ਮੁਲਾਜ਼ਮ ਕਰਨਗੇ 7 ਅਗਸਤ ਨੂੰ ਮਹਾ ਰੈਲੀ
ਸਾਂਝਾ ਮੁਲਾਜ਼ਮ ਮੰਚ ਵੱਲੋਂ ਸਫਾਈ ਅਤੇ ਮਗਨਰੇਗਾ ਕਰਮਚਾਰੀਆਂ ਤੇ ਕੀਤੇ ਤਸ਼ੱਦਦ ਦੀ ਕੀਤੀ ਨਿਖੇਧੀ
ਸਾਂਝੇ ਮੁਲਾਜ਼ਮ ਮੰਚ ਨੇ ਭਰਾਤਰੀ ਜਥੇਬੰਦੀਆਂ ਦੇ ਸੰਘਰਸ਼ ਦਾ ਕੀਤਾ ਸਮਰਥਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ , 24 ਜੁਲਾਈ 2026: ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੀ ਕੁਆਰਡੀਨੇਸ਼ਨ ਕਮੇਟੀ ਵੱਲੋਂ ਦਿੱਤੀ ਗਈ ਮਹਾਂ ਰੈਲੀ ਸਬੰਧੀ ਅੱਜ ਸਾਂਝੇ ਮੁਲਾਜ਼ਮ ਮੰਚ ਦੀ ਟੀਮ ਨੇ ਚੰਡੀਗੜ੍ਹ ਸਥਿਤ ਵਿੱਤ ਤੇ ਯੋਜਨਾ ਭਵਨ, ਡਾਇਰੈਕਟੋਰੇਟ ਸਥਾਨਕ ਸਰਕਾਰਾਂ ਅਤੇ ਸਿੰਚਾਈ ਵਿਭਾਗ ਦੇ ਦਫ਼ਤਰਾਂ ਵਿੱਚ ਤਾਬੜਤੋੜ ਕੰਮਪੈਨ ਕੀਤੀ ਗਈ। ਮੰਚ ਦੇ ਕੁਆਰਡੀਨੇਟਰ ਸੁਖਚੈਨ ਖਹਿਰਾ, ਚੰਡੀਗੜ੍ਹ ਯੂਨਿਟ ਦੇ ਕਨਵੀਨਰ ਹਰਨੇਕ ਸਿੰਘ, ਮਨਪ੍ਰੀਤ ਸਿੰਘ ਅਤੇ ਹਰਚਰਨ ਸਿੰਘ ਨੇ ਮੁਲਾਜ਼ਮਾਂ ਨੂੰ ਇਸ ਰੈਲੀ ਵਿੱਚ ਵੱਡੀ ਪੱਧਰ ਤੇ ਸਮੂਲੀਅਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵੱਲੋਂ ਮੁਲਾਜ਼ਮਾਂ ਨੂੰ ਇਸ ਰੈਲੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਸੰਘਰਸ਼ ਉਨ੍ਹਾਂ ਦੇ ਵਜੂਦ ਨਾਲ ਅਤੇ ਪੰਜਾਬ ਦੀ ਨੌਜਵਾਨ ਪੀੜੀ ਨਾਲ ਸਬੰਧਤ ਹੈ। ਆਪ ਸਰਕਾਰ ਵੱਲੋਂ ਪੰਜਾਬ ਦੀਆਂ ਬੇਰੁਜ਼ਗਾਰ ਨੌਜਵਾਨਾਂ ਅਤੇ ਪੰਜਾਬ ਸਰਕਾਰ ਅਧੀਨ ਆ ਰਹੇ ਨਵੇਂ ਕਰਮਚਾਰੀਆਂ ਦਾ ਸੋਸ਼ਣ ਇਕ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਇਸ ਲਈ ਸਮੇਂ ਦੀ ਮੰਗ ਹੈ ਕਿ ਇਸ ਰਾਜਨੀਤਿਕ ਸਿਸਟਮ ਨੂੰ ਬਦਲਣ ਲਈ ਅਤੇ ਆਪ ਸਰਕਾਰ ਵਿਰੁੱਧ ਇਕਜੁੱਟਤਾ ਨਾਲ ਸਖ਼ਤ ਸੰਘਰਸ਼ ਕੀਤਾ ਜਾਵੇ। ਆਪ ਸਰਕਾਰ ਦੇ ਇਸ਼ਾਰੇ ਤੇ ਸਫਾਈ ਅਤੇ ਮਗਨਰੇਗਾ ਕਰਮਚਾਰੀਆਂ ਤੇ ਕੀਤੇ ਅਣਮਨੁੱਖੀ ਤਸ਼ੱਦਦ ਦਾ ਸਾਂਝੇ ਮੁਲਾਜ਼ਮ ਮੰਚ ਵੱਲੋਂ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਇਹੋ ਜਿਹਾ ਤਸ਼ੱਦਦ ਭਾਰਤ ਦੇ ਆਜਾਦ ਹੋਣ ਤੋਂ ਪਹਿਲਾਂ ਵਿਦੇਸ਼ੀਆਂ ਵੱਲੋਂ ਵੀ ਨਹੀਂ ਕੀਤਾ ਗਿਆ ਸੀ। ਮੰਚ ਦੇ ਕੁਆਰਡੀਨੇਟਰ ਸੁਖਚੈਨ ਖਹਿਰਾ ਨੇ ਕਿਹਾ ਕਿ ਸਾਂਝਾ ਮੁਲਾਜ਼ਮ ਮੰਚ, ਸਫਾਈ ਅਤੇ ਮਗਨਰੇਗਾ ਕਰਮਚਾਰੀਆਂ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਆਪਣੇ ਸੰਘਰਸ਼ ਲਈ ਮੰਚ ਦੀ ਜੋ ਵੀ ਸੇਵਾ ਲਾਉਣਗੇ ਉਹ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਾਮਿਆਂ ਅਤੇ ਮਾਲ ਵਿਭਾਗ ਦੇ ਪਟਵਾਰੀਆਂ ਦੇ ਹੜਤਾਲ/ਸੰਘਰਸ਼ ਨੂੰ ਸਾਂਝੇ ਮੁਲਾਜ਼ਮ ਮੰਚ ਵੱਲੋਂ ਪੂਰਾ ਸਮਰਥਨ ਦਿੱਤਾ। ਮੰਚ ਦੇ ਆਗੂਆਂ ਨੇ ਸਮੂਹ ਮੁਲਾਜ਼ਮ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ 7 ਅਗਸਤ 2026 ਨੂੰ ਚੰਡੀਗੜ੍ਹ ਵਿਖੇ ਹੋ ਰਹੀ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ।
- Download Babushahi App
-
-