ਤੰਬਾਕੂ ਵਿਰੁੱਧ ਕੱਢੀ ਗਈ Rally
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 17 ਸਤੰਬਰ,2025 : ਸਰਕਾਰੀ ਕਾਲਜ ਮਹੈਣ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਨੀਤਾ ਅਨੰਦ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ ਬੱਡੀ ਪ੍ਰੋਗਰਾਮ ਅਧੀਨ ਤੰਬਾਕੂ , ਸਿਗਰਟਨੋਸ਼ੀ ਅਤੇ ਤੰਬਾਕੂ ਵਿਰੁੱਧ ਇਕ ਜਾਗਰੂਕ ਰੈਲੀ ਕੱਢੀ ਗਈ । ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਵਿਚਾਰ ਪ੍ਰਗਟਾਉਣ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਬੀ . ਏ ਭਾਗ ਤੀਜਾ ਦੀ ਨਾਜੀਆ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਦੇਸ਼ ਭਰ 'ਚ 90.8 ਮਿਲੀਅਨ ਮਰਦ ਅਤੇ 13.5 ਮਿਲੀਅਨ ਔਰਤਾਂ ਸਿਗਰਟਨੋਸ਼ੀ ਕਰਦੀਆਂ ਹਨ। ਤੰਬਾਕੂ ਵਿਚ ਇਕ ਹਜ਼ਾਰ ਤੋਂ ਵੱਧ ਖ਼ਤਰਨਾਕ ਤੱਤ ਹੁੰਦੇ ਹਨ ,ਜਿਨ੍ਹਾਂ ਵਿਚ ਨਿਕੋਟੀਨ , ਅਮੋਨੀਆ, ਆਰਸੈਨਿਕ , ਕਾਰਬਨ ਮੋਨੋਆਕਸਾਈਡ , ਹਾਈਡ੍ਰੋਜਨ ਸਾਈਆਨਾਈਡ ਨੈਪਥਾਈਲ 'ਤਾਰ ਅਤੇ ਰੇਡਿਓ ਐਕਟਿਵ ਆਦਿ ਤੱਤ ਸਭ ਤੋਂ ਖ਼ਤਰਨਾਕ ਹਨ। ਦੂਜੇ ਨੰਬਰ ਤੇ ਆਉਣ ਵਾਲੇ ਬੀ .ਏ ਭਾਗ ਦੂਜਾ ਦੇ ਜਸਕਰਨ ਸਿੰਘ ਅਤੇ ਬੀ. ਕਾਮ ਭਾਗ ਤੀਜਾ ਦੀ ਜਸਨਪ੍ਰੀਤ ਕੌਰ ਨੇ ਕਿਹਾ ਕਿ ਦੇਸ਼ ਭਰ 'ਚ ਸਲਾਨਾ 3500 ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਦਾ ਸੇਵਨ ਹੈ ।
ਇਸ ਤਰ੍ਹਾਂ ਹੀ ਦੇਸ਼ ਭਰ ਵਿਚ ਸਲਾਨਾ 6.5 ਲੱਖ ਲੋਕਾਂ ਦੀ ਮੌਤ ਦਾ ਕਾਰਨ ਸਿਗਰਟਨੋਸ਼ੀ ਹੈ ਅਤੇ ਤੰਬਾਕੂ ਖਾਣ ਜਾਂ ਸਿਗਰਟਨੋਸੀ ਕਰਨ ਨਾਲ ਵਿਅਕਤੀ ਦੀ ਉਮਰ 22 ਸਾਲ ਘੱਟ ਜਾਂਦੀ ਹੈ। ਇੱਕ ਸਿਗਰਟ ਦਾ ਸੇਵਨ ਹੀ ਜਿੰਦਗੀ ਦੇ ਚਾਰ ਮਿੰਟ ਘਟਾ ਦਿੰਦਾ ਹੈ। ਇਸ ਮੌਕੇ ਤੀਜੇ ਨੰਬਰ ਤੇ ਆਉਣ ਵਾਲੇ ਬੀ .ਏ ਭਾਗ ਦੂਜਾ ਦੀ ਸੀਖਾ ਰਾਨੀ ਅਤੇ ਬੀ. ਕਾਮ ਭਾਗ ਪਹਿਲਾ ਦੀ ਹਰਪ੍ਰੀਤ ਕੌਰ ਨੇ ਕਿਹਾ ਕਿ ਤੰਬਾਕੂ ਖਾਣ ਨਾਲ ਸਾਹ ਨਲੀ ਵਿਚ ਸੋਜ਼ , ਪੇਟ ਗੈਸ ਦੀ ਸਮੱਸਿਆ ਅਤੇ ਦਿਲ ਤੇ ਖੂਨ ਦੀਆਂ ਬੀਮਾਰੀਆਂ ਲੱਗਦੀਆਂ ਹਨ। ਕੈਂਸਰ ਦੇ ਸਮੁੱਚੇ ਕੇਸਾਂ ਵਿਚ 40 ਫੀਸਦੀ ਦਾ ਕਾਰਨ ਤੰਬਾਕੂ ਸੇਵਨ ਹੈ । ਸਿਗਰਟਨੋਸ਼ੀ ਨਾਲ ਖੂਨ ਨਾੜਾਂ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਖੂਨ ਦੇ ਥੱਕੇ ਬਣ ਜਾਂਦੇ ਹਨ। ਸਿਗਰਟਨੋਸ਼ੀ ਦੇ ਧੁੰਏ ਦੀ ਲਪੇਟ ਵਿਚ ਆਉਣ ਵਾਲੇ ਬੱਚਿਆਂ ਵਿਚ ਸਾਹ ਨਲੀ ਦੀ ਸੋਜ਼ , ਦਮੇ ਦੀ ਬੀਮਾਰੀ ਅਤੇ ਉਹਨਾਂ ਦੇ ਫੇਫੜੀਆਂ ਦੇ ਵਿਕਾਸ ਵਿਚ ਕਮੀ ਆ ਸਕਦੀ ਹੈ। ਇਸ ਮੌਕੇ ਪ੍ਰੋ: ਬੋਬੀ , ਪ੍ਰੋ: ਅਮਿਤ ਕੁਮਾਰ ਯਾਦਵ ਅਤੇ ਪ੍ਰੋ : ਸ਼ਰਨਦੀਪ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਤੋ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੀ ਊਰਜਾ ਨੂੰ ਰਚਨਾਤਮਕ ਕੰਮਾਂ ਵਿਚ ਲਗਾਉਣਾ ਚਾਹੀਦਾ ਹੈ । ਨੌਜਵਾਨ ਵਰਗ ਨੂੰ ਨਸ਼ਾ ਵਿਰੋਧੀ ਪ੍ਰਚਾਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਨਸ਼ਾ ਮੁਕਤ ਸਮਾਜ ਨਾਲ ਹੀ ਦੇਸ਼ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।