ਪੀ.ਏ.ਯੂ. ਦੇ VC ਨੇ ਮਸ਼ੀਨਰੀ ਬਾਰੇ ਨਵੀਨ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ
ਲੁਧਿਆਣਾ 3 ਜੂਨ,2025 - ਪੀ.ਏ.ਯੂ. ਅਤੇ ਖੇਤੀ ਮਸ਼ੀਨਰੀ ਵਿਸ਼ੇਸ਼ ਤੌਰ ਤੇ ਟਰੈਕਟਰ ਅਤੇ ਹੋਰ ਔਜ਼ਾਰ ਬਨਾਉਣ ਲਈ ਪ੍ਰਸਿੱਧ ਕੰਪਨੀ ਟੈਫੇ ਵੱਲੋਂ ਖੇਤੀ ਮਸ਼ੀਨਰੀ ਲਈ ਸਹਿਯੋਗ ਵਧਾਉਣ ਦੇ ਸਮਝੌਤੇ ਤਹਿਤ ਅੱਜ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੀ.ਏ.ਯੂ. ਟੈਫੇ ਲਰਨਿੰਗ ਕੇਂਦਰ ਦਾ ਉਦਘਾਟਨ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵਿਚ ਕੀਤਾ| ਜ਼ਿਕਰਯੋਗ ਹੈ ਕਿ ਇਸ ਸਮਝੌਤੇ ਦੇ ਉਦੇਸ਼ ਖੇਤੀ ਖੋਜ ਅਤੇ ਸਿੱਖਿਆ ਲਈ ਦੋਵਾਂ ਸੰਸਥਾਵਾਂ ਵੱਲੋਂ ਮਿਲ ਕੇ ਕਾਰਜ ਕਰਨਾ ਹੈ|
ਆਪਣੇ ਉਦਘਾਟਨੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਡਾ. ਗੋਸਲ ਨੇ ਯੂਨੀਵਰਸਿਟੀ ਦੇ ਖੋਜ, ਸਿੱਖਿਆ ਅਤੇ ਪਸਾਰ ਪ੍ਰੋਗਰਾਮਾਂ ਰਾਹੀਂ ਖੇਤੀ ਦੇ ਨਾਲ-ਨਾਲ ਸਹਿਯੋਗੀ ਖੇਤਰਾਂ ਵਿਚ ਕੀਤੇ ਜਾਣ ਵਾਲੇ ਕਾਰਜਾਂ ਉੱਪਰ ਚਾਨਣਾ ਪਾਇਆ| ਉਹਨਾਂ ਕਿਹਾ ਕਿ ਜਿੱਥੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਯੂਨੀਵਰਸਿਟੀ ਦਾ ਮੁੱਖ ਮੰਤਵ ਹੈ ਉੱਥੇ ਕਿਸਾਨ ਅਤੇ ਕਿਸਾਨੀ ਦੀ ਭਲਾਈ ਲਈ ਢੁੱਕਵੀਂ ਖੋਜ ਅਤੇ ਵਿਕਸਿਤ ਤਕਨਾਲੋਜੀਆਂ ਨੂੰ ਆਮ ਕਿਸਾਨ ਤੱਕ ਪਹੁੰਚਾਉਣਾ ਵੀ ਯੂਨੀਵਰਸਿਟੀ ਦੀ ਪਹਿਲਕਦਮੀ ਹੈ| ਡਾ. ਗੋਸਲ ਨੇ ਕਿਹਾ ਕਿ ਪੇਂਡੂ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਅਤੇ ਖੇਤੀ ਦੀਆਂ ਕਾਰੋਬਾਰੀ ਜੁਗਤਾਂ ਨਾਲ ਜੋੜਨਾ ਅਜੋਕੇ ਸਮੇਂ ਦੀ ਮੰਗ ਹੈ ਅਤੇ ਯੂਨੀਵਰਸਿਟੀ ਇਸ ਦਿਸ਼ਾ ਵਿਚ ਨਿਰੰਤਰ ਖੋਜ ਵਿਚ ਲੀਨ ਹੈ| ਉਹਨਾਂ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਕੰਪਨੀਆਂ ਦੇ ਸਹਿਯੋਗ ਨਾਲ ਨਵੀਆਂ ਤਕਨਾਲੋਜੀਆਂ ਦੇ ਵਿਕਾਸ ਲਈ ਵਚਬੱਧਤਾ ਨੂੰ ਦੁਹਰਾਇਆ ਅਤੇ ਮਨੁੱਖੀ ਸਰੋਤ ਦੇ ਨਾਲ-ਨਾਲ ਖੇਤੀ ਮੁਹਾਰਤ ਅਤੇ ਮਸ਼ੀਨਰੀ ਲਈ ਹੋਰ ਕੋਸ਼ਿਸ਼ਾਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵਿਚ ਜਾਰੀ ਖੋਜ ਗਤੀਵਿਧੀਆਂ ਅਤੇ ਵਿਸ਼ੇਸ਼ ਤੌਰ ਤੇ ਖੇਤੀ ਮਸ਼ੀਨਰੀ ਨਾਲ ਸੰਬੰਧਤ ਖੋਜਾਂ ਬਾਰੇ ਆਪਣੇ ਵਿਚਾਰ ਰੱਖੇ| ਉਹਨਾਂ ਕਿਹਾ ਕਿ ਅਕਾਦਮਿਕ ਅਤੇ ਉਦਯੋਗਿਕ ਸੰਸਥਾਵਾਂ ਨਾਲ ਸਹਿਯੋਗ ਕਰਕੇ ਮੌਜੂਦਾ ਖੇਤੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਸਰੋਤ ਪੈਦਾ ਕੀਤੇ ਜਾ ਸਕਣਗੇ|
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਪੀ.ਏ.ਯੂ. ਅਤੇ ਟੈਫੇ ਵਿਚਕਾਰ ਸਮਝੌਤੇ ਦੇ ਲਾਭਕਾਰੀ ਨਤੀਜਿਆਂ ਬਾਰੇ ਆਸ ਪ੍ਰਗਟਾਈ| ਉਹਨਾਂ ਕਿਹਾ ਕਿ ਸੰਸਥਾਵਾਂ ਵਿਚਕਾਰ ਤਜਰਬਿਆਂ ਦਾ ਆਦਾਨ-ਪ੍ਰਦਾਨ ਖੇਤੀ ਵਿਗਿਆਨੀਆਂ ਅਤੇ ਕਿਸਾਨਾਂ ਲਈ ਬੇਹੱਦ ਗੁਣਾਤਮਕ ਤਬਦੀਲੀ ਲਿਆ ਸਕੇਗਾ| ਟੈਫੇ ਦੀ ਪੇਸ਼ੇਵਰ ਪਹੁੰਚ ਅਤੇ ਪੀ.ਏ.ਯੂ. ਦੀ ਸੰਸਥਾਈ ਵਿਰਾਸਤ ਮਿਲ ਕੇ ਇਸ ਖੇਤਰ ਵਿਚ ਨਵੇਂ ਦਿਸਹੱਦੇ ਸਿਰਜ ਸਕਣਗੇ| ਉਹਨਾਂ ਨੇ ਟੈਫੇ ਵੱਲੋਂ ਬੀ ਟੈੱਕ ਦੇ ਵਿਦਿਆਰਥੀਆਂ ਦੇ ਮੁਹੱਈਆ ਕਰਾਈ ਜਾਣ ਵਾਲ ਇੰਟਰਨਸ਼ਿਪ ਦਾ ਜ਼ਿਕਰ ਵੀ ਕੀਤਾ ਅਤੇ ਦੱਸਿਆ ਕਿ ਬੀਤੇ 10 ਸਾਲਾਂ ਦੌਰਾਨ 203 ਵਿਦਿਆਰਥੀ ਇਸ ਦਾ ਹਿੱਸਾ ਬਣੇ ਜਿਨ੍ਹਾਂ ਵਿੱਚੋਂ 10 ਨੂੰ ਟੈਫੇ ਵਿਚ ਬਿਹਤਰੀਨ ਨੌਕਰੀ ਮਿਲੀ| ਇਸ ਮੌਕੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਔਲਖ ਨੇ ਵੀ ਇਸ ਸਮਝੌਤੇ ਉਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ|
ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਵਿਭਾਗ ਵੱਲੋਂ ਕੀਤੇ ਜਾ ਰਹੇ ਖੋਜ ਅਤੇ ਅਕਾਦਮਿਕ ਕਾਰਜਾਂ ਉੱਪਰ ਰੌਸ਼ਨੀ ਪਾਈ ਅਤੇ ਕਿਹਾ ਕਿ ਵਿਭਾਗ ਦੇਸ਼ ਦੀ ਉੱਤਮ ਖੇਤੀ ਮਸ਼ੀਨਰੀ ਦਾ ਵਿਕਾਸ ਕਰਨ ਲਈ ਲਗਾਤਾਰ ਯਤਨਸ਼ੀਲ ਹੈ| ਉਹਨਾਂ ਦੱਸਿਆ ਕਿ ਰਾਸ਼ਟਰੀ ਪੱਧਰ ਤੇ ਪ੍ਰਭਾਵਸ਼ਾਲੀ ਮਸ਼ੀਨਰੀ ਵਿੱਚੋਂ 45 ਪ੍ਰਤੀਸ਼ਤ ਦੇ ਕਰੀਬ ਮਸ਼ੀਨਰੀ ਉਹਨਾਂ ਦੇ ਵਿਭਾਗ ਵੱਲੋਂ ਵਿਕਸਿਤ ਕੀਤੀ ਗਈ ਹੈ|
ਟੈਫੇ ਦੇ ਪ੍ਰਮੁੱਖ ਅਧਿਕਾਰੀ ਇੰਜ. ਗੌਰਵ ਸੂਦ ਨੇ ਉਹਨਾਂ ਦੀ ਕੰਪਨੀ ਵੱਲੋਂ ਅਫਰੀਕਾ, ਸ਼੍ਰੀ ਲੰਕਾ, ਬੰਗਲਾਦੇਸ਼ ਅਤੇ ਯੂਰਪ ਦੇ ਹੋਰ ਹਿੱਸਿਆਂ ਵਿਚ ਜਾਰੀ ਗਤੀਵਿਧੀਆਂ ਨਾਲ ਤੁਆਰਫ ਕਰਵਾਇਆ|ਉਹਨਾਂ ਆਸ ਪ੍ਰਗਟਾਈ ਕਿ ਪੀ.ਏ.ਯੂ. ਨਾਲ ਸਮਝੌਤੇ ਤੋਂ ਬਾਅਦ ਕੰਪਨੀ ਕੋਲ ਜ਼ਮੀਨੀ ਪੱਧਰ ਦਾ ਖੇਤੀ ਅਤੇ ਪਸਾਰ ਤਜਰਬਾ ਹੋਵੇਗਾ| ਇਸੇ ਨੂੰ ਅਧਾਰ ਬਣਾ ਕੇ ਖੇਤੀ ਸਿੱਖਿਆ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕੇਗੀ| ਇਸ ਮੌਕੇ ਡਾ. ਵਿਸ਼ਾਲ ਬੈਕਟਰ ਅਤੇ ਡਾ. ਤਰਸੇਮ ਸਿੰਘ ਢਿੱਲੋਂ ਦੇ ਨਾਲ ਡਾ. ਰੋਹਨੀਸ਼ ਖੁਰਾਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ| ਅੰਤ ਵਿਚ ਡਾ. ਅਸੀਮ ਵਰਮਾ ਨੇ ਸਭ ਦਾ ਧੰਨਵਾਦ ਕੀਤਾ|