ਆਈ.ਟੀ.ਆਈ. ਇਲਾਕੇ `ਚ ਨਵਾਂ ਸੀਵਰੇਜ ਪਾਉਣ ਲਈ 10 ਕਰੋੜ ਰੁਪਏ ਮਨਜ਼ੂਰ
- ਹਰ ਘਰ ਨੂੰ ਸਾਫ਼ ਤੇ ਸ਼ੁੱਧ ਪਾਣੀ ਦੇਣ ਲਈ ਅੰਮ੍ਰਿਤ-2 ਸਕੀਮ ਮਨਜ਼ੂਰ ,ਜਲ ਸਪਲਾਈ ਸਕੀਮ ਉੱਪਰ 23.45 ਕਰੋੜ ਰੁਪਏ ਖਰਚੇ ਜਾਣਗੇ_ਚੇਅਰਮੈਨ ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 1 ਜੂਨ 2025 - ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਗੁਰਦਾਸਪੁਰ ਹਲਕੇ ਦੇ ਸਰਬਪੱਖੀ ਵਿਕਾਸ ਦੇ ਏਥੋਂ ਦੇ ਵਸਨੀਕਾਂ ਨੂੰ ਸੁੱਖ-ਸਹੂਲਤਾਂ ਦੇਣ ਲਈ ਉਪਰਾਲੇ ਲਗਾਤਾਰ ਜਾਰੀ ਹਨ। ਇਨ੍ਹਾਂ ਯਤਨਾ ਸਦਕਾ ਹੀ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਪੰਜਾਬ ਸਰਕਾਰ ਕੋਲੋਂ ਗੁਰਦਾਸਪੁਰ ਸ਼ਹਿਰ ਦੇ ਸੀਵਰੇਜ ਤੋਂ ਵਾਂਝੇ ਇਲਾਕਿਆਂ ਵਿੱਚ ਨਵਾਂ ਸੀਵਰੇਜ ਪਵਾਉਣ ਲਈ 10 ਕਰੋੜ ਰੁਪਏ ਅਰਬਨ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ ਵਿਚੋਂ ਮਨਜ਼ੂਰ ਕਰਵਾ ਲਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਦੇ ਜੀਟੀ ਰੋਡ ਉੱਪਰ ਆਈ.ਟੀ.ਆਈ. ਦੇ ਇਲਾਕੇ ਵਿੱਚ ਸੀਵਰੇਜ ਨਹੀਂ ਸੀ, ਜਿਸ ਕਾਰਨ ਏਥੋਂ ਦੇ ਵਸਨੀਕ ਦਹਾਕਿਆਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਰਿਵਾਇਤੀ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਇਲਾਕੇ ਦੇ ਲੋਕਾਂ ਦੀ ਸੀਵਰੇਜ ਸਮੱਸਿਆ ਤਾਂ ਕੀ ਹੱਲ ਕਰਨੀ ਸੀ ਸਗੋਂ ਇਨ੍ਹਾਂ ਨੂੰ ਝੂਠੇ ਲਾਰੇ ਲਗਾ ਕੇ ਵੋਟਾਂ ਹਾਸਲ ਕਰਦੇ ਰਹੇ। ਸ੍ਰੀ ਬਹਿਲ ਨੇ ਕਿਹਾ ਕਿ ਆਈ.ਟੀ.ਆਈ. ਇਲਾਕੇ ਦੇ ਵਸਨੀਕਾਂ ਨੇ ਆਪਣੀ ਸੀਵਰੇਜ ਦੀ ਸਮੱਸਿਆ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਤਾਂ ਉਨ੍ਹਾਂ ਨੇ ਇਸ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨਾਲ ਰਾਬਤਾ ਕਰਕੇ ਇਸ ਸਮੱਸਿਆ ਦੇ ਹੱਲ ਲਈ ਆਪਣੇ ਯਤਨ ਜਾਰੀ ਰੱਖੇ। ਸ੍ਰੀ ਬਹਿਲ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਇਸ ਇਲਾਕੇ ਵਿੱਚ ਨਵਾਂ ਸੀਵਰੇਜ ਪਾਉਣ ਲਈ ਅਰਬਨ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ ਵਿਚੋਂ 10 ਕਰੋੜ ਰੁਪਏ ਮਨਜ਼ੂਰ ਕਰ ਲਏ ਗਏ ਹਨ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਸ ਮਹੀਨੇ ਨਵੇਂ ਸੀਵਰੇਜ ਪਾਉਣ ਲਈ ਟੈਂਡਰ ਲੱਗ ਜਾਵੇਗਾ ਜੋ 21 ਦਿਨਾਂ ਬਾਅਦ ਖੁੱਲ਼੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਜੁਲਾਈ ਵਿੱਚ ਸੀਵਰੇਜ ਲਾਈਨਾਂ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਬਹਿਲ ਨੇ ਕਿਹਾ ਕਿ ਇਹ ਸੀਵਰੇਜ ਪੈਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਤਹਿਤ ਗੁਰਦਾਸਪੁਰ ਸ਼ਹਿਰ ਦੇ ਹੋਰ ਰਹਿੰਦੇ ਇਲਾਕਿਆਂ ਵਿੱਚ ਵੀ ਸੀਵਰੇਜ ਪਾਇਆ ਜਾਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਇੱਕ ਹੋਰ ਖੁਸ਼ਖਬਰੀ ਸਾਂਝੀ ਕਰਦਿਆਂ ਅੱਗੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਕੋਲੋਂ ਗੁਰਦਾਸਪੁਰ ਸ਼ਹਿਰ ਲਈ ਅੰਮ੍ਰਿਤ-2 ਸਕੀਮ ਵੀ ਮਨਜ਼ੂਰ ਕਰਵਾ ਲਈ ਹੈ, ਜਿਸ ਤਹਿਤ 36 ਕਿਲੋਮੀਟਰ ਵਾਟਰ ਸਪਲਾਈ ਦੀ ਲਾਈਨ ਗੁਰਦਾਸਪੁਰ ਸ਼ਹਿਰ ਵਿੱਚ ਵਿਛਾਈ ਜਾਵੇਗੀ। ਇਸ ਪ੍ਰੋਜੈਕਟ ਉੱਪਰ 23.45 ਕਰੋੜ ਰੁਪਏ ਖਰਚ ਹੋਣਗੇ।
ਉਨ੍ਹਾਂ ਦੱਸਿਆ ਕਿ ਅੰਮ੍ਰਿਤ-2 ਤਹਿਤ ਜਲ ਸਪਲਾਈ ਸਕੀਮ ਦੇ ਪਹਿਲੇ ਪੜਾਅ ਲਈ 18 ਕਰੋੜ ਰੁਪਏ ਦੇ ਟੈਂਡਰ ਜਲ ਸਪਲਾਈ ਵਿਭਾਗ ਵੱਲੋਂ ਲਗਾਏ ਗਏ ਹਨ ਜੋ 20 ਜੂਨ 2025 ਨੂੰ ਖੁੱਲ੍ਹ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਜਲ ਸਪਲਾਈ ਯੋਜਨਾ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਸਕੀਮ ਤਹਿਤ ਨਬੀਪੁਰ ਕਲੋਨੀ, ਨਬੀਪੁਰ ਪਿੰਡ, ਬਾਬੋਵਾਲ, ਮਾਨ ਕੌਰ ਸਿੰਘ, ਜੇਲ੍ਹ ਰੋਡ 'ਤੇ ਯਸ ਹਸਪਤਾਲ ਦੇ ਆਲੇ-ਦੁਆਲੇ ਗੋਬਿੰਦ ਨਗਰ ਅਤੇ ਮਿਲਕ ਪਲਾਂਟ ਦੇ ਨੇੜੇ ਵਾਲੇ ਇਲਾਕੇ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤੋਂ ਬਾਅਦ ਦੂਜੇ ਪੜਾਅ ਵਿੱਚ ਸ਼ਹਿਰ ਦੇ ਹੋਰ ਰਹਿ ਗਏ ਇਲਾਕਿਆਂ ਨੂੰ ਵੀ ਕਵਰ ਕੀਤਾ ਜਾਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜਲ ਸਪਲਾਈ ਸਕੀਮ ਮੁਕੰਮਲ ਹੋਣ ਨਾਲ ਗੁਰਦਾਸਪੁਰ ਸ਼ਹਿਰ ਦੇ ਹਰ ਘਰ ਨੂੰ ਸਾਫ਼ ਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਮਿਲੇਗੀ। ਸ੍ਰੀ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਦੇ ਵਸਨੀਕ ਉਨ੍ਹਾਂ ਦੇ ਆਪਣੇ ਪਰਿਵਾਰ ਦਾ ਹਿੱਸਾ ਹਨ ਅਤੇ ਉਨ੍ਹਾਂ ਦੀ ਹਮੇਸ਼ਾਂ ਇਹ ਕੋਸ਼ਿਸ਼ ਰਹੀ ਹੈ ਕਿ ਉਹ ਆਪਣੇ ਲੋਕਾਂ ਦੀ ਹਰ ਮੰਗ ਨੂੰ ਪੂਰਾ ਕਰਕੇ ਉਨ੍ਹਾਂ ਦੇ ਜੀਵਨ-ਪੱਧਰ ਨੂੰ ਉੱਚਾ ਚੁੱਕਿਆ ਜਾਵੇ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸੀਵਰੇਜ ਅਤੇ ਜਲ ਸਪਲਾਈ ਦੇ ਵੱਡੇ ਪ੍ਰੋਜੈਕਟ ਮਨਜ਼ੂਰ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਦਾ ਵੀ ਧੰਨਵਾਦ ਕੀਤਾ ਹੈ।