Babushahi Special -ਬਰਨਾਲਾ ਪੁਲਿਸ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸੋਸ਼ਲ ਮੀਡੀਆ ’ਤੇ ਤੋਏ ਤੋਏ
ਅਸ਼ੋਕ ਵਰਮਾ
ਬਠਿੰਡਾ, 24 ਜੁਲਾਈ 2026 : ਬਰਨਾਲਾ ਪੁਲਿਸ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਫਾਈ ਕਾਮਿਆਂ ਖਾਸ ਤੌਰ ’ਤੇ ਔਰਤ ਕਰਮਚਾਰੀਆਂ ਦੀ ਕੀਤੀ ਗਈ ਕੁੱਟਮਾਰ ਕਾਰਨ ਜਿੱਥੇ ਪੁਲਿਸ ਪ੍ਰਸ਼ਾਸ਼ਨ ਦੀ ਸੋਸ਼ਲ ਮੀਡੀਆ ’ਤੇ ਤੋਏ ਤੋਏ ਹੋ ਰਹੀ ਹੈ ਉੱਥੇ ਹੀ ਇਸ ਜਬਰ ਕਾਰਨ ਪੰਜਾਬ ਸਰਕਾਰ ਨੂੰ ਤਿੱਖੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਜਿਸ ਜਿਲ੍ਹੇ ਦੀ ਜੂਹ ਚੋਂ ਆਮ ਆਦਮੀ ਪਾਰਟੀ ਨੇ ਸਰਕਾਰ ਆਉਣ ’ਤੇ ਆਪਣੇ ਮਸਲਿਆਂ ਲਈ ‘ਧਰਨਿਆਂ ਦੀ ਲੋੜ ਨਹੀਂ ਰਹਿਣੀ ’ ਦਾ ਨਾਅਰਾ ਦਿੱਤਾ ਸੀ ਉੱਥੇ ਆਪਣੇ ਹੱਕਾਂ ਲਈ ਅਵਾਜ਼ ਚੁੱਕਣ ਵਾਲਿਆਂ ਨਾਲ ਪੁਲਿਸ ਵੱਲੋਂ ਕੀਤਾ ਜਾਂਦਾ ਕੁੱਟ ਕੁਟਾਪਾ ਸਰਕਾਰ ਦੇ ਕੀਤੇ ਕਰਾਏ ’ਤੇ ਪਾਣੀ ਫੇਰਨ ਲੱਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਜਿਲ੍ਹੇ ਸੰਗਰੂਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ’ਚ ਤਾਂ ਇਹ ਵਰਤਾਰਾ ਹੁਣ ਆਮ ਹੈ।
ਜਿਕਰਯੋਗ ਇਹ ਵੀ ਹੈ ਕਿ ਐਤਕੀਂ ਪੁਲਿਸ ਦੀ ਡਾਂਗ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੰਤਰੀ ਮੀਤ ਹੇਅਰ ਦੇ ਸ਼ਹਿਰ ਵਿੱਚ ਚੱਲੀ ਹੈ। ਇਸ ਮਾਮਲੇ ਨੂੰ ਲੈਕੇ ਜਨਤਕ ਧਿਰਾਂ ਅਤੇ ਆਮ ਲੋਕਾਂ ਵੱਲੋਂ ਇੱਕ ਡੀਐਸਪੀ ਦੀ ਭੂਮਿਕਾ ਨੂੰ ਤਾਂ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਵਾਇਰਲ ਵੀਡੀਓ ’ਚ ਸਫਾਈ ਸੇਵਕਾਂ ਜਿੰਨ੍ਹਾਂ ’ਚ ਔਰਤ ਕਰਮਚਾਰੀ ਵੀ ਹਨ ਨੂੰ ਬੇਰਹਿਮੀ ਨਾਲ ਕੁੱਟਦਾ ਦਿਸਦਾ ਹੈ। ਪੁਲਿਸ ਜਬਰ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੂੰ ਦੇਖਣ ਤੋਂ ਜਾਪਦਾ ਹੈ ਕਿ ਜਿਵੇਂ ਇਸ ਪੁਲਿਸ ਅਫਸਰ ਦੇ ਸਿਰ ’ਤੇ ਖੂਨ ਸਵਾਰ ਹੋਵੇ। ਇਸੇ ਤਰਾਂ ਹੀ ਇੱਕ ਹੋਰ ਪੁਲਿਸ ਅਧਿਕਾਰੀ ਨੂੰ ਵੀ ਤਿੱਖੀ ਸ਼ਬਦਾਵਲੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਹੱਤਵਪੂਰਨ ਤੱਥ ਹੈ ਕਿ ਵਟਸਐਪ ਅਤੇ ਫੇਸਬੁੱਕ ਤੇ ਚੱਲ ਰਹੀਆਂ ਇੰਨ੍ਹਾਂ ਵੀਡੀੳਜ਼ ’ਤੇ ਲੋਕ ਪੁਲਿਸ ਦੀ ਵਹਿਸ਼ੀਆਨਾ ਕਾਰਵਾਈ ਕਾਰਨ ਸਰਕਾਰ ਦੀ ਥੂਹ ਥੂਹ ਕਰ ਰਹੇ ਹਨ।
ਹੁਣ ਤਾਂ ਆਮ ਲੋਕ ਵੀ ਆਖਣ ਲੱਗੇ ਹਨ ਕਿ ਪੁਲਿਸ ਓਨੇ ਹੱਥ ਚੋਰ ਉਚੱਕਿਆਂ ’ਤੇ ਨਹੀਂ ਅਜਮਾਉਂਦੀ ਜਿੰਨੇਂ ਸੰਘਰਸ਼ੀ ਲੋਕਾਂ ਨੂੰ ਦੇਖਕੇ ਮਲਣ ਲਗਦੀ ਹੈ। ਵਿਖਾਵਾਕਾਰੀ ਸੰਗਰੂਰ ਜਿਲ੍ਹੇ ਨੂੰ ਅਹਿਮ ਮੰਨਦੇ ਹਨ ਕਿਉਂਕਿ ਜਦੋਂ ਇੱਥੇ ਕੋਈ ਰੋਸ ਰੈਲੀ ਹੁੰਦੀ ਹੈ ਤਾਂ ਇਹ ਸਰਕਾਰ ਦਾ ਧਿਆਨ ਵੀ ਖਿੱਚ੍ਹਦੀ ਹੈ ਤੇ ਆਮ ਲੋਕਾਂ ਦੀ ਹਮਦਰਦੀ ਵੀ ਸੰਘਰਸ਼ ਨਾਲ ਜੁੜਦੀ ਹੈ। ਸੰਘਰਸ਼ੀ ਧਿਰਾਂ ਦਾ ਕਹਿਣਾ ਹੈ ਕਿ ਹਾਕਮ ਧਿਰ ਦੇ ਆਗੂ ਦਿੱਲੀ ਪੁਲਿਸ ਵੱਲੋਂ ਵਿਦਿਆਰਥੀਆਂ ’ਤੇ ਕੀਤੇ ਗਏ ਵਹਿਸ਼ੀਆਨਾ ਜਬਰ ਦੀ ਗੱਲ ਤਾਂ ਕਰ ਰਹੇ ਹਨ ਜਦੋਂਕਿ ਪੰਜਾਬ ’ਚ ਪੁਲਿਸ ਵੱਲੋਂ ਕੀਤੇ ਜਾਂਦੇ ਕੁੱਟ ਕੁਟਾਪੇ ਬਾਰੇ ਚੁੱਪ ਵੱਟ ਰੱਖੀ ਹੈ। ਜਮਹੂਰੀ ਅਧਿਕਾਰ ਸਭਾ ਦੇ ਸੋਹਣ ਸਿੰਘ ਮਾਝੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਅਮਨ ਕਾਨੂੰਨ ਕਾਇਮ ਰੱਖਣ ਵਾਲੀ ਪੁਲਿਸ ਨੂੰ ਆਪਣੇ ਨਿੱਜੀ ਦਸਤਿਆਂ ਦੀ ਤਰ੍ਹਾ ਇਸਤੇਮਾਲ ਕਰਨ ਲੱਗ ਪਈ ਹੈ ਜੋਕਿ ਚਿੰਤਾਜਨਕ ਹੈ।
ਬਰਨਾਲਾ ਜਿਲ੍ਹੇ ਦੇ ਕਿਸਾਨ ਆਗੂ ਅੰਗਰੇਜ ਸਿੰਘ ਨੇ ਸਫਾਈ ਕਰਮਚਾਰੀਆਂ ਨੂੰ ਛੱਲੀਆਂ ਵਾਂਗ ਕੁੱਟਣ ਅਤੇ ਇੱਕ ਡੀਐਸਪੀ ਵੱਲੋਂ ਕੀਤੇ ਗਏ ਤਸ਼ੱਦਦ ਦਾ ਜਿਕਰ ਕਰਦਿਆਂ ਕਿਹਾ ਕਿ ਸਰਕਾਰ ਜਨਤਾ ਦੀ ਅਵਾਜ ਡੰਡੇ ਦੇ ਜੋਰ ਨਾਲ ਦਬਾਉਣ ਦੇ ਰਾਹ ਤੇ ਤੁਰ ਪਈ ਹੈ ਜਦੋਂਕਿ ਲੋਕ ਰਾਜ ਵਿੱਚ ਸੰਵਿਧਾਨ ਨੇ ਹਰ ਨਾਗਰਿਕ ਨੂੰ ਆਪਣੀ ਅਵਾਜ ਚੁੱਕਣ ਦਾ ਹੱਕ ਦਿੱਤਾ ਹੋਇਆ ਹੈ । ਕਿਸਾਨ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਸਫਾਈ ਸੇਵਕਾਂ ’ਤੇ ਪੁਲਿਸ ਜਬਰ ਨੂੰ ਜਾਲਿਮਾਨਾ, ਗੈਰਸੰਵਿਧਾਨਕ ਅਤੇ ਗੈਰਜਿੰਮੇਵਾਰਾਰਾਨਾ ਕਰਾਰ ਦਿੰਦਿਆਂ ਰਾਜਪਾਲ ਪੰਜਾਬ ਤੋਂ ਸਬੰਧਤ ਪੁਲਸ ਮੁਲਾਜਮਾਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂ ਚਮਕੌਰ ਸਿੰਘ ਨੈਣੇਵਾਲਾ ਦਾ ਕਹਿਣਾ ਸੀ ਕਿ ਪੁਲਿਸ ਕੁੱਟਮਾਰ ਦੌਰਾਨ ਔਰਤਾਂ ਅਤੇ ਪੁਰਸ਼ ਸਫਾਈ ਮੁਲਾਜਮਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਆਪਣੇ ਨਾਗਰਿਕਾਂ ਦੁਸ਼ਮਣਾਂ ਵਰਗਾ ਵਿਹਾਰ ਕਰਨ ਲੱਗ ਪਈ ਹੈ।
ਤਰਕਸ਼ੀਲ ਆਗੂ ਰਾਜਿੰਦਰ ਭਦੌੜ ਨੇ ਕਿਹਾ ਕਿ ਕਿ ਜਿਸ ਤਰ੍ਹਾਂ ਸਫਾਈ ਕਰਮਚਾਰੀ ਮਰਦਾਂ ਤੇ ਔਰਤਾਂ ਨੂੰ ਸਿਰਾਂ ’ਤੇ ਡਾਂਗਾਂ ਚਲਾਕੇ ਗੰਭੀਰ ਰੂਪ ਵਿਚ ਜਖਮੀ ਕੀਤਾ ਗਿਆ , ਇਸ ਤਰ੍ਹਾਂ ਦੀ ਜਾਲਿਮਾਨਾ ਕਾਰਵਾਈ ਕੋਈ ਤਾਨਾਸ਼ਾਹ ਸਰਕਾਰ ਦੀ ਪੁਲਿਸ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ’ਤੇ ਬਿਰਾਜਮਾਨ ਹੋਈ ਸਰਕਾਰ ਨੇ ਸੂਬੇ ਨੂੰ ਪੁਲਿਸ ਰਾਜ ਵਿਚ ਤਬਦੀਲ ਕਰ ਦਿੱਤਾ ਹੈ। ਸਫਾਈ ਸੇਵਕ ਆਗੂ ਗੁਲਸ਼ਨ ਕੁਮਾਰ ਨੇ ਕਿਹਾ ਕਿ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਅਤੇ ਠੇਕੇਦਾਰਾਂ ਦੀ ਦੂਹਰੀ ਲੁੱਟ ਦਾ ਸ਼ਿਕਾਰ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਦੇ ਅਨੇਕ ਵਾਰ ਲਾਰੇ ਲਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਈ ਵਾਰ ਮੰਗਾਂ ਮੰਨਣ ਦੇ ਵਾਅਦਿਆਂ ਨਾਲ ਉਨ੍ਹਾਂ ਦੀ ਹੜਤਾਲ ਖਤਮ ਕਰਵਾਈ ਗਈ ਅਤੇ ਪਿਛਲੇ ਮਹੀਨੇ ਵੀ ਇਹੋ ਲਾਰਾ ਲਾਇਆ ਗਿਆ ਜੋ ਵਫਾ ਨਹੀਂ ਹੋਇਆ ਹੈ।
ਅਫਸਰਾਂ ਨੂੰ ਸਜ਼ਾ ਦੇਣ ਦੀ ਮੰਗ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਸਿਰਫ 8- 10 ਹਜ਼ਾਰ ਰੁਪਏ ਦੀ ਨਿਗੂਣੀ ਤਨਖਾਰ ’ਤੇ ਸਫਾਈ ਕਰਮਚਾਰੀ ਜੋ ਕੰਮ ਕਰਦੇ ਉਹ ਹਨ, ਉਸ ਨੂੰ ਹੋਰ ਕੋਈ ਵੀ ਕਰਨ ਦਾ ਸੁਫਨਾ ਤੱਕ ਨਹੀਂ ਲੈ ਸਕਦਾ ਹੈ ਫਿਰ ਵੀ ਉਨ੍ਹਾਂ ਨਾਲ ਪੁਲਿਸ ਨੇ ਜੱਗੋਂ ਤੇਰ੍ਹਵੀਂ ਕੀਤੀ ਹੈ। ਉਨ੍ਹਾਂ ਪੁਲਿਸ ਕਾਰਵਾਈ ਦੀ ਜੁਡੀਸ਼ੀਅਲ ਜਾਂਚ ਕਰਵਾਉਣ, ਪੁਲਿਸ ਅਧਿਕਾਰੀਆਂ ਨੂੰ ਬਣਦੀ ਸਜ਼ਾ ਦੇਣ, ਸਬੰਧਤ ਡੀਐਸਪੀ ਅਤੇ ਐਸਐਚਓ ਨੂੰ ਬਰਖਾਸਤ ਕਰਨ ਅਤੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਕੇ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ।
- Download Babushahi App
-
-