ਬਿਜਲੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਦੋ ਦਿਨ ਲਈ ਹੋਰ ਵਧਾਈ
ਅਸ਼ੋਕ ਵਰਮਾ
ਬਠਿੰਡਾ, 24 ਜੁਲਾਈ 20 26:ਪੀ.ਐਸ.ਈ.ਬੀ.ਈ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ,ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ (ਰਜਿ. ਨੰ. 24), ਐਮ.ਯੂ.ਓ. ਅਤੇ ਸਾਂਝੇ ਧੜੇ ਵਿੱਚ ਸ਼ਾਮਲ ਭਰਾਤਰੀ ਜਥੇਬੰਦੀਆਂ ਵੱਲੋਂ ਪੀ.ਐਸ.ਪੀ.ਸੀ.ਐਲ. ਦਫ਼ਤਰ, ਪਾਵਰ ਹਾਊਸ ਰੋਡ, ਬਠਿੰਡਾ ਵਿਖੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਲਗਾਤਾਰ ਚੌਥੇ ਦਿਨ ਵੀ ਵਿਸ਼ਾਲ ਰੋਸ ਧਰਨਾ ਅਤੇ ਪ੍ਰਦਰਸ਼ਨ ਕੀਤਾ ਗਿਆ।ਬੁਲਾਰਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਪਹਿਲਾਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਾ ਕਰਨ ਦੇ ਰੋਸ ਵਜੋਂ ਸਮੂਹਿਕ ਛੁੱਟੀ ਵਧਾ ਕੇ 25 ਅਤੇ 26 ਜੁਲਾਈ ਤੱਕ ਵਧਾਉਂਦੇ ਹੋਏ ਸਮੂਹਿਕ ਛੁੱਟੀ ਲੈ ਕੇ ਕੰਮ ਬੰਦ ਕੀਤਾ ਜਾਵੇਗਾ ਅਤੇ ਪੂਰੇ ਪੰਜਾਬ ਵਿੱਚ ਪਾਵਰਕਾਮ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। 25 ਜੁਲਾਈ ਨੂੰ ਬਠਿੰਡਾ ਸ਼ਹਿਰ ਵਿੱਚ ਰੋਸ ਕੀਤਾ ਜਾਵੇਗਾ
ਆਗੂਆਂ ਨੇ ਦੱਸਿਆ ਕਿ ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ (OPS) ਦੀ ਬਹਾਲੀ, 17-07-2020 ਦੇ ਪੱਤਰ ਨੂੰ ਵਾਪਸ ਲੈ ਕੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਨਾਲ ਹੋ ਰਹੇ ਵਿਤਕਰੇ ਨੂੰ ਖਤਮ ਕਰਕੇ 35400 ਰੁਪਏ ਬੇਸਿਕ ਪੇ ਲਾਗੂ ਕੀਤੀ ਜਾਵੇ ਮੁਲਾਜ਼ਮਾਂ ਨੂੰ ਜਥੇਬੰਦੀ ਦੇ ਪੈਦਾ ਹੋਏ ਸ਼ੰਕੇ ਦੂਰ ਕਰਨ ਤੱਕ ਸਮਰਾਟ ਫ਼ੋਨ ਨਾ ਦਿੱਤੇ ਜਾਣ ਪਰਵੀਜਨ ਪੀਰਡ ਦੀ ਸ਼ਰਤ ਖ਼ਤਮ ਕਰਕੇ ਪੂਰੀ ਤਨਖਾਹ ਦਿੱਤੀ ਜਾਵੇ, ਛੇਵੇਂ ਪੇ ਕਮਿਸ਼ਨ ਅਨੁਸਾਰ ਸੋਧੇ ਹੋਏ ਤਨਖ਼ਾਹ ਸਕੇਲਾਂ ਦਾ ਬਕਾਇਆ ਜਾਰੀ ਕਰਨਾ, ਬਕਾਇਆ ਮਹਿੰਗਾਈ ਭੱਤੇ (ਡੀ.ਏ.) ਦੀਆਂ ਕਿਸ਼ਤਾਂ ਜਾਰੀ ਕਰਨਾ, ਇੱਕੋ ਕੈਟਾਗਰੀ ਵਿੱਚ ਭਰਤੀ ਵੱਖ-ਵੱਖ ਸੀ.ਆਰ.ਏ. ਵਰਕਰਾਂ ਲਈ “ਬਰਾਬਰ ਕੰਮ, ਬਰਾਬਰ ਤਨਖ਼ਾਹ” ਦਾ ਸਿਧਾਂਤ ਲਾਗੂ ਕਰਨਾ, ਮ੍ਰਿਤਕ ਮੁਲਾਜ਼ਮਾਂ ਦੇ ਵਾਰਿਸਾਂ ਨੂੰ ਨੌਕਰੀ ਦੇਣ ਸਮੇਂ ਸੋਲੇਸੀਅਮ ’ਤੇ 12 ਫ਼ੀਸਦੀ ਵਿਆਜ ਸਮੇਤ ਰਕਮ ਜਮ੍ਹਾਂ ਕਰਵਾਉਣ ਦੀ ਸ਼ਰਤ ਵਾਪਸ ਲੈਣਾ, ਕੰਮ ਦੇ ਭਾਰ ਅਨੁਸਾਰ ਖਾਲੀ ਅਸਾਮੀਆਂ ਨੂੰ ਤੁਰੰਤ ਭਰਨਾ ਅਤੇ ਹੋਰ ਲੰਬਿਤ ਮੰਗਾਂ ਨੂੰ ਲਾਗੂ ਕਰਨਾ ਸ਼ਾਮਲ ਹੈ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਬਿਜਲੀ ਮੰਤਰੀ ਪੰਜਾਬ ਅਤੇ ਪੀ.ਐਸ.ਪੀ.ਸੀ.ਐਲ. ਦੇ ਸੀ.ਐੱਮ.ਡੀ. ਦੀ ਮੌਜੂਦਗੀ ਵਿੱਚ ਪਹਿਲਾਂ ਹੀ ਸਵੀਕਾਰ ਕੀਤਾ ਜਾ ਚੁੱਕਾ ਹੈ, ਪਰ ਪਾਵਰਕਾਮ ਮੈਨੇਜਮੈਂਟ ਵਾਰ-ਵਾਰ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਲਾਗੂ ਨਾ ਕੀਤਾ ਤਾਂ ਸਮੂਹਿਕ ਛੁੱਟੀ ਨੂੰ ਅਣਮਿਥੇ ਸਮੇਂ ਤੱਕ ਵਧਾਇਆ ਜਾਵੇਗਾ। ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਦੀ ਬਜਾਏ ਮੁਲਾਜ਼ਮ ਜਥੇਬੰਦੀਆਂ ਨਾਲ ਤੁਰੰਤ ਗੱਲਬਾਤ ਕਰਕੇ ਉਨ੍ਹਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇ।
ਇਸ ਮੌਕੇ ਭੀਮ ਸੈਨ, ਅਰੁਣ ਕੁਮਾਰ ਤ੍ਰਿਪਾਠੀ, ਦੁਰਗਾ ਦੱਤ, ਹਰਵਿੰਦਰ ਸਿੰਘ ਸੇਖੋਂ, ਹਰਵਿੰਦਰ ਸਿੰਘ ਵਿੱਕੀ, ਹਰੀਸ਼ ਕੁਮਾਰ, ਸਿਧਾਰਥ, ਲਛਮਣ ਸਿੰਘ, ਰਾਜ ਕੁਮਾਰ, ਰਾਮ ਕੁਮਾਰ, ਜਗਦੇਵ ਸਿੰਘ, ਅਮਰਜੀਤ ਸਿੰਘ, ਇੰਜ. ਪਰਮਿੰਦਰ ਸਿੰਘ ਸੋਢੀ (ਜੇ.ਈ.), ਇੰਜ. ਅਵਤਾਰ ਸਿੰਘ (ਏ.ਏ.ਈ.) ਇੰਜ. ਮਨਿੰਦਰ ਸਿੰਘ ਢਿੱਲੋਂ,ਚੰਦਰ ਸ਼ਰਮਾ ਮੰਗਲ ਗਰੁੱਪ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਬਠਿੰਡਾ ਸਰਕਲ ਦੇ ਲਗਭਗ 95 ਫ਼ੀਸਦੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਵਿੱਚ ਸ਼ਮੂਲੀਅਤ ਕਰਨ ’ਤੇ ਸਮੂਹ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਜਿਹੜੇ ਸਾਥੀ ਅਜੇ ਤੱਕ ਇਸ ਸੰਘਰਸ਼ ਤੋਂ ਬਾਹਰ ਹਨ, ਉਨ੍ਹਾਂ ਨੂੰ ਵੀ ਇਸ ਲੋਕਤੰਤਰੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ ਸਮੂਹਿਕ ਛੁੱਟੀ ਕਾਰਨ ਆਮ ਲੋਕਾਂ ਨੂੰ ਬਿਜਲੀ ਸੇਵਾਵਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਦੀ ਹੋਵੇਗੀ, ਕਿਉਂਕਿ ਮੁਲਾਜ਼ਮ ਆਪਣੀਆਂ ਪਹਿਲਾਂ ਤੋਂ ਮੰਨੀਆਂ ਹੋਈਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰਨ ਲਈ ਮਜਬੂਰ ਹਨ।