ਕਾਂਗਰਸੀ ਆਗੂਆਂ ਵੱਲੋ ਲਾਠੀਚਾਰਜ ਲਈ ਕਸੂਰਵਾਰ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 24ਜੁਲਾਈ 2026 :-ਬਰਨਾਲਾ ਵਿਖੇ ਹੱਕ ਮੰਗਦੇ ਸਫਾਈ ਕਰਮਚਾਰੀਆਂ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀ ਚਾਰਜ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਸਾਥੀ ਕੌਂਸਲਰਾਂ ਦੇ ਨਾਲ ਅੱਜ ਨਗਰ ਨਿਗਮ ਬਠਿੰਡਾ ਦਫਤਰ ਦੇ ਬਾਹਰ ਧਰਨਾ ਦੇ ਰਹੇ ਸੀਵਰੇਜ ਅਤੇ ਸਫਾਈ ਕਰਮਚਾਰੀਆਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਅਤੇ ਕਾਂਗਰਸ ਵੱਲੋਂ ਪੂਰਨ ਹਮਾਇਤ ਦਿੱਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਦਿਲਾਂ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਬਰਨਾਲਾ ਵਿਖੇ ਹੱਕ ਮੰਗਦੇ ਸਫਾਈ ਕਰਮਚਾਰੀਆਂ ਤੇ ਲਾਠੀ ਚਾਰਜ ਨਿੰਦਨਯੋਗ ਹੈ ਜਿਸ ਤੋਂ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਸਾਹਮਣੇ ਆਉਂਦੀ ਹੈ। ਉਹਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਹੋਣ, ਲਾਠੀ ਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਕੇਸ ਦਰਜ ਕੀਤੇ ਜਾਣ, ਨਹੀਂ ਤਾਂ ਕਾਂਗਰਸ ਚੁੱਪ ਬੈਠਣ ਵਾਲੀ ਨਹੀਂ ਅਤੇ ਸਫਾਈ ਕਰਮਚਾਰੀਆਂ ਨਾਲ ਮਿਲ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਰਾਜਨ ਗਰਗ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਰੜੇ ਹੱਥੀ ਲਿਆ ਤੇ ਕਿਹਾ ਕਿ ਦਿੱਲੀ ਵਿੱਚ ਆਪ ਲੀਡਰ ਹੋਰ ਬਿਆਨਬਾਜੀ ਕਰਦੇ ਹਨ ਜਦੋਂ ਕਿ ਆਪਣੀ ਪੰਜਾਬ ਸਰਕਾਰ ਅਧੀਨ ਧੱਕੇਸ਼ਾਹੀਆਂ ਪ੍ਰਦਰਸ਼ਨ ਲਾਠੀ ਚਾਰਜ ਤੇ ਕੋਈ ਬਿਆਨ ਨਹੀਂ ਦਿੱਤਾ ਜਾ ਰਿਹਾ, ਅਜਿਹੇ ਹਾਲਾਤ ਭਾਜਪਾ ਲੀਡਰਾਂ ਦੇ ਹਨ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਪੰਜਾਬ ਵਿੱਚ ਤਾਂ ਲੋਕ ਵਿਰੋਧੀ ਨੀਤੀਆਂ ਤੇ ਬੋਲਦੇ ਹਨ ਪਰ ਜਦੋਂ ਵਿਦਿਆਰਥੀਆਂ ਤੇ ਦਿੱਲੀ ਵਿੱਚ ਲਾਠੀ ਚਾਰਜ ਹੋ ਰਿਹਾ ਹੈ ਤਾਂ ਉਸ ਮਸਲੇ ਤੇ ਭਾਜਪਾ ਆਗੂ ਚੁੱਪ ਹਨ ਜਿਸ ਤੋਂ ਇਹਨਾਂ ਆਪ ਅਤੇ ਭਾਜਪਾ ਆਗੂਆਂ ਦਾ ਦੋਗਲਾ ਚਿਹਰਾ ਸਾਹਮਣੇ ਆਉਂਦਾ ਹੈ ਜਦੋਂ ਕਿ ਕਾਂਗਰਸ ਆਮ ਲੋਕਾਂ ਦੀ ਆਵਾਜ਼ ਉਠਾਉਂਦੀ ਰਹੇਗੀ ਉਹਨਾਂ ਕੌਮੀ ਪ੍ਰਧਾਨ ਮਲਕਾ ਅਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰਾਂ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਖਿਲਾਫ ਪੁਲਸੀਆ ਤਸ਼ੱਦਦ ਦੀ ਵੀ ਨਿੰਦਾ ਕੀਤੀ ਅਤੇ ਠੋਸ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਰਾਜਨ ਗਰਗ ਨੇ ਕਿਹਾ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਪੂਰੀਆਂ
ਕਰਨੀਆਂ ਚਾਹੀਦੀਆਂ ਹਨ । ਇਸ ਮੌਕੇ ਉਨਾਂ ਦੇ ਨਾਲ ਸਾਬਕਾ ਜਿਲ੍ਹਾ ਪ੍ਰਧਾਨ ਅਰੁਣ ਵਧਾਵਨ ,ਕੌਂਸਲਰ ਸੰਜੀਵ ਬੋਬੀ, ਕਮਲਜੀਤ ਸਿੰਘ ਭੰਗੂ,ਗੁਰਪ੍ਰੀਤ ਬੰਟੀ ਸੋਨੂੰ ਕੁਮਾਰ,ਪਰਮਜੀਤ ਕੌਰ ਰੋਮਾਣਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਸਮੇਤ ਕਾਗਰਸੀ ਆਗੂ ਹਾਜ਼ਰ ਸਨ।