ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਮਜ਼ਦੂਰ ਮੋਰਚੇ ਦੀ ਜਲੰਧਰ ਰੈਲੀ ਦੀ ਸਫਲਤਾ ਲਈ ਮੁਹਿੰਮ ਵਿੱਢਣ ਦਾ ਐਲਾਨ
ਸਫ਼ਾਈ ਕਰਮਚਾਰੀਆਂ ਤੇ ਵਿਦਿਆਰਥੀਆਂ 'ਤੇ ਜ਼ੁਲਮ ਢਾਹੁਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ,24 ਜੁਲਾਈ 2026: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਸੂਬਾ ਕਮੇਟੀ ਮੀਟਿੰਗ ਦੌਰਾਨ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਭਖਦੀਆਂ ਮਜ਼ਦੂਰ ਮੰਗਾਂ ਨੂੰ ਲੈ ਕੇ ਜਲੰਧਰ ਵਿਖੇ 5ਅਗਸਤ ਨੂੰ ਕੀਤੀ ਜਾ ਰਹੀ ਰੈਲੀ ਅਤੇ ਮੁੱਖ ਮੰਤਰੀ ਦੀ ਜਲੰਧਰ ਸਥਿਤ ਵੱਲ ਮਾਰਚ ਕਰਨ ਦੇ ਪ੍ਰੋਗਰਾਮ 'ਚ ਪੰਜਾਬ ਭਰ ਚੋਂ ਵਿਸ਼ਾਲ ਗਿਣਤੀ ਚ ਮਜ਼ਦੂਰ ਮਰਦ ਔਰਤਾਂ ਨੂੰ ਸ਼ਾਮਲ ਕਰਾਉਣ ਦਾ ਫੈਸਲਾ ਲਿਆ ਗਿਆ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਜ਼ਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਮੀਟਿੰਗ ਦੌਰਾਨ ਇਸ ਸੂਬਾਈ ਰੈਲੀ ਤੇ ਮਾਰਚ ਨੂੰ ਸਫ਼ਲ ਬਣਾਉਣ ਅਤੇ ਭਗਵੰਤ ਮਾਨ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਤੇ ਅਮਲਾਂ ਦਾ ਪਰਦਾਫਾਸ਼ ਕਰਨ ਲਈ ਪਿੰਡਾਂ ਦੇ ਅੰਦਰ ਲਾਮਬੰਦੀ ਮੁਹਿੰਮ ਵਿੱਢਣ ਦੀ ਵਿਉਂਤਬੰਦੀ ਕੀਤੀ ਗਈ।
ਇਹ ਮੁਹਿੰਮ ਬਠਿੰਡਾ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਸੰਗਰੂਰ, ਜਲੰਧਰ ਤੇ ਮਲੇਰਕੋਟਲਾ ਜ਼ਿਲਿਆਂ ਚ ਜ਼ੋਰਦਾਰ ਚਲਾਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਖੇਤ ਮਜ਼ਦੂਰਾਂ ਸਮੇਤ ਕਿਰਤੀ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਸੰਘਰਸ਼ੀ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਲਈ ਪੁਲਿਸੀ ਕਹਿਰ ਢਾਹ ਰਹੀ ਹੈ। ਉਹਨਾਂ ਆਖਿਆ ਕਿ ਬਰਨਾਲਾ ਵਿਖੇ ਸਫਾਈ ਕਰਮਚਾਰੀ ਔਰਤਾਂ ਸਮੇਤ ਮਰਦ ਮੈਂਬਰਾਂ 'ਤੇ ਢਾਹੇ ਕਹਿਰ ਨੇ ਇਸ ਸਰਕਾਰ ਦਾ ਔਰਤ ਤੇ ਦਲਿਤ ਵਿਰੋਧੀ ਚਿਹਰਾ ਇੱਕ ਵਾਰ ਫਿਰ ਲੰਗਾਰ ਕਰ ਦਿੱਤਾ ਹੈ।
ਮਜ਼ਦੂਰ ਆਗੂਆਂ ਨੇ ਆਖਿਆ ਕਿ ਆਪ ਸਰਕਾਰ ਆਪਣੀ ਮਜ਼ਦੂਰ ਵਿਰੋਧੀ ਖਸਲਤ ਕਾਰਨ ਮਜ਼ਦੂਰਾਂ ਨੂੰ ਮਨਰੇਗਾ ਦਾ ਕੰਮ ਦੇਣ, ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ,ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕੀ ਹੱਕ ਦੇਣ, ਨਸ਼ਾ ਖਤਮ ਕਰਨ, ਪੈਨਸ਼ਨਾਂ ਦੀ ਰਾਸ਼ੀ ਵਧਾਉਣ, ਖੁਦਕੁਸ਼ੀ ਪੀੜਤਾਂ ਦੀ ਬਾਂਹ ਫੜਨ ਅਤੇ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ 'ਚ ਕਰਨ ਵਰਗੇ ਪੁਖਤਾ ਕਦਮ ਚੁੱਕਣ ਤੋਂ ਭੱਜ ਗਈ ਹੈ।ਉਹਨਾਂ ਆਖਿਆ ਕਿ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੇ ਮਾਮਲੇ 'ਚ ਵੀ ਆਪ ਸਰਕਾਰ ਵੱਲੋਂ ਔਰਤਾਂ ਨਾਲ ਵੱਡਾ ਧੋਖਾ ਧੋਖਾ ਕੀਤਾ ਗਿਆ ਹੈ । ਉਹਨਾਂ ਆਖਿਆ ਕਿ ਤਿੰਨ ਮਹੀਨਿਆਂ 'ਚ ਨਸ਼ਾ ਖਤਮ ਕਰਨ ਦੀ ਗਰੰਟੀ ਦੇ ਬਾਵਜੂਦ ਆਪ ਸਰਕਾਰ ਦੇ ਰਾਜ ਚ ਨਸ਼ੇ ਨਾਲ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ।
ਉਹਨਾਂ ਕਿਹਾ ਕਿ ਆਪ ਸਰਕਾਰ ਨਸ਼ੇ ਦੇ ਥੋਕ ਵਪਾਰੀਆਂ ਤੇ ਥੋਕ ਸਮਗਲਰਾਂ ਨੂੰ ਨੱਥ ਪਾਉਣ ਦੀ ਥਾਂ ਨਸ਼ੇ ਤੋਂ ਪੀੜਤਾਂ ਨੂੰ ਗਿਰਫ਼ਤਾਰ ਕਰਕੇ ਅੰਕੜਿਆਂ ਦੀ ਜਾਦੂਗਰੀ ਰਾਹੀਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦੋਸ਼ ਲਾਇਆ ਮੁੱਖ ਮੰਤਰੀ ਭਗਵੰਤ ਮਾਨ ਅਨੇਕਾਂ ਵਾਰ ਸਾਂਝੇ ਮਜ਼ਦੂਰ ਮੋਰਚੇ ਨੂੰ ਲਿਖਤੀ ਮੀਟਿੰਗਾਂ ਦੇ ਕੇ ਮੀਟਿੰਗ ਕਰਨ ਤੋਂ ਹੀ ਭੱਜ ਗਏ। ਉਹਨਾਂ ਆਖਿਆ ਕਿ ਪੰਜਾਬ ਦੀ ਆਪ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਮਜ਼ਦੂਰ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ। ਖੇਤ ਮਜ਼ਦੂਰ ਆਗੂ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਸੀ ਨੂੰ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਦੀ ਵੀ ਤਬਾਹੀ ਦਾ ਸਾਧਨ ਬਣੇਗੀ।
ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਮੇਜਰ ਸਿੰਘ ਕਾਲੇਕੇ, ਗੁਰਪਾਲ ਸਿੰਘ ਨੰਗਲ ਤੇ ਹਰਭਗਵਾਨ ਸਿੰਘ ਮੂਣਕ ਵੀ ਮੌਜੂਦ ਸਨ। ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਤੇ ਵਹਿਸ਼ੀ ਲਾਠੀਚਾਰਜ ਦੇ ਦੋਸ਼ੀ ਡੀ ਐਸ ਪੀ ਬੈਂਸ ਤੇ ਹੋਰਨਾਂ ਅਧਿਕਾਰੀਆਂ 'ਤੇ ਐਸ ਸੀ ਐਸ ਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਸਫਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਇਸ ਮੌਕੇ ਮਤਾ ਪਾਸ ਕਰਕੇ ਦਿੱਲੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਵਿਦਿਆਰਥੀਆਂ 'ਤੇ ਢਾਹੇ ਪੁਲਿਸ ਜਬਰ ਦੀ ਨਿਖੇਧੀ ਦਾ ਮਤਾ ਪਾਸ ਕੀਤਾ ਗਿਆ ਅਤੇ ਜਬਰ ਕਰਨ ਵਾਲੇ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।