੀ ਅਲਾਟਮੈਂਟ ਲਈ 7 ਕਰੋੜ ਦੀ ਮਹਾਂਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹੈਰਾਨਕੁੰਨ ਮਾਮਲੇ ’ਚ ਦੋਸ਼ੀਆਂ ਨੇ ਇੱਥੇ ਨਾਂ ਸਿਰਫ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਦੇ ਨਾਮ ਦੀ ਦੁਰਵਰਤੋਂ ਕੀਤੀ ਬਲਕਿ ਮਹਿਕਮੇ ਦੇ ਨਾਂ ’ਤੇ ਫਰਜ਼ੀ ਬੈਂਕ ਖਾਤੇ ਖੁਲਵਾਏ, ਨਕਲੀ ਅਫਸਰ ਬਣਾਏ ਅਤੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਦਿੱਲੀ ਦੇ ਕਾਰੋਬਾਰੀ ਨਾਲ 7.04 ਕਰੋੜ ਰੁਪਏ ਦੀ ਠੱਗੀ ਮਾਰ ਲਈ। ਵੱਡੀ ਗੱਲ ਇਹ ਹੈ ਕਿ ਇਸ ਮਹਾਂਠੱਗੀ ਦਾ ਮੁਲਜਮ ਕੋਈ ਹੋਰ ਨਹੀਂ ਬਲਕਿ ਐਨਐਚਏਆਈ ਦਾ ਬਰਖਾਸਤ ਚਪੜਾਸੀ ਰਕੇਸ਼ ਗੋਇਲ ਹੈ। ਥਾਣਾ ਥਰਮਲ ਪੁਲਿਸ ਨੇ ਰਕੇਸ਼ ਗੋਇਲ , ਉਸ ਦੀ ਪਤਨੀ , ਸਾਲੇ, ਜੀਜੇ ਅਤੇ ਇੱਕ ਹੋਰ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਤਫਤੀਸ਼ ਦੌਰਾਨ ਇਸ ਪੂਰੇ ਫਰਜੀਵਾੜੇ ਦਾ ਖੁਲਾਸਾ ਹੋਇਆ ਹੈ।
ਫਿਲਹਾਲ ਮੁਲਜਮ ਫਰਾਰ ਦੱਸੇ ਜਾ ਰਹੇ ਹਨ ਜਿੰਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇ ਮਾਰ ਰਹੀ ਹੈ। ਇੱਥੇ ਇਹ ਵੀ ਜਿਕਰ ਕਰਨਾ ਕਿਸੇ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ ਕਿ ਦੋ ਦਿਨ ਪਹਿਲਾਂ ਹੀ ਇਸੇ ਰਕੇਸ਼ ਗੋਇਲ ਖਿਲਾਫ ਟੋਲ ਪਲਾਜਾ ਦੇ ਟੈਂਡਰ ਦਿਵਾਉਣ ਦੇ ਨਾਮ ’ਤੇ 2 ਕਰੋੜ 40 ਲੱਖ ਰੁਪਏ ਦੀ ਠੱਗੀ ਦਾ ਮੁਕੱਦਮਾ ਦਰਜ ਹੋਇਆ ਸੀ ਅਤੇ ਹੁਣ ਇਹ ਕਾਂਡ ਸਾਹਮਣੇ ਆ ਗਿਆ ਹੈ। ਪੁਲਿਸ ਅਨੁਸਾਰ ਸ਼ਕਾਇਤਕਰਤਾ ਮਨੀਸ਼ ਗੁਪਤਾ ਵਾਸੀ ਪਹਾੜਗੰਜ ( ਦਿੱਲੀ) ਸ਼ਾਮ ਕ੍ਰਿਏਸ਼ਨਜ਼ ਨਾਮੀ ਫਰਮ ਦੇ ਸੰਚਾਲਕ ਹਨ। ਉਨ੍ਹਾਂ ਦੀ ਰਾਜਸਥਾਨ ’ਚ ਸਥਿਤ ਖਾਟੂਸ਼ਾਮ ਵਿਖੇ ਬਠਿੰਡਾ ਵਾਸੀ ਰਕੇਸ਼ ਗੋਇਲ ਨਾਲ ਮੁਲਾਕਾਤ ਹੋਈ ਸੀ। ਉਦੋਂ ਰਕੇਸ਼ ਗੋਇਲ ਨੇ ਖੁਦ ਨੂੰ ਉੱਚੀ ਪਹੁੰਚ ਵਾਲਾ ਦੱਸਦਿਆਂ ਟੋਲ ਪਲਾਜਾ ਦੇ ਟੈਂਡਰ ਦਿਵਾਉਣ ਦਾ ਭਰੋਸਾ ਦਿਵਾਇਆ ਸੀ। ਇਸ ਦੌਰਾਨ ਆਪਣਾ ਵਿਸ਼ਵਾਸ਼ ਬਨਾਉਣ ਲਈ ਰਕੇਸ਼ ਗੋਇਲ ਨੇ ਖਾਟੂਸ਼ਾਮ , ਸਹਾਰਨਪੁਰ ਅਤੇ ਦਿੱਲੀ ’ਚ ਉਨ੍ਹਾਂ ਨਾਲ ਕਈ ਮੀਟਿੰਗਾਂ ਕੀਤੀਆਂ ਸਨ।
ਇਸ ਮੌਕੇ ਮੁਲਜਮ ਰਕੇਸ਼ ਗਾਇਲ ਨੇ ਐਨਐਚਏਆਈ ਦੇ ਕਥਿਤ ਅਧਿਕਾਰੀਆਂ ਨਾਲ ਮੁਲਾਕਾਤ ਕਰਵਾਉਣ ਤੋਂ ਇਲਾਵਾ ਮਨੀਸ਼ ਗੁਪਤਾ ਨੂੰ ਫਰਜ਼ੀ ਪਹਿਚਾਣ ਪੱਤਰ ਅਤੇ ਸਰਕਾਰੀ ਦਸਤਾਵੇਜ਼ ਵੀ ਦਿਖਾਏ। ਇਸ ਦੌਰਾਨ ਰਕੇਸ਼ ਗੋਇਲ ਨੇ ਸ਼ਕਾਇਤਕਰਤਾ ਦੀ ਮੁਲਾਕਾਤ ਗਗਨ ਨਾਮੀ ਵਿਅਕਤੀ ਨਾਲ ਕਰਵਾਈ ਜਿਸ ਨੂੰ ਹਾਈਵੇਅ ਦਾ ਵੱਡਾ ਅਫਸਰ ਦੱਸਿਆ ਸੀ। ਮੁਲਜਮਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਅਗਰਵਾਲ ਇੰਟਰਪ੍ਰਾਈਜਜ਼ ਅਤੇ ਬਾਂਸਲ ਐਂਟਰਪ੍ਰਾਈਜ਼ਜ ਨੂੰ ਵੀ ਟੋਲ ਦੇ ਟੈਂਡਰ ਦਿਵਾ ਚੁੱਕੇ ਹਨ ਇਸ ਲਈ ਜੇਕਰ ਉਹ ( ਮਨੀਸ਼ ਗੁਪਤਾ) ਨਿਵੇਸ਼ ਕਰੇ ਤਾਂ ਉਸ ਨੂੰ ਹਿੱਸੇਦਾਰ ਬਣਾ ਲਿਆ ਜਾਏਗਾ। ਇਸ ਤੋਂ ਬਾਅਦ ਬਕਾਇਦਾ ਫਰਜ਼ੀ ਐਗਰੀਮੈਂਟ ਤਿਆਰ ਕੀਤੇ ਗਏ ਅਤੇ ਖੁਦ ਨੂੰ ਸਹੀ ਦੱਸਣ ਲਈ ਗੋਇਲ ਨੇ ਬਠਿੰਡਾ ਸਥਿਤ ਪੰਜਾਬ ਐਂਡ ਸਿੰਧ ਬੈਂਕ ’ਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਨਾਮ ’ਤੇ ਖਾਤਾ ਖੁਲਵਾ ਲਿਆ। ਠੱਗੇ ਦਾ ਸ਼ਿਕਾਰ ਹੋਏ ਮਨੀਸ਼ ਗੁਪਤਾ ਨੇ ਇਸੇ ਖਾਤੇ ਵਿੱਚ ਹੀ ਕਰੋੜਾਂ ਰੁਪਏ ਜਮ੍ਹਾਂ ਕਰਵਾਏ ਸਨ।
ਜਾਣਕਾਰੀ ਅਨੁਸਾਰ ਮੁਲਜਮਾਂ ਨੇ ਵੱਖ ਵੱਖ ਮੌਕੇ ’ਚ ਮਨੀਸ਼ ਗੁਪਤਾ ਕੋਲੋ ਕਰੀਬ ਡੇਢ ਕਰੋੜ ਰਪਏ ਦੀ ਰਾਸ਼ੀ ਨਕਦ ਲੈ ਲਈ ਜੋਕਿ ਰਕੇਸ਼ ਗੋਇਲ , ਉਸ ਦੀ ਪਤੀ ਸ਼ੈਫਾਲੀ, ਸਾਲੇ ਦਵਿੰਦਰ ਗਰਗ, ਅਤੇ ਡਰਾਈਵਰ ਗਗਨ ਨੇ ਪ੍ਰਾਪਤ ਕੀਤੀ ਸੀ। ਇਸ ਦੌਰਾਨ ਦਵਿੰਦਰ ਗਰਗ ਦੀ ਫਰਮ ਐਸਆਰ ਐਂਟਰਪ੍ਰਾਈਜਜ਼ ’ਚ 25 ਲੱਖ ਰੁਪਏ ਟਰਾਂਸਫਰ ਵੀ ਕਰਵਾ ਲਏ। ਬਾਕੀ ਰਕਮ ਵੱਖ ਵੱਖ ਤਰੀਕਾਂ ਨੂੰ ਕਈ ਚੈਕਾਂ ਰਾਹੀਂ ਵਸੂਲੀ ਗਈ। ਸ਼ਕਾਇਤਕਰਤਾ ਦਾ ਦੋਸ਼ ਹੈ ਕਿ ਜਦੋਂ ਕਾਫੀ ਸਮੇਂ ਤੱਕ ਉਸ ਨੂੰ ਕੋਈ ਟੈਂਡਰ ਨਾਂ ਮਿਲਿਆ ਤਾਂ ਉਨ੍ਹਾਂ ਨੇ 31 ਮਈ 2026 ਨੂੰ ਆਪਣੇ ਪੈਸੇ ਵਾਪਿਸ ਮੰਗੇ ਸਨ ਤਾਂ ਮੁਲਜਮ ਅਜੀਬੋਗਰੀਬ ਹਰਕਤਾਂ ਕਰਨ ਲੱਗ ਪਏ ਸਨ। ਮਨੀਸ਼ ਗੁਪਤਾ ਗਰੀਨ ਸਿਟੀ ਰੋਡ ’ਤੇ ਮਹੇਸ਼ਵਰੀ ਕਲੋਨੀ ’ਚ ਸਥਿਤ ਰਕੇਸ਼ ਗੋਇਲ ਦੇ ਘਰ ਗਿਆ ਤਾਂ ਉਸ ਨੇ ਪਤਨੀ ਦੀ ਮਿਲੀਭੁਗਤ ਨਾਲ ਖੁਦ ’ਤੇ ਮਿੱਟੀ ਦਾ ਤੇਲ ਛਿੜਕ ਲਿਆ ਅਤੇ ਆਤਮਦਾਹ ਦੀਆਂ ਧਮਕੀਆਂ ਦਿੱਤੀਆਂ ਸਨ।
ਪੜਤਾਲ ਉਪਰੰਤ ਐਫਆਈਆਰ
ਥਾਣਾ ਥਰਮਲ ਪੁਲਿਸ ਨੇ ਇਸ ਮਹਾਂਠੱਗੀ ਮਾਮਲੇ ’ਚ ਰਕੇਸ਼ ਗੋਇਲ , ਉਸ ਦੀ ਪਤਨੀ ਸ਼ੈਫਾਲੀ, ਦਵਿੰਦਰ ਗਰਗ, ਗਗਨ ਅਤੇ ਡਰਾਈਵਰ ਖਿਲਾਫ ਭਾਰਤੀ ਨਿਆਏ ਸਹਿੰਤਾ ਦੀ ਧਾਰਾ 318 (4), 336 , 336 (3 ) , 338 340 (2) ਅਤੇ 61 ( 2) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਉਪਰੰਤ ਦਰਜ ਇਸ ਐਫਆਈਆਰ ’ਚ ਨਾਮਜਦ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਫਰਜ਼ੀਵਾੜੇ ਤੋਂ ਬਚਾਅ ਦਾ ਢੰਗ
ਐਡਵੋਕੇਟ ਐਮਐਮ ਬਹਿਲ ਦਾ ਕਹਿਣਾ ਸੀ ਕਿ ਸਰਕਾਰੀ ਟੈਂਡਰ ਕਦੇ ਵੀ ਕਿਸੀ ਅਧਿਕਾਰੀ ਦੀ ਸਿਫਾਰਸ਼ , ਵਟਸਐਪ ਮੈਸੇਜ਼ ਜਾਂ ਨਿੱਜੀ ਐਗਰੀਮੈਂਟ ਜਰੀਏ ਨਹੀਂ ਦਿੱਤੇ ਜਾਂਦੇ ਬਲਕਿ ਇਹ ਕੰਮ ਅਧਕਿਾਰਤ ਈ-ਟੈਂਡਰਿੰਗ ਪੋਰਟਲ ਰਾਹੀਂ ਆਨਲਈਨ ਤੇ ਪਰਦਰਸ਼ੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਟੈਂਡਰ ’ਚ ਹਿੱਸਾ ਲੈਣ ਲਈ ਰਜਿਸ਼ਟਰਡ ਕੰਪਨੀ ਨੂੰ ਨਿਰਧਾਰਤ ਪ੍ਰਕਿਰਿਆ ਤਹਿਤ ਆਨਲਾਈਨ ਬੋਲੀ ਲਾਉਣੀ ਹੁੰਦੀ ਹੈ। ਉਨ੍ਹਾਂ ਕਿਸੇ ਵੀ ਸਰਕਾਰੀ ਸਕੀਮ ਜਾਂ ਟੈਂਂਡਰ ਦੇ ਨਾਮ ’ਤੇ ਕਿਸੇ ਨਿੱਜੀ ਵਿਅਕਤੀ ਜਾਂ ਸ਼ੱਕੀ ਖਾਤੇ ’ਚ ਪੈਸਾ ਜਮ੍ਹਾਂ ਨਾਂ ਕਰਵਾਉਣ ਅਤੇ ਖੁਦ ਨੂੰ ਸਰਕਾਰ ਅਫਸਰ ਦੱਸਣ ਵਾਲੇ ਵਾਲੇ ਦਾ ਸ਼ਿਨਾਖਤੀ ਕਾਰਡ, ਅਹੁਦੇ ਅਤੇ ਦਾਅਵਿਆਂ ਦੀ ਸਬੰਧਿਤ ਮਹਿਕਮੇ ਤੋਂ ਪੁਸ਼ਟੀ ਕਰਨ ਦੀ ਸਲਾਹ ਵੀ ਦਿੱਤੀ ਹੈ।
- Download Babushahi App
-
-