ਕਰਿਆਨਾ ਸਟੋਰ ਵਿੱਚ ਚੋਰੀ ਦੀ ਘਟਨਾ, ਪੁਲਿਸ ਵੱਲੋਂ ਜਾਂਚ ਸ਼ੁਰੂ
ਦੁਕਾਨ ਮਾਲਕ ਅਨੁਸਾਰ ਨਗਦੀ ਸਮੇਤ ਦੇਸੀ ਘਿਓ, ਰਿਫਾਇਡ, ਤੇਲ ਅਤੇ ਹੋਰ ਕੀਮਤੀ ਸਮਾਨ ਲਿਜਾਣ ਦਾ ਅੰਦਾਜ਼ਾ
ਜਗਰਾਉਂ, 29 ਜੁਲਾਈ ਦੀਪਕ ਜੈਨ
ਜਗਰਾਉਂ ਸ਼ਹਿਰ ਦੇ ਸੁਭਾਸ਼ ਗੇਟ ਚੌਂਕ ਨੇੜੇ ਸਥਿਤ ਅਮਿਤ ਕਰਿਆਨਾ ਸਟੋਰ ਵਿੱਚ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਦੁਕਾਨ ਮਾਲਕ ਦੇ ਬਿਆਨ ਅਨੁਸਾਰ ਚੋਰ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਨਗਦੀ ਸਮੇਤ ਵੱਡੀ ਮਾਤਰਾ ਵਿੱਚ ਕੀਮਤੀ ਸਮਾਨ ਲੈ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਿਤ ਕਰਿਆਨਾ ਸਟੋਰ ਦੇ ਮਾਲਕ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਤੜਕੇ ਕਰੀਬ 4 ਵਜੇ ਉਨ੍ਹਾਂ ਨੂੰ ਇੱਕ ਫੋਨ ਆਇਆ, ਜਿਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੈ। ਸੂਚਨਾ ਮਿਲਦੇ ਹੀ ਉਹ ਆਪਣੇ ਕੁਝ ਸਾਥੀਆਂ ਨਾਲ ਦੁਕਾਨ 'ਤੇ ਪਹੁੰਚੇ।
ਉਨ੍ਹਾਂ ਦੇ ਦੱਸਣ ਅਨੁਸਾਰ ਮੌਕੇ 'ਤੇ ਪਹੁੰਚਣ 'ਤੇ ਦੇਖਿਆ ਗਿਆ ਕਿ ਦੁਕਾਨ ਦੇ ਸ਼ਟਰ ਨੂੰ ਲੱਗੇ ਜਿੰਦੇ ਟੁੱਟੇ ਹੋਏ ਸਨ ਅਤੇ ਸ਼ਟਰ ਚੁੱਕ ਕੇ ਅੰਦਰ ਲੱਗੇ ਐਲੂਮੀਨੀਅਮ ਗੇਟ ਦਾ ਸ਼ੀਸ਼ਾ ਵੀ ਤੋੜਿਆ ਗਿਆ ਸੀ।
ਦੁਕਾਨ ਮਾਲਕ ਮੁਤਾਬਕ ਫੋਨ ਕਰਨ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਉਹ ਤੜਕੇ ਕਰੀਬ 4 ਵਜੇ ਕਾਰ ਰਾਹੀਂ ਉਥੋਂ ਲੰਘ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਖੁੱਲ੍ਹਾ ਦੇਖਿਆ ਅਤੇ ਇੱਕ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਉਥੇ ਖੜ੍ਹਾ ਵੇਖਿਆ, ਜੋ ਉਨ੍ਹਾਂ ਨੂੰ ਦੇਖਦੇ ਹੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਚਲਾ ਗਿਆ।
ਰਾਜਿੰਦਰ ਕੁਮਾਰ ਅਨੁਸਾਰ ਉਨ੍ਹਾਂ ਵਿਅਕਤੀਆਂ ਨੇ ਸ਼ਟਰ ਹੇਠਾਂ ਕਰ ਦਿੱਤਾ ਤਾਂ ਜੋ ਜੇਕਰ ਕੋਈ ਹੋਰ ਵਿਅਕਤੀ ਅੰਦਰ ਹੋਵੇ ਤਾਂ ਉਹ ਬਾਹਰ ਨਾ ਨਿਕਲ ਸਕੇ। ਨਾਲ ਹੀ ਉਨ੍ਹਾਂ ਨੇ ਮੋਟਰਸਾਈਕਲ ਸਵਾਰ ਦਾ ਪਿੱਛਾ ਵੀ ਕੀਤਾ, ਪਰ ਉਹ ਕਾਬੂ ਨਹੀਂ ਆ ਸਕਿਆ।
ਦੁਕਾਨ ਮਾਲਕ ਦਾ ਕਹਿਣਾ ਹੈ ਕਿ ਇਹ ਘਟਨਾ ਕਿਸੇ ਇੱਕ ਵਿਅਕਤੀ ਵੱਲੋਂ ਕੀਤੀ ਜਾਣ ਦੀ ਸੰਭਾਵਨਾ ਘੱਟ ਹੈ ਅਤੇ ਇਸ ਵਿੱਚ ਹੋਰ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸੰਭਵ ਹੈ ਚੋਰੀ ਕੀਤਾ ਸਮਾਨ ਕਈ ਗੇੜਿਆਂ ਵਿੱਚ ਲਿਜਾਇਆ ਗਿਆ ਹੋਵੇ।
ਦੁਕਾਨ ਮਾਲਕ ਅਨੁਸਾਰ ਦੁਕਾਨ ਵਿੱਚੋਂ ਦੇਸੀ ਘਿਓ, ਰਿਫਾਇਡ, ਖਾਣ ਵਾਲਾ ਤੇਲ, ਬੀੜੀ, ਸਿਗਰਟਾਂ ਦੇ ਮੁੱਠੇ, ਹੋਰ ਕੀਮਤੀ ਸਮਾਨ ਅਤੇ ਗੱਲੇ ਵਿੱਚ ਪਈ ਕਰੀਬ 20,000 ਰੁਪਏ ਦੀ ਨਗਦੀ ਲੈ ਜਾਈ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਏਐਸਆਈ ਨਰਿੰਦਰ ਸ਼ਰਮਾ ਮੌਕੇ ਤੇ ਪੁੱਜੇ ਤੇ ਦੁਕਾਨ ਮਾਲਕ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਘਟਨਾ ਸਬੰਧੀ ਥਾਣਾ ਸਿਟੀ ਦੇ ਏਐਸਆਈ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਮੌਕੇ ਦਾ ਮੁਆਇਨਾ ਕਰਕੇ ਦੁਕਾਨ ਮਾਲਕ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਪਲਬਧ ਤੱਥਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
- Download Babushahi App
-
-