ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰਾਂ ਨਾਲ ਹੈਪੇਟਾਈਟਿਸ ਅਤੇ ਐਚ.ਆਈ.ਵੀ-ਏਡਜ਼ ਰੋਕਥਾਮ ਸਬੰਧੀ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 24 ਜੁਲਾਈ 2026 :ਸਿਵਲ ਸਰਜਨ ਡਾਕਟਰ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੀ ਜ਼ਿਲ੍ਹੇ ਦੇ ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰਾਂ ਦੇ ਨੁਮਾਇੰਦਿਆਂ ਨਾਲ ਹੈਪੇਟਾਈਟਿਸ ਅਤੇ ਐਚ.ਆਈ.ਵੀ./ਏਡਜ਼ ਦੀ ਰੋਕਥਾਮ, ਜਾਂਚ ਅਤੇ ਇਲਾਜ ਸਬੰਧੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾਕਟਰ ਤਪਿੰਦਰਜੋਤ ਨੇ ਕਿਹਾ ਕਿ ਨਸ਼ੇ ਦੇ ਟੀਕਿਆਂ ਰਾਹੀਂ ਸੇਵਨ ਕਰਨ ਵਾਲੇ ਵਿਅਕਤੀਆਂ ਵਿੱਚ ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ ਅਤੇ ਐਚ.ਆਈ.ਵੀ. ਸੰਕਰਮਣ ਦਾ ਖਤਰਾ ਵੱਧ ਹੁੰਦਾ ਹੈ। ਇਸ ਲਈ ਨਸ਼ਾ ਛੁਡਾਓ ਕੇਂਦਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਕੋਲ ਇਲਾਜ ਅਧੀਨ ਹਰ ਮਰੀਜ਼ ਨੂੰ ਸਮੇਂ ਸਿਰ ਜਾਂਚ ਅਤੇ ਲੋੜੀਂਦੀਆਂ ਸਿਹਤ ਸੇਵਾਵਾਂ ਨਾਲ ਜੋੜਨ।
ਜਿਲ੍ਹਾ ਨੋਡਲ ਅਫ਼ਸਰ ਏਡਜ ਕੰਟਰੋਲ ਸੁਸਾਇਟੀ ਡਾਕਟਰ ਰੋਜੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਿਹਤ ਸੰਸਥਾਨਾਂ ਵਿੱਚ ਐਚ.ਆਈ.ਵੀ. ਅਤੇ ਹੈਪੇਟਾਈਟਿਸ ਦੀ ਜਾਂਚ, ਸਲਾਹ-ਮਸ਼ਵਰਾ ਅਤੇ ਇਲਾਜ ਦੀਆਂ ਸੇਵਾਵਾਂ ਉਪਲਬਧ ਹਨ। ਮਰੀਜ਼ਾਂ ਦੀ ਗੋਪਨੀਯਤਾ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਂਦਾ ਹੈ। ਉਨ੍ਹਾਂ ਨੇ ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰਾਂ ਨੂੰ ਅਪੀਲ ਕੀਤੀ ਕਿ ਸ਼ੱਕੀ ਮਰੀਜ਼ਾਂ ਨੂੰ ਨੇੜਲੇ ਆਈ.ਸੀ.ਟੀ.ਸੀ., ਏ.ਆਰ.ਟੀ. ਸੈਂਟਰ ਅਤੇ ਹੈਪੇਟਾਈਟਿਸ ਇਲਾਜ ਕੇਂਦਰਾਂ ਵਿਖੇ ਰੈਫਰ ਕੀਤਾ ਜਾਵੇ।
ਐਚ.ਆਈ.ਵੀ. ਦੀ ਸਮੇਂ ਸਿਰ ਜਾਂਚ, ਸੁਰੱਖਿਅਤ ਵਿਵਹਾਰ, ਸੂਈਆਂ ਅਤੇ ਸਿਰਿੰਜਾਂ ਦੀ ਸੁਰੱਖਿਅਤ ਵਰਤੋਂ, ਹੈਪੇਟਾਈਟਿਸ ਤੋਂ ਬਚਾਅ ਅਤੇ ਮਰੀਜ਼ਾਂ ਦੀ ਕੌਂਸਲਿੰਗ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਮੀਟਿੰਗ ਵਿੱਚ ਹਾਜ਼ਰ ਨਸ਼ਾ ਛੁਡਾਓ ਕੇਂਦਰਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਮਰੀਜ਼ਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਦਿਵਾਉਣ ਲਈ ਸਿਹਤ ਵਿਭਾਗ ਨਾਲ ਤਾਲਮੇਲ ਬਣਾਈ ਰੱਖਣ।ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਊਸ਼ਾ ਗੋਇਲ, ਕੌਂਸਲਰਾਂ ਅਤੇ ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।