ਗੰਗਾਨਗਰ ਤੋਂ ਹਜ਼ੂਰ ਸਾਹਿਬ ਜਾਣ ਵਾਲੀਆਂ ਟ੍ਰੇਨਾਂ ਦਾ ਟਾਈਮ-ਟੇਬਲ ਵਧਾਉਣ ਅਤੇ ਰੈਗੂਲਰ ਕਰਨ ਦੀ ਮੰਗ
ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਰੇਲ ਮੰਤਰੀ ਨੂੰ ਸੌਂਪਿਆ ਮੰਗ ਪੱਤਰ
ਪਟਿਆਲਾ 29 ਜੁਲਾਈ (ਗੁਰਪ੍ਰੀਤ ਸਿੰਘ ਜਖਵਾਲੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕੇਂਦਰੀ ਰੇਲ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਸਿੱਖ ਧਾਰਮਿਕ ਅਸਥਾਨਾਂ ਲਈ ਚੱਲਣ ਵਾਲੀਆਂ ਰੇਲ ਸੇਵਾਵਾਂ ਵਿੱਚ ਸੁਧਾਰ ਅਤੇ ਵਿਸਥਾਰ ਦੀ ਮੰਗ ਕੀਤੀ ਹੈ।
ਉਨ੍ਹਾਂ ਮੰਗ ਕੀਤੀ ਕਿ ਸ੍ਰੀ ਗੰਗਾਨਗਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਜਾਣ ਵਾਲੀਆਂ ਟ੍ਰੇਨਾਂ ਦਾ ਟਾਈਮ-ਟੇਬਲ ਵਧਾਇਆ ਜਾਵੇ ਅਤੇ ਇਨ੍ਹਾਂ ਟ੍ਰੇਨਾਂ ਨੂੰ ਨਿਯਮਿਤ (ਰੈਗੂਲਰ) ਤੌਰ 'ਤੇ ਚਲਾਇਆ ਜਾਵੇ। ਇਸ ਤੋਂ ਇਲਾਵਾ ਇਹ ਟ੍ਰੇਨਾਂ ਪਟਿਆਲਾ ਅਤੇ ਰਾਜਪੁਰਾ ਰਾਹੀਂ ਚਲਾਉਣ ਦੀ ਵੀ ਮੰਗ ਕੀਤੀ ਗਈ, ਤਾਂ ਜੋ ਪੰਜਾਬ ਦੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲ ਸਕੇ।
ਜਥੇਦਾਰ ਬਘੌਰਾ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਾਣ ਵਾਲੀਆਂ ਟ੍ਰੇਨਾਂ ਦੇ ਪੁਰਾਣੇ ਰੈਂਕ ਬਦਲ ਕੇ ਨਵੇਂ ਕੋਚ ਲਗਾਏ ਜਾਣ, ਤਾਂ ਜੋ ਯਾਤਰੀਆਂ ਨੂੰ ਆਰਾਮਦਾਇਕ ਅਤੇ ਸੁਰੱਖਿਅਤ ਸਫ਼ਰ ਮਿਲ ਸਕੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉੱਤਰਾਖੰਡ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਨੂੰ ਰੇਲਵੇ ਨੈੱਟਵਰਕ ਨਾਲ ਜੋੜਿਆ ਜਾਵੇ ਅਤੇ ਉੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰੋਜ਼ਾਨਾ ਰੇਲ ਸੇਵਾ ਸ਼ੁਰੂ ਕੀਤੀ ਜਾਵੇ। ਇਸ ਨਾਲ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਸਹੂਲਤ ਮਿਲੇਗੀ।
ਮੰਗ ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਾਣ ਵਾਲੀਆਂ ਟ੍ਰੇਨਾਂ ਦੀ ਗਿਣਤੀ ਅਤੇ ਟਾਈਮ-ਟੇਬਲ ਵਿੱਚ ਵਾਧਾ ਕੀਤਾ ਜਾਵੇ। ਇਸ ਦੇ ਨਾਲ ਹੀ ਅਕਾਲ ਤਖ਼ਤ ਐਕਸਪ੍ਰੈਸ (12317/12318) ਅਤੇ ਗੁਰਮੁਖੀ ਐਕਸਪ੍ਰੈਸ (12325/12326) ਨੂੰ ਨਿਯਮਿਤ ਤੌਰ 'ਤੇ ਚਲਾਇਆ ਜਾਵੇ ਅਤੇ ਇਨ੍ਹਾਂ ਟ੍ਰੇਨਾਂ ਦਾ ਰਾਜਪੁਰਾ ਜੰਕਸ਼ਨ ਵਿਖੇ ਸਟਾਪੇਜ ਵੀ ਦਿੱਤਾ ਜਾਵੇ।
ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕੇਂਦਰੀ ਰੇਲ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਰੇਲਵੇ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ ਮਿਲਣ ਵਾਲੀਆਂ ਰਿਆਇਤਾਂ (ਕੋਟਾ/ਛੂਟ) ਮੁੜ ਬਹਾਲ ਕੀਤੀਆਂ ਜਾਣ, ਤਾਂ ਜੋ ਬਜ਼ੁਰਗ ਯਾਤਰੀਆਂ ਨੂੰ ਪਹਿਲਾਂ ਵਾਂਗ ਸਹੂਲਤਾਂ ਪ੍ਰਾਪਤ ਹੋ ਸਕਣ। ਉਨ੍ਹਾਂ ਉਮੀਦ ਜਤਾਈ ਕਿ ਰੇਲ ਮੰਤਰਾਲਾ ਸੰਗਤਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ 'ਤੇ ਜਲਦ ਸਕਾਰਾਤਮਕ ਫ਼ੈਸਲਾ ਲਵੇਗਾ।
- Download Babushahi App
-
-