ਵੱਡੀ ਖ਼ਬਰ: Canada 'ਚ Kapil Sharma ਦੇ Cafe 'ਤੇ ਹੋਈ Firing
ਸਰੀ (ਕੈਨੇਡਾ), 10 ਜੁਲਾਈ 2025 - ਕਾਮੇਡੀ ਦੀ ਦੁਨੀਆ ਦੇ ਸੁਪਰਸਟਾਰ ਕਪਿਲ ਸ਼ਰਮਾ ਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਖੋਲ੍ਹੇ ਗਏ ਕੈਫੇ 'ਤੇ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕੁਝ ਸ਼ੱਕੀ ਲਗਾਤਾਰ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ।
ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਕੁਝ ਦਿਨ ਪਹਿਲਾਂ ਹੀ ਕੈਪਸ ਕੈਫੇ ਲਾਂਚ ਕੀਤਾ ਸੀ। ਇਹ ਕੈਫੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਿਚ ਸਥਿਤ ਹੈ। ਸਰੀ ਸ਼ਹਿਰ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੈਂਦਾ ਹੈ ਅਤੇ ਇੱਥੇ ਦੱਖਣੀ ਏਸ਼ੀਆਈ ਭਾਈਚਾਰੇ ਦੀ ਵੱਡੀ ਆਬਾਦੀ ਹੈ। ਉਦਘਾਟਨ ਤੋਂ ਬਾਅਦ ਕੈਫੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਸੀ।
ਵੀਡੀਓ ਫੁਟੇਜ ਵਿੱਚ ਕੁਝ ਨਕਾਬਪੋਸ਼ ਨੌਜਵਾਨ ਲਗਾਤਾਰ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ। ਭਾਵੇਂ ਇਸ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਸੁਰੱਖਿਆ ਏਜੰਸੀਆਂ ਹੁਣ ਫੁਟੇਜ ਦੀ ਜਾਂਚ ਕਰ ਰਹੀਆਂ ਹਨ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਕੈਨੇਡਾ ਦੀ ਸਥਾਨਕ ਪੁਲਿਸ ਦੇ ਨਾਲ-ਨਾਲ ਭਾਰਤੀ ਖੁਫੀਆ ਏਜੰਸੀਆਂ ਨੇ ਵੀ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਇਹ ਖਦਸ਼ਾ ਹੈ ਕਿ ਇਹ ਹਮਲਾ ਕਿਸੇ ਅਪਰਾਧੀ ਗਿਰੋਹ ਜਾਂ ਫਿਰੌਤੀ ਨਾਲ ਜੁੜਿਆ ਹੋ ਸਕਦਾ ਹੈ। ਫਿਲਹਾਲ ਕਪਿਲ ਸ਼ਰਮਾ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।