ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਖ਼ਿਲਾਫ਼ FIR ਦਰਜ, ਕੁੱਟਮਾਰ ਤੇ ਪਿਸਤੌਲ ਦਿਖਾ ਕੇ ਧਮਕਾਉਣ ਦੇ ਦੋਸ਼
Ravinder Singh
ਮੋਹਾਲੀ, 23 ਜੁਲਾਈ 2026- ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਮੋਹਾਲੀ ਦੇ ਥਾਣਾ ਮਟੌਰ ਵਿੱਚ ਕੁੱਟਮਾਰ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਅਸਲਾ ਦਿਖਾ ਕੇ ਡਰਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 115(2), 126(2), 351(2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/27-54-59 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਰਹਿਮਤ ਮਰਵਾਹਾ, ਜੋ ਚੰਡੀਗੜ੍ਹ ਦੇ ਸੈਕਟਰ-20ਏ ਦਾ ਵਸਨੀਕ ਅਤੇ ਇੱਕ ਮਿਊਜ਼ਿਕ ਕੰਪਨੀ ਦਾ ਸੰਚਾਲਕ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਕਰੀਬ ਪੰਜ-ਛੇ ਮਹੀਨੇ ਪਹਿਲਾਂ ਉਸ ਨੇ ਦਿਲਪ੍ਰੀਤ ਢਿੱਲੋਂ ਦੀ ਟੀ-ਸੀਰੀਜ਼ ਨਾਲ ਗਾਣੇ ਦੀ ਡੀਲ ਕਰਵਾਉਣ ਲਈ ਗੱਲਬਾਤ ਕਰਵਾਈ ਸੀ, ਪਰ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ।
ਸ਼ਿਕਾਇਤ ਅਨੁਸਾਰ, 22 ਜੁਲਾਈ ਦੀ ਰਾਤ ਕਰੀਬ 11:30 ਵਜੇ ਉਹ ਆਪਣੇ ਦੋਸਤ ਦੇ ਫਲੈਟ ਵਿੱਚ ਮੌਜੂਦ ਸੀ, ਜਿੱਥੇ ਦਿਲਪ੍ਰੀਤ ਢਿੱਲੋਂ ਵੀ ਪਹੁੰਚ ਗਿਆ। ਉੱਥੇ ਡੀਲ ਨਾ ਹੋਣ ਦੀ ਰੰਜਿਸ਼ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਰਹਿਮਤ ਮਰਵਾਹਾ ਨੇ ਦੋਸ਼ ਲਗਾਇਆ ਕਿ ਦਿਲਪ੍ਰੀਤ ਢਿੱਲੋਂ ਨੇ ਉਸ ਨਾਲ ਹੱਥੋਪਾਈ ਕਰਦੇ ਹੋਏ ਕੁੱਟਮਾਰ ਕੀਤੀ, ਇੱਕ ਕਮਰੇ ਵਿੱਚ ਲੈ ਜਾ ਕੇ ਲੱਤਾਂ-ਮੁੱਕਿਆਂ ਨਾਲ ਹਮਲਾ ਕੀਤਾ ਅਤੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮ ਨੇ ਉਸ ਅਤੇ ਉਸਦੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਜ਼ਖ਼ਮੀ ਹਾਲਤ ਵਿੱਚ ਸ਼ਿਕਾਇਤਕਰਤਾ ਨੇ ਸਿਵਲ ਹਸਪਤਾਲ ਫੇਜ਼-6, ਮੋਹਾਲੀ ਵਿੱਚ ਇਲਾਜ ਕਰਵਾਇਆ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ ਨੇ ਥਾਣਾ ਮਟੌਰ ਪਹੁੰਚ ਕੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ।
ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਅਤੇ ਮੁੱਢਲੀ ਜਾਂਚ ਦੇ ਆਧਾਰ 'ਤੇ ਐਫਆਈਆਰ ਦਰਜ ਕਰ ਲਈ ਗਈ ਹੈ। ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ ਅਤੇ ਸਬੂਤਾਂ ਦੇ ਆਧਾਰ 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਗੌਰਤਲਬ ਹੈ ਕਿ ਇਹ ਦੋਸ਼ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਹਨ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਮਾਮਲੇ ਦੀ ਅਸਲ ਸਥਿਤੀ ਸਪੱਸ਼ਟ ਹੋਵੇਗੀ।
- Download Babushahi App
-
-