ਬਠਿੰਡਾ ਪੁਲਿਸ ਵੱਲੋਂ ਭਾਈ ਬਖਤੌਰ ਕੁੱਟਮਾਰ ਮਾਮਲੇ ’ਚ ਦੋ ਮੁਲਜਮ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 1ਜੂਨ 2025:ਬਠਿੰਡਾ ਪੁਲਿਸ ਨੇ ਬੀਤੀ ਰਾਤ ਪਿੰਡ ਭਾਈ ਬਖਤੌਰ ’ਚ ਸਾਬਕਾ ਫੌਜੀ ਰਣਵੀਰ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਸਪੀ ਦਿਹਾਤੀ ਹਿਨਾ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਰੇਸ਼ਮ ਸਿੰਘ ਵਾਸੀ ਭਾਈ ਬਖਤੌਰ ਇੱਟਾ ਰੋੜੇ ਮਾਰ ਰਿਹਾ ਹੈ। ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ ਪਤਾ ਲੱਗਿਆ ਕਿ ਰਣਵੀਰ ਸਿੰਘ ਵਾਸੀ ਭਾਈ ਬਖਤੌਰ ਸੱਟਾਂ ਲੱਗਣ ਕਾਰਨ ਬਠਿੰਡਾ ਹਸਪਤਾਲ ’ਚ ਦਾਖਲ ਹੈ। ਐਸਪੀ ਨੇ ਦੱਸਿਆ ਕਿ ਰਣਵੀਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ 31 ਮਈ ਨੂੰ ਆਪਣੇ ਮੋਟਰਸਾਈਕਲ ਤੇ ਖੇਤੋਂ ਘਰ ਆ ਰਿਹਾ ਸੀ ਤਾਂ ਚਿੱਟੀ ਸਵਿਫਟ ਕਾਰ ਵਿੱਚ ਬੈਠੇ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਰੇਸ਼ਮ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਰਜਿੰਦਰ ਸਿੰਘ ਵਾਸੀਅਨ ਭਾਈ ਬਖਤੌਰ ਤੋਂ ਇਲਾਵਾ ਇੱਕ ਅਣਪਛਾਤੇ ਵਿਅਕਤੀ ਨੇ ਲੋਹੇ ਦੀ ਰਾਡ,ਕੁਹਾੜੀ ਅਤੇ ਡੰਡੇ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਘੜੀਸਿਆ ਤੇ ਸੱਟਾਂ ਮਾਰਨ ਤੋਂ ਬਾਅਦ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱ ਥਾਣਾ ਕੋਟਫੱਤਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੰਜ ਪੁਲਿਸ ਨੇ ਕੁਲਦੀਪ ਸਿੰਘ ਉਰਫ ਕਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਪੀਤਾ ਨੂੰ ਪਿੰਡ ਯਾਤਰੀ ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ। ਐਸਪੀ ਨੇ ਦੱਸਿਆ ਕਿ ਤੀਸਰੇ ਮੁਲਜਮ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛਗਿਛ ਕਰੇਗੀ ਜਿਸ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ। ਪੁਲਿਸ ਅਨੁਸਾਰ ਰਣਵੀਰ ਸਿੰਘ ਸਮਾਜਸੇਵੀ ਸੀ ਅਤੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਹਿੱਸਾ ਲੈਦਾ ਸੀ ਜਿਸ ਤੋਂ ਮੁਲਜਿਮ ਰੰਜਸ਼ ਰੱਖਦੇ ਸਨ। ਦੂਜੇ ਪਾਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਰਣਵੀਰ ਸਿੰਘ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਵਜੋਂ ਮੁਲਜਮਾਂ ਨੂੰ ਨਸ਼ਾ ਵੇਚਣ ਤੋ ਰੋਕਦਾ ਸੀ ਜਿਸ ਕਰਕੇ ਉਸ ਦੀ ਕੁਟਮਾਰ ਕੀਤੀ ਗਈ ਹੈ। ਦੋਵਾਂ ਚੋਂ ਇੱਕ ਮੁਲਜਮ ਇੱਕ ਮਾਮਲੇ ’ਚ ਜੇਲ੍ਹ ਤੋਂ ਜਮਾਨਤ ਤੇ ਬਾਹਰ ਆਇਆ ਸੀ।