ਖੇਤੀਬਾੜੀ ਵਿਭਾਗ ਨੇ ਪਿੰਡ ਪੱਕਾ, ਸੰਗਤ ਤੇ ਫੂਲੋ ਮਿੱਠੀ ‘ਚ ਲਾਏ ਕਿਸਾਨ ਜਾਗਰੂਕਤ ਕੈਂਪ
ਅਸ਼ੋਕ ਵਰਮਾ
ਬਠਿੰਡਾ, 13 ਜੂਨ 2025 : ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ 2025 ਤਹਿਤ ਸਾਉਣੀ ਦੀਆਂ ਫਸਲਾਂ ਪ੍ਰਤੀ ਜਾਗਰੂਕ ਕਰਨ ਲਈ ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ 29 ਮਈ ਤੋਂ ਲੈ ਕੇ 12 ਜੂਨ ਤੱਕ ਲਗਾਤਾਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਪਹੁੰਚ ਕਰਕੇ ਕਿਸਾਨ ਜਾਗਰੂਕਤਾ ਕੈਂਪ, ਨੁਕੜ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਰਾਹੀਂ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਕਰਨ ਤੇ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਖੇਤੀ ਸਕੀਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਮੁਹਿੰਮ ਦੀ ਲੜੀ ਦੇ ਤਹਿਤ ਜ਼ਿਲ੍ਹੇ ਅਧੀਨ ਪੈਂਦੇ ਸੰਗਤ ਬਲਾਕ ਦੇ ਪਿੰਡ ਪੱਕਾ, ਸੰਗਤ ਤੇ ਫੁੱਲੋ ਮਿੱਠੀ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ ਕਿਸਾਨਾਂ ਦੇ ਨਾਲ-ਨਾਲ ਕਿਸਾਨ ਬੀਬੀਆਂ ਵੱਲੋਂ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।
ਇਸ ਦੌਰਾਨ ਕੇ.ਵੀ.ਕੇ. ਪ੍ਰੋਫੈਸਰ (ਪਸਾਰ ਸਿਖਿਆ) ਡਾ. ਗੁਰਮੀਤ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਕੇ.ਵੀ.ਕੇ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ, ਸਿਖਲਾਈ ਕੋਰਸਾਂ, ਸਾਉਣੀ ਦੀਆਂ ਫਸਲਾਂ ਦੀ ਬਿਜਾਈ ਸਬੰਧੀ ਨੁਕਤੇ, ਬੀਜ ਸੋਧ ਅਤੇ ਸੰਯੁਕਤ ਕੀਟ ਪ੍ਰਬੰਧਨ ਆਦਿ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਦੌਰਾਨ ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਅਤੇ ਫੂਡ ਇੰਜੀਨਰਿੰਗ) ਡਾ. ਰਮਨਦੀਪ ਕੌਰ ਨੇ ਫਾਰਮਰ ਪ੍ਰੋਡੂਸਰ ਸਭਾ ਦੇ ਫਾਇਦੇ ਦੱਸਦਿਆਂ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਐਗਰੋ ਪ੍ਰੋਸੈਸਿੰਗ ਯੂਨਿਟ, ਸੁਚੱਜਾ ਮੰਡੀਕਰਨ, ਤੇਲ ਬੀਜ ਅਤੇ ਦਾਲ ਫਸਲਾਂ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਕਰਕੇ ਮੁੱਲ ਵਧਾਊ ਉਤਪਾਦ ਪੈਦਾ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਬਾਗਬਾਨੀ ਵਿਕਾਸ ਅਫਸਰ ਸ਼੍ਰੀ ਨਵਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਫਲਾਂ ਅਤੇ ਸਬਜੀਆਂ ਦੀ ਕਾਸ਼ਤ ਵੱਲ ਪ੍ਰੇਰਿਆਂ ਅਤੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ। ਜ਼ਿਲ੍ਹਾ ਸਿਖਲਾਈ ਅਫਸਰ ਡਾ ਹਰਜਸ ਸ਼ਰਮਾ ਅਤੇ ਵਿਸ਼ਾ ਵਸਤੂ ਮਾਹਿਰ ਸ਼੍ਰੀ ਹਰਦੀਪ ਸਿੰਘ ਨੇ ਝੋਨੇ ਅਤੇ ਨਰਮੇ ਦੀਆਂ ਫਸਲਾਂ ਵਿੱਚ ਸੁਚੱਜੇ ਖਾਦ ਪ੍ਰਬੰਧਨ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਇਫਕੋ ਤੋਂ ਆਏ ਨੁਮਾਇੰਦੇ ਸ਼੍ਰੀ ਯਾਦਵਿੰਦਰ ਸਿੰਘ ਨੇ ਡਰੋਨ ਵਿਧੀ ਰਾਹੀਂ ਸਪਰੇਅ ਤਕਨੀਕ ਬਾਰੇ ਜਾਗਰੂਕ ਕਰਵਾਇਆ। ਇਨ੍ਹਾਂ ਕੈਂਪਾਂ ਦੌਰਾਨ ਖੇਤੀ ਸਬੰਧੀ ਸਾਹਿਤ ਅਤੇ ਪ੍ਰਕਾਸ਼ਨਾਵਾਂ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ ਅਗਾਂਹਵਧੂ ਕਿਸਾਨ ਸ. ਅਵਤਾਰ ਸਿੰਘ, ਸ. ਗੁਰਸੇਵਕ ਸਿੰਘ ਖਾਲਸਾ ਅਤੇ ਸ. ਕਰਨਬੀਰ ਸਿੰਘ ਨੇ ਵਿਸ਼ੇਸ ਧੰਨਵਾਦ ਕੀਤਾ ਅਤੇ ਕਿਸਾਨਾਂ ਦੇ ਖੇਤੀਬਾੜੀ ਨਾਲ ਸਬੰਧਤ ਗਿਆਨ ਵਿੱਚ ਵਾਧਾ ਕਰਨ ਲਈ ਲਗਾਏ ਗਏ ਕੈਂਪਾਂ ਦੀ ਸ਼ਲਾਘਾ ਵੀ ਕੀਤੀ।