Babushahi Special: ਵੱਡੇ ਠਾਣੇਦਾਰ ਦਾ ਬਿਸਤਰਾ ਗੋਲ, ‘ਪਿੰਡ ਵਿਕਾਊ’ ਲਿਖਣ ਵਾਲੇ ਨੂੰ ਬੋਲੇ ਸੀ ਧਮਕੀਆਂ ਭਰੇ ਬੋਲ
ਅਸ਼ੋਕ ਵਰਮਾ
ਬਠਿੰਡਾ, 3 ਜੂਨ 2025: ਬਲਾਕ ਮੌੜ ’ਚ ਪੈਂਦੇ ਪਿੰਡ ਭਾਈ ਬਖਤੌਰ ’ਚ ਪਹਿਲੀ ਜੂਨ ਨੂੰ ਪਿੰਡ ’ਚ ਚਿੱਟੇ ਦੀ ਵਿੱਕਰੀ ਤੋਂ ਅੱਕ ਕੇ ‘ਸਾਡਾ ਪਿੰਡ ਵਿਕਾਊ ਹੈ’ ਪੋਸਟਰ ਲਾਉਣ ਵਾਲੇ ਨੌਜਵਾਨ ਲਖਵੀਰ ਸਿੰਘ ਉਰਫ ਲੱਖੀ ਸਿੱਧੂ ਨੂੰ ਕਥਿਤ ਧਮਕੀਆਂ ਦੇਣ ਵਾਲੇ ਥਾਣਾ ਕੋਟਫੱਤਾ ਦੇ ਐਸਐਚਓ ਇੰਸਪੈਕਟਰ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਫੇਸਬੁੱਕ ਤੇ ਲਾਈਵ ਵੀਡੀਓ ਰਾਹੀਂ ਲੱਖੀ ਸਿੱਧੂ ਨੇ ਬੀਤੀ ਦੇਰ ਸ਼ਾਮ ਕਾਫੀ ਭਾਵੁਕ ਅੰਦਾਜ਼ ’ਚ ਧਮਕੀਆਂ ਦੇਣ ਸਬੰਧੀ ਖੁਲਾਸਾ ਕੀਤਾ ਸੀ। ਵੀਡੀਓ ਜਨਤਕ ਹੋਣ ਤੋਂ ਬਾਅਦ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੇ ਥਾਣਾ ਨੰਦਗੜ੍ਹ ਦੇ ਐਸਐਚਓ ਸੰਦੀਪ ਭਾਟੀ ਨੂੰ ਮੌਕੇ ਤੇ ਭੇਜਿਆ ਸੀ ਜਿਨ੍ਹਾਂ ਨੇ ਲਖਵੀਰ ਸਿੰਘ ਨੂੰ ਸ਼ਾਂਤ ਕੀਤਾ ਸੀ। ਜਿਲ੍ਹਾ ਪੁਲਿਸ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ ਤੇ ਪੋਸਟ ਪਾਕੇ ਧਮਕੀਆਂ ਦੇਣ ਦੇ ਮਾਮਲੇ ਸਬੰਧੀ ਸਫਾਈ ਦਿੱਤੀ ਹੈ।
ਪਿੰਡ ਭਾਈ ਬਖਤੌਰ ’ਚ ਚਿੱਟਾ ਤਸਕਰਾਂ ਨੇ 31 ਮਈ ਰਾਤ ਨੂੰ ਸਾਬਕਾ ਫੌਜੀ ਰਣਵੀਰ ਸਿੰਘ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਸਨ ਜੋ ਬਠਿੰਡਾ ਦੇ ਹਸਪਤਾਲ ’ਚ ਜੇਰੇ ਇਲਾਜ ਹੈ। ਇਸ ਤੋਂ ਬਾਅਦ ਲੱਖੀ ਸਿੱਧੂ ਨੇ ਪਿੰਡ ਦੇ ਬਾਹਰਵਾਰ ਇਹ ਪੋਸਟਰ ਲਾ ਦਿੱਤਾ ਅਤੇ ਲਾਈਵ ਹੋਕੇ ਪਿੰਡ ਵਿਚਲੀ ਭਿਆਨਕ ਸਥਿਤੀ ਸਬੰਧੀ ਜਾਣਕਾਰੀ ਦਿੱਤੀ ਸੀ। ਪੋਸਟਰ ਲੱਗਣ ਤੋਂ ਮਗਰੋਂ ਕੁੱਝ ਕੁ ਘੰਟਿਆਂ ਦੇ ਅੰਦਰ ਅੰਦਰ ਪੁਲਿਸ ਨੇ ਸਾਬਕਾ ਫੌਜੀ ਤੇ ਹਮਲਾ ਕਰਨ ਵਾਲੇ ਮੁੱਖ ਮੁਲਜਮ ਸਮੇਤ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ । ਸੂਤਰ ਦੱਸਦੇ ਹਨ ਕਿ ਪੁਲਿਸ ਅਧਿਕਾਰੀਆਂ ਅੱਗੇ ਕਿਰਕਰੀ ਹੋਣ ਕਾਰਨ ਥਾਣਾ ਕੋਟਫੱਤਾ ਦਾ ਮੁੱਖ ਥਾਣਾ ਅਫਸਰ ਮਨੀਸ਼ ਕੁਮਾਰ ਲਖਵੀਰ ਸਿੰਘ ਤੇ ਗਰਮੀ ਖਾ ਗਿਆ ਜਿਸ ਪਿੱਛੋਂ ਪਿੰਡ ਭਾਈ ਬਖਤੌਰ ਪੁੱਜ ਕੇ ਲੱਖੀ ਸਿੱਧੂ ਨੂੰ ਪੁਲਸੀਆ ਅੰਦਾਜ਼ ’ਚ ਸਿੱਝਣ ਦੀ ਕਥਿਤ ਧਮਕੀ ਦਿੱਤੀ ਸੀ।
.jpg)
ਬੀਤੀ ਦੇਰ ਸ਼ਾਮ ਫੇਸਬੁੱਕ ਤੇ ਲਾਈਵ ਹੋਕੇ ਲਖਵੀਰ ਸਿੰਘ ਉਰਫ ਲੱਖੀ ਸਿੱਧੂ ਵਾਸੀ ਭਾਈ ਬਖਤੌਰ ਨੇ ਥਾਣਾ ਕੋਟਫੱਤਾ ਦੇ ਮੁੱਖ ਥਾਣਾ ਅਫਸਰ ਮਨੀਸ਼ ਕੁਮਾਰ ਤੇ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਇਸ ਸਬੰਧ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ’ਚ ਲੱਖੀ ਸਿੱਧੁੂ ਰੋਂਦੇ ਹੋਏ ਕਾਫੀ ਕੁੱਝ ਕਹਿੰਦਾ ਨਜ਼ਰ ਆ ਰਿਹਾ ਹੈ। ਲੱਖੀ ਸਿੱਧੂ ਨੇ ਕਿਹਾ ਕਿ ਐਸਐਚਓ ਨੇ ਉਸ ਨੂੰ ਝੂਠੇ ਕੇਸ ’ਚ ਫਸਾਉਣ ਅਤੇ ਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਲੱਖੀ ਸਿੱਧੂ ਨੇ ਸਿੱਧੇ ਤੌਰ ਤੇ ਤਾਂ ਕੁੱਝ ਨਹੀਂ ਕਿਹਾ ਪਰ ਹਾਵ ਭਾਵ ਤੋਂ ਲਗਦਾ ਹੈ ਉਸ ਨੂੰ ਝੂਠਾ ਮੁਕਾਬਲਾ ਬਨਾਉਣ ਦਾ ਖਦਸ਼ਾ ਹੈ । ਉਸ ਨੇ ਦੱਸਿਆ ਕਿ ਐਸਐਚਓ ਨੇ ਕਿਹਾ ਕਿ ਪੋਸਟਰ ਲਾਉਣ ਵਾਲਾ ਉਹ ਹੁੰਦਾ ਕੌਣ ਹੈ। ਉਸ ਨੇ ਕਿਹਾ ਕਿ ਉਹ ਡਰਨ ਵਾਲਾ ਨਹੀਂ ਹੈ ਅਤੇ ਸੱਚ ਦੇ ਨਾਲ ਖੜ੍ਹਾ ਹੋਵੇਗਾ।
ਆਪਣੀ ਗੋਦ ਵਿੱਚ ਲਈ ਬੈਠੇ ਚਾਰ ਕੁ ਮਹੀਨਿਆਂ ਦੀ ਬੱਚੀ ਦੀ ਸੌਂਹ ਖਾਕੇ ਲੱਖੀ ਸਿੱਧੂ ਨੇ ਕਿਹਾ ਕਿ ਉਸ ਨੇ ਕੁੱਝ ਵੀ ਝੂਠ ਨਹੀਂ ਬੋਲਿਆ ਬਲਕਿ ਜੋ ਵੀ ਸਹੀ ਗੱਲ ਸੀ ਉਹ ਲੋਕਾਂ ਸਾਹਮਣੇ ਰੱਖੀ ਹੈ। ਉਨ੍ਹਾਂ ਕਿਹਾ ਕਿ ਉਸ ਵੱਲੋਂ ਕਹੀ ਇੱਕ ਵੀ ਗੱਲ ਝੂਠੀ ਨਿਕਲੀ ਤਾਂ ਪੁਲਿਸ ਉਸ ਖਿਲਾਫ ਯੂਏਪੀਏ ਤਹਿਤ ਕਾਰਵਾਈ ਕਰ ਸਕਦੀ ਹੈ। ਲੱਖੀ ਸਿੱਧੂ ਨੇ ਕਿਹਾ ਕਿ ਉਹ ਸਿਰਫ ਆਪਣੇ ਪਿੰਡ ਖਾਤਰ ਲੜਿਆ ਹੈ ਜਿਸ ਕਰਕੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਐਸਐਚਓ ਵਰਦੀ ਦੀ ਧੌਂਸ ਦਿਖਾ ਰਿਹਾ ਹੈ ,ਬਿਨਾਂ ਵਰਦੀਂ ਬੋਲਕੇ ਦਿਖਾਏ ਪਤਾ ਲੱਗ ਜੂ ਕਿਉਂਕਿ ਉਹ ਵੀ ਜੱਟ ਦਾ ਪੁੱਤ ਹੈ। ਉਸ ਨੇ ਆਪਣੇ ਨਾਲ ਕਿਸੇ ਕਿਸਮ ਦਾ ਭਾਣਾ ਵਾਪਰਨ ਦੀ ਸੂਰਤ ’ਚ ਉਸ ਦੀ ਧੀਅ ਦਾ ਖਿਆਲ ਰੱਖਣ ਦੀ ਅਪੀਲ ਵੀ ਕੀਤੀ ਹੈ।
ਉੱਚ ਪੱਧਰੀ ਜਾਂਚ ਕਰਵਾਏ ਸਰਕਾਰ
ਲੱਖੀ ਸਿੱਧੂ ਆਖਦਾ ਹੈ ਕਿ ਭਗਵੰਤ ਮਾਨ ਸਰਕਾਰ ਤੋਂ ਥਾਣਾ ਕੋਟਫੱਤਾ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਇਸ ਜਾਂਚ ਤਹਿਤ ਕਾਲ ਰਿਕਾਰਡਿੰਗਾਂ ਅਤੇ ਥਾਣੇ ਦੀ ਸੀਸੀਟੀਵੀ ਫੁਟੇਜ਼ ਖੰਘਾਲੀ ਜਾਣੀ ਚਾਹੀਦੀ ਹੈ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਦੀ । ਉਨ੍ਹਾਂ ਕਿਹਾ ਕਿ ਚਿੱਟਾ ਤਸਕਰਾਂ ਨੇ ਪਿੰਡ ਵਾਸੀਆਂ ਨੂੰ ਲਲਕਾਰਿਆ ਸੀ ਕਿ ਉਨ੍ਹਾਂ ਨੇ ਪੁਲਿਸ ਨੂੰ ਪੈਸੇ ਦਿੱਤੇ ਹਨ ਇਸ ਲਈ ਉਨ੍ਹਾਂ ਦੋ ਕੋਈ ਕੁੱਝ ਨਹੀਂ ਵਿਗਾੜ ਸਕਦਾ ਹੈ। ਲੱਖੀ ਸਿੱਧੂ ਨੇ ਵੀ ਇਹੋ ਦੋਸ਼ ਲਾਇਆ ਹੈ ਕਿ ਥਾਣਾ ਕੋਟ ਫੱਤਾ ਦੇ ਐਸਐਚਓ ਨੇ ਤਸਕਰਾਂ ਤੋਂ ਪੈਸੇ ਲਏ ਹਨ।
ਇੱਥੋਂ ਭੜਕਿਆ ਮਾਮਲਾ
ਗੌਰਤਲਬ ਹੈ ਕਿ ਭਾਈ ਬਖਤੌਰ ਦੇ ਲਖਵੀਰ ਸਿੰਘ ਸਿੱਧੂ ਉਰਫ ਲੱਖੀ ਸਿੱਧੂ ਨੇ ‘ਸਾਡਾ ਪਿੰਡ ਵਿਕਾਊ ਹੈ’ ਦਾ ਪੋਸਟਰ ਲਾਉਣ ਮੌਕੇ ਫੇਸਬੁੱਕ ਤੇੇ ਲਾਈਵ ਹੋਕੇ ਕਿਹਾ ਕਿ ਪਿੰਡ ਸੁਰੱਖਿਅਤ ਨਹੀਂ ਜਿਸ ਕਰਕੇ ਮਜਬੂਰੀ ਵੱਸ ਪਿੰਡ ਵਿਕਾਊ ਕਰਨਾ ਪਿਆ ਹੈ। ਉਸ ਨੇ ਕਿਹਾ ਕਿ ਸਥਿਤੀ ਯੂਪੀ ਬਿਹਾਰ ਨਾਲੋਂ ਵੀ ਮਾੜੀ ਹੋ ਗਈ ਹੈ ਇਸ ਲਈ ਲੋਕ ਕਿੱਧਰ ਜਾਣ।
ਐਸਐਚਓ ਲਾਈਨ ਹਾਜ਼ਰ: ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਭਾਈ ਬਖਤੌਰ ਮਾਮਲੇ ’ਚ ਧਮਕੀਆਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਥਾਣਾ ਕੋਟ ਫੱਤਾ ਦੇ ਮੁੱਖ ਥਾਣਾ ਅਫਸਰ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਐਸਪੀ ਪੱਧਰ ਦੇ ਅਧਿਕਾਰੀ ਕਰਨਗੇ ਜਿੰਨ੍ਹਾਂ ਦੀ ਰਿਪੋਰਟ ਦੇ ਅਧਾਰ ਤੇ ਵਿਭਾਗੀ ਕਾਰਵਾਈ ਕੀਤੀ ਜਾਏਗੀ।