ਟਿੱਪਰ ਕਰਮਚਾਰੀਆਂ ਦੀਆਂ 5 ਮਹੀਨੇ ਤਨਖਾਹਾਂ ਰੋਕਣੀਆਂ ਸਰਾਸਰ ਅਨਿਆਂ - ਨਾਗਰਿਕ ਚੇਤਨਾ ਮੰਚ
ਅਸ਼ੋਕ ਵਰਮਾ
ਬਠਿੰਡਾ, 24 ਜੁਲਾਈ 2026 : ਨਾਗਰਿਕ ਚੇਤਨਾ ਮੰਚ ਬਠਿੰਡਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਪ੍ਰੈਸ ਸਕੱਤਰ ਡਾ.ਅਜੀਤਪਾਲ ਸਿੰਘ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਵਾਲੇ ਨਗਰ ਨਿਗਮ ਦੇ 150 ਟਿੱਪਰ ਕਰਮਚਾਰੀ ਬਹੁਤ ਗਰੀਬ ਹਨ ਅਤੇ ਪੰਜ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਆਰਥਿਕ ਮਦਹਾਲੀ ਦੀ ਮਾਰ ਝੱਲ ਰਹੇ ਹਨ l ਕਈ ਕਰਮਚਾਰੀਆਂ ਨੇ ਬੱਚਿਆਂ ਦੀ ਫੀਸ ਬਿਜਲੀ ਪਾਣੀ ਦੇ ਬਿੱਲ ਤੇ ਘਰ ਦਾ ਰਾਸ਼ਨ ਤੱਕ ਚਟਾਉਣ ਚ ਇਸ ਅਸਮਰਥਤਾ ਜਤਾਈ ਹੈ l ਡੋਰ ਟੂ ਡੋਰ ਕੂੜਾ ਚੁੱਕਣ ਵਾਲੇ ਜੁੜੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਹਰਰੋਜ ਸਵੇਰੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਣਾਈ ਰੱਖਣ ਲਈ ਪੂਰੀ ਜਿੰਮੇਵਾਰੀ ਨਾਲ ਕੰਮ ਕਰ ਰਹੇ ਹਨ ਪਰ ਬਦਲੇ ਚ ਉਹਨਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ l
ਉਹਨਾਂ ਕਿਹਾ ਕਿ ਕਈ ਵਾਰ ਨਗਰ ਅਧਿਕਾਰੀਆਂ ਦੇ ਸਾਹਮਣੇ ਸਮੱਸਿਆ ਰੱਖੀ ਹੈ ਪਰ ਹਰ ਵਾਰੀ ਸਿਰਫ ਭਰੋਸਾ ਹੀ ਮਿਲਿਆ ਹੈ l ਪਰਿਵਾਰ ਚਲਾਉਣ ਲਈ ਰਿਸ਼ਤੇਦਾਰਾਂ ਤੇ ਦੁਕਾਨਦਾਰਾਂ ਤੋਂ ਉਧਾਰ ਲਿਆ ਪਰ ਹੁਣ ਦੁਕਾਨਦਾਰਾਂ ਨੇ ਵੀ ਉਧਾਰ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਕਰਮਚਾਰੀਆਂ ਦਾ ਤਾਂ ਕਹਿਣਾ ਹੈ ਕਿ ਰੋਜਾਨਾ ਕੰਮ ਕਰਨ ਦੇ ਬਾਵਜੂਦ ਖਾਲੀ ਜੇਬ ਲੈ ਕੇ ਘਰ ਪਰਤਣਾ ਸਭ ਤੋਂ ਵੱਡੀ ਮਜਬੂਰੀ ਬਣ ਗਿਆ ਹੈ। ਉਹਨਾਂ ਦਾ ਦੋਸ਼ ਹੈ ਕਿ ਇਹ ਪਹਿਲੀ ਵਾਰੀ ਨਹੀਂ ਹੋਇਆ ਜਦੋਂ ਤਨਖਾਹ ਭੁਗਤਾਨ ਚ ਦੇਰੀ ਹੋਈ ਹੋਵੇ l ਲਗਭਗ ਹਰ ਵਾਰੀ ਤਨਖਾਹ ਜਾਰੀ ਕਰਨ ਲਈ ਪ੍ਰਸਾਸ਼ਨਿਕ ਮਨਜੂਰੀ ਦਾ ਬਹਾਨਾ ਬਣਾਇਆ ਜਾਂਦਾ ਹੈ l ਚੇਤਨਾ ਮੰਚ ਨੇ ਮੰਗ ਕੀਤੀ ਹੈ ਕਿ ਇਹਨਾਂ ਕਰਮਚਾਰੀਆਂ ਦੀਆਂ ਤਨਖਾਹਾਂ ਤੁਰੰਤ ਰਿਲੀਜ ਕੀਤੀਆਂ ਜਾਣ ਤਾਂ ਕਿ ਉਹ ਆਪਣਾ ਘਰ ਬਾਰ ਚਲਾ ਸਕਣ l