ਕੁਲਜੀਤ ਰੰਧਾਵਾ ਵਲੋਂ ਬਲਟਾਣਾ (ਜ਼ੀਰਕਪੁਰ) ਨੇੜੇ ਸੁਖਨਾ ਚੋਅ ਉੱਪਰ ਬਣਨ ਵਾਲੇ ਹਾਈ ਲੈਵਲ ਪੁੱਲ ਦੀ ਉਸਾਰੀ ਨੀਂਹ ਪੱਥਰ
ਹਰਜਿੰਦਰ ਸਿੰਘ ਭੱਟੀ
ਜ਼ੀਰਕਪੁਰ (ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ) 11, ਜੁਲਾਈ 2025: ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਪੁਲਿਸ ਸਟੇਸ਼ਨ ਬਲਟਾਣਾ, ਜ਼ੀਰਕਪੁਰ ਨੇੜੇ ਸੁਖਨਾ ਚੋਅ ਉੱਪਰ ਹਾਈ ਲੈਵਲ ਪੁੱਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਪੈਂਦੇ ਬਲਟਾਣਾ ਏਰੀਏ ਵਿਖੇ ਚੰਡੀਗੜ੍ਹ-ਜ਼ੀਰਕਪੁਰ ਸੜਕ ਨੂੰ ਜੋੜਣ ਵਾਲੀ ਸੜਕ ਉੱਪਰ ਦੀ ਸੁਖਨਾ ਚੋਅ ਲੰਘਦਾ ਹੈ, ਜਿਸ ਉਤੇ ਸਬਮਰਸੀਬਲ ਪੁੱਲ ਬਣਿਆ ਹੋਇਆ ਹੈ। ਬਰਸਾਤ ਦੌਰਾਨ ਆਏ ਹੜ੍ਹਾਂ ਕਾਰਨ ਪਾਣੀ ਇਸ ਪੁੱਲ ਦੇ ਉੱਪਰੋਂ ਦੀ ਲੰਘਣ ਕਾਰਨ ਰਸਤਾ ਬੰਦ ਹੋ ਜਾਂਦਾ ਹੈ, ਜਿਸ ਕਾਰਨ ਇਲਾਕੇ ਦੇ ਨਿਵਾਸੀਆਂ ਬਰਸਾਤਾਂ ਅਤੇ ਹੜ੍ਹਾਂ ਦੌਰਾਨ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਰਾਜ ਸਰਕਾਰ ਵੱਲੋਂ ਗਠਿਤ ਵਿਧਾਨ ਸਭਾ ਕਮੇਟੀ ਦੀ 13 ਸਤੰਬਰ 2024 ਨੂੰ ਹੋਈ ਮੀਟਿੰਗ ਵਿੱਚ ਬਲਟਾਣਾ ਵਿਖੇ ਸੁਖਨਾ ਚੋਅ ਉਤੇ ਪੁਰਾਣੇ ਬਣੇ ਸਬਮਰਸੀਬਲ ਪੁੱਲ ਦੀ ਜਗ੍ਹਾ ਉਤੇ ਹਾਈ ਲੈਵਲ ਪੁੱਲ ਦੀ ਉਸਾਰੀ ਕਰਨ ਦਾ ਫੈਸਲਾ ਲਿਆ ਗਿਆ ਅਤੇ ਇਸ ਕੰਮ ਲਈ ਪ੍ਰਸਾਸ਼ਕੀ ਪ੍ਰਵਾਨਗੀ/ਫੰਡਜ਼ ਦਫਤਰ ਮਿਊਂਸਪਲ ਕੋਂਸਲ, ਜ਼ੀਰਕਪੁਰ ਵੱਲੋਂ ਜਾਰੀ ਕੀਤੇ ਗਏ ਹਨ, ਜਿਸ ਦੀ ਲਾਗਤ 592.66 ਲੱਖ ਰੁਪਏ ਬਣਦੀ ਹੈ। ਇਸ ਨਵੇਂ ਬਣਨ ਜਾ ਰਹੇ ਹਾਈ ਲੈਵਲ ਪੁੱਲ ਦੀ ਉਸਾਰੀ ਨਾਲ ਬਲਟਾਣਾ ਇਲਾਕੇ ਦੇ ਵਸਨੀਕਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਵੇਗਾ ਅਤੇ ਹੜ੍ਹਾਂ ਦੇ ਮੌਸਮ ਦੌਰਾਨ ਵੀ ਇਹ ਰਸਤਾ ਚਲਦਾ ਰਹੇਗਾ ਅਤੇ ਆਵਾਜਾਈ ਪ੍ਰਭਾਵਿਤ ਨਹੀਂ ਹੋਵੇਗੀ।
ਵਧੇਰੇ ਜਾਣਕਾਰੀ ਦਿੰਦੇ ਹੋਏ ਰੰਧਾਵਾ ਨੇ ਅੱਗੇ ਦੱਸਿਆ ਕਿ ਇਸ ਉਸਾਰੇ ਜਾਣ ਵਾਲੇ ਪੁੱਲ ਦੀ ਲੰਬਾਈ 50 ਮੀਟਰ, ਚੌੜਾਈ 12 ਮੀਟਰ ਸਮੇਤ ਫੁੱਟਪਾਥ ਅਤੇ ਦੋਵੇਂ ਪਾਸੇ ਅਪਰੋਚ ਸੜਕ ਦੀ ਲੰਬਾਈ 185 ਮੀਟਰ ਹੈ।
ਇਸ ਪੁੱਲ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆਂ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਡੇਰਾਬਸੀ ਅਧੀਨ ਇਸ ਖੇਤਰ ਵਿਚ ਹਾਈ ਲੈਵਲ ਪੁੱਲ ਦੀ ਘਾਟ ਕਾਰਨ ਬਰਸਾਤ ਦੇ ਮੌਸਮ ਵਿਚ ਇਹ ਇਲਾਕਾ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਸੀ, ਜਿਸ ਕਾਰਨ ਸਥਾਨਕ ਲੋਕਾਂ ਨੂੰ ਜਿੱਥੇ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਹੀ ਪ੍ਰਸ਼ਾਸਨ ਨੂੰ ਵੀ ਸਥਿਤੀ ਨਾਲ ਨਜਿੱਠਣ ਵਿਚ ਮੁਸ਼ਕਿਲ ਪੇਸ਼ ਆਉਂਦੀ ਸੀ ਅਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
ਆਪਣੇ ਸੰਬੋਧਨ ਵਿੱਚ ਵਿਧਾਇਕ ਰੰਧਾਵਾ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਘਰ ਨੂੰ ਭਰਨ ਤੋਂ ਬਿਨਾਂ ਲੋਕਾਂ ਦੇ ਕੰਮ ਕਾਰ ਕਰਨ ਤੇ ਬੁਨਿਆਦੀ ਸਹੂਲਤਾਂ ਬਾਰੇ ਕਦੇ ਨਹੀਂ ਸੋਚਿਆ ਗਿਆ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦਰ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਤੇ ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਦੀ ਲੋਕਾਂ ਪ੍ਰਤੀ ਦੂਰ ਅੰਦੇਸ਼ੀ ਸੋਚ ਸਦਕਾ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।