ਜਨਮ ਤੋਂ 16 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਜਾਣੋ ਸਭ ਕੁਝ, ਸਿਹਤ ਵਿਭਾਗ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2025 : ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ, ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜ਼ਿਲ੍ਹੇ ਦੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਦਾ ਜਨਮ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਦਾ ਮੁਕੰਮਲ ਟੀਕਾਕਰਨ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਹਰ ਬੁੱਧਵਾਰ ਨੂੰ ਇਹ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਸਿਹਤਮੰਦ ਭਵਿੱਖ ਲਈ 100% ਟੀਕਾਕਰਨ ਦਾ ਟੀਚਾ
ਸਿਵਲ ਸਰਜਨ ਨੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਟੀਕਾਕਰਨ ਦਾ 100% ਟੀਚਾ ਹਾਸਲ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਬੱਚਾ ਇਸ ਸੁਰੱਖਿਆ ਕਵਚ ਤੋਂ ਵਾਂਝਾ ਨਾ ਰਹੇ। ਗਰਭਵਤੀ ਔਰਤਾਂ ਨੂੰ ਵੀ ਟੈਟਨਸ ਦੇ ਟੀਕੇ ਲਗਵਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਜੱਚਾ ਅਤੇ ਬੱਚਾ ਦੋਵੇਂ ਸੁਰੱਖਿਅਤ ਰਹਿਣ।
ਬੱਚੇ ਦਾ ਟੀਕਾਕਰਨ ਕਾਰਡ: ਇੱਕ ਜ਼ਰੂਰੀ ਗਾਈਡ
ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਟੀਕਾਕਰਨ ਬੱਚਿਆਂ ਨੂੰ ਕਈ ਜਾਨਲੇਵਾ ਬਿਮਾਰੀਆਂ ਜਿਵੇਂ ਕਿ ਟੀ.ਬੀ., ਪੋਲੀਓ, ਕਾਲੀ ਖਾਂਸੀ, ਗਲਘੋਟੂ, ਨਿਮੋਨੀਆ ਅਤੇ ਪੀਲੀਆ ਤੋਂ ਬਚਾਉਂਦਾ ਹੈ।
1. ਜਨਮ ਸਮੇਂ: ਬੀ.ਸੀ.ਜੀ, ਪੋਲੀਓ ਅਤੇ ਹੈਪੇਟਾਈਟਸ।
2. ਡੇਢ, ਢਾਈ ਅਤੇ ਸਾਢੇ ਤਿੰਨ ਮਹੀਨੇ 'ਤੇ: ਪੈਂਟਾਵੈਲੈਂਟ, ਪੋਲੀਓ ਅਤੇ ਰੋਟਾਵਾਇਰਸ।
3. 9 ਮਹੀਨੇ 'ਤੇ: ਖਸਰਾ-ਰੂਬੇਲਾ (MR) ਅਤੇ ਨਿਮੋਕੋਕਲ।
4. 16 ਮਹੀਨੇ ਤੋਂ 5 ਸਾਲ ਤੱਕ: ਐਮ.ਆਰ. ਅਤੇ ਡੀ.ਪੀ.ਟੀ. ਦੀਆਂ ਬੂਸਟਰ ਡੋਜ਼।
5. 10 ਅਤੇ 16 ਸਾਲ 'ਤੇ: ਟੈਟਨਸ-ਡਿਪਥੀਰੀਆ (TD) ਦਾ ਟੀਕਾ।
ਮਾਪਿਆਂ ਲਈ ਜ਼ਰੂਰੀ ਜਾਣਕਾਰੀ
ਉਨ੍ਹਾਂ ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਟੀਕਾਕਰਨ ਤੋਂ ਬਾਅਦ ਬੱਚੇ ਨੂੰ ਹਲਕਾ ਬੁਖਾਰ ਹੋ ਸਕਦਾ ਹੈ, ਜੋ ਕਿ ਇੱਕ ਆਮ ਗੱਲ ਹੈ ਅਤੇ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਟੀਕਾ ਸਰੀਰ ਵਿੱਚ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ।