BREAKING- ਕੇਂਦਰ ਨਾਲ ਮੀਟਿੰਗ ਤੋਂ ਬਾਅਦ ਵੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ 'ਤੇ ਅੜੀ CJP, ਕਿਹਾ- ਮੰਗ ਪੂਰੀ ਹੋਣ ਤੱਕ ਜਾਰੀ ਰਹੇਗਾ ਦੇਸ਼ ਪੱਧਰੀ ਪ੍ਰਦਰਸ਼ਨ
CJP ਆਗੂਆਂ ਦਾ ਵੱਡਾ ਬਿਆਨ: ਵਿਦਿਆਰਥੀਆਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਮੰਨੀ, 25 ਜੁਲਾਈ ਨੂੰ ਅਸਤੀਫ਼ੇ 'ਤੇ ਹੋਵੇਗਾ ਫੈਸਲਾ
Babushahi Network
ਨਵੀਂ ਦਿੱਲੀ, 24 ਜੁਲਾਈ 2026 - ਦੇਸ਼ ਭਰ ਵਿੱਚ ਵਿਦਿਆਰਥੀਆਂ ਦੇ ਹੱਕਾਂ ਅਤੇ ਸਿੱਖਿਆ ਪ੍ਰਣਾਲੀ ਨਾਲ ਜੁੜੇ ਭਖਦੇ ਮੁੱਦਿਆਂ ਨੂੰ ਲੈ ਕੇ 'ਸੀਜੇਪੀ' (CJP) ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ।ਕੇਂਦਰੀ ਮੰਤਰੀ ਜੇਪੀ ਨੱਢਾ ਅਤੇ ਜਤਿੰਦਰ ਸਿੰਘ ਨਾਲ ਮੀਟਿੰਗ ਤੋਂ CJP ਦੇ ਪ੍ਰਮੁੱਖ ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣਾ ਰੁੱਖ ਬਿਲਕੁਲ ਸਾਫ਼ ਕਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ CJP ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਕਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸਰਕਾਰ ਸਾਹਮਣੇ ਪੂਰੀ ਮਜ਼ਬੂਤੀ ਨਾਲ ਇਹ ਮੰਗ ਰੱਖੀ ਹੈ ਕਿ ਦੇਸ਼ ਦੇ ਮੌਜੂਦਾ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਦਰ ਵਿਦਿਆਰਥੀਆਂ ਅਤੇ ਸਿੱਖਿਆ ਵਿਵਸਥਾ ਨੂੰ ਲੈ ਕੇ ਜੋ ਨਾਜ਼ੁਕ ਮਾਹੌਲ ਬਣ ਚੁੱਕਾ ਹੈ, ਉਸ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸਿੱਖਿਆ ਮੰਤਰੀ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਇਸ ਵੇਲੇ ਭਾਰੀ ਰੋਸ ਹੈ ਅਤੇ ਲਗਾਤਾਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਉੱਠ ਰਹੀ ਹੈ। CJP ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਪ੍ਰਦਰਸ਼ਨ ਕੋਈ ਅਸਥਾਈ ਵਿਰੋਧ ਨਹੀਂ ਹੈ। ਜਦੋਂ ਤੱਕ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੁੱਖ ਮੰਗ ਪੂਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਦੇਸ਼ ਭਰ ਵਿੱਚ ਇਹ ਸ਼ਾਂਤਮਈ ਪ੍ਰਦਰਸ਼ਨ ਅਤੇ ਰੋਸ ਧਰਨੇ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੀਟਿੰਗ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ 'ਤੇ ਗੰਭੀਰਤਾ ਦਿਖਾਈ ਹੈ। ਸਰਕਾਰੀ ਨੁਮਾਇੰਦਿਆਂ ਨੇ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ 25 ਜੁਲਾਈ ਨੂੰ ਦੁਪਹਿਰ ਤੱਕ ਇਸ ਪੂਰੇ ਮਾਮਲੇ 'ਤੇ ਸਰਕਾਰ ਦੇ ਉੱਚ ਪੱਧਰ 'ਤੇ ਮੰਥਨ (ਵਿਚਾਰ-ਵਟਾਂਦਰਾ) ਕੀਤਾ ਜਾਵੇਗਾ। ਇਸ ਮੰਥਨ ਤੋਂ ਬਾਅਦ ਹੀ ਇਹ ਅੰਤਿਮ ਡਿਸਾਈਡ (ਫ਼ੈਸਲਾ) ਹੋਵੇਗਾ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਦੇਣਗੇ ਜਾਂ ਨਹੀਂ।
ਦੋ ਪ੍ਰਮੁੱਖ ਮੰਗਾਂ ਮੰਨਣ ਲਈ ਤਿਆਰ ਹੋਈ ਸਰਕਾਰ
CJP ਆਗੂਆਂ ਨੇ ਇਹ ਵੀ ਦੱਸਿਆ ਕਿ ਬੈਠਕ ਦੌਰਾਨ ਸਰਕਾਰ ਨੇ ਉਨ੍ਹਾਂ ਦੀਆਂ ਦੋ ਹੋਰ ਪ੍ਰਮੁੱਖ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ। ਸਰਕਾਰ ਨੇ ਮੰਨਿਆ ਹੈ ਕਿ ਹਾਲ ਹੀ ਦੇ ਮੌਜੂਦਾ ਹਾਲਾਤਾਂ ਅਤੇ ਮਾਨਸਿਕ ਤਣਾਅ ਕਾਰਨ, ਜਿਨ੍ਹਾਂ ਵਿਦਿਆਰਥੀਆਂ ਨੇ ਖੁਦਕੁਸ਼ੀ ਵਰਗਾ ਦੁਖਦ ਕਦਮ ਚੁੱਕਿਆ ਹੈ, ਉਨ੍ਹਾਂ ਦੇ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਉਚਿਤ ਵਿੱਤੀ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਨੇ ਇੱਕ ਹੋਰ ਮੰਗ 'ਤੇ ਵੀ ਸਹਿਮਤੀ ਪ੍ਰਗਟਾਈ ਹੈ। CJP ਦੇ ਆਗੂਆਂ ਨੇ ਅੰਤ ਵਿੱਚ ਕਿਹਾ ਕਿ ਉਹ 25 ਜੁਲਾਈ ਦੁਪਹਿਰ ਤੱਕ ਸਰਕਾਰ ਦੇ ਅੰਤਿਮ ਫੈਸਲੇ ਦਾ ਇੰਤਜ਼ਾਰ ਕਰਨਗੇ, ਪਰ ਜੇਕਰ ਅਸਤੀਫ਼ੇ ਦੀ ਮੰਗ 'ਤੇ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ ਦੇਸ਼ ਵਿਆਪੀ ਅੰਦੋਲਨ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।
- Download Babushahi App
-
-