ਐਫਸੀਆਈ ਦੇ ਵਿੱਚ 50% ਦੇ ਕਰੀਬ ਲੱਗੇ ਟੋਟਾ ਚੌਲਾਂ ਦੇ ਮਾਮਲੇ ਨੇ ਫੜੀ ਤੂਲ: ਸੀਬੀਆਈ ਜਾਂਚ ਦੀ ਕੀਤੀ ਮੰਗ
- ਜਥੇਬੰਦੀਆਂ ਦੇ ਆਗੂਆਂ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ
ਦੀਪਕ ਜੈਨ
ਜਗਰਾਉਂ 1 ਜੂਨ:- ਪਿਛਲੇ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਅਤੇ ਜਗਰਾਉਂ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਐਫਸੀਆਈ ਅਧਿਕਾਰੀਆਂ ਅਤੇ ਸ਼ੈਲਰ ਮਾਲਕਾਂ ਦੀ ਮਿਲੀ ਭੁਗਤ ਨਾਲ ਹੋਇਆ ਵੱਡਾ ਘਪਲਾ ਹੁਣ ਤੂਲ ਫੜਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਐਫਸੀਆਈ ਦੇ ਅਧਿਕਾਰੀ ਅਤੇ ਸੈਲਰ ਮਾਲਕਾਂ ਦੇ ਦੋ ਧੜਿਆਂ ਵਿੱਚੋਂ ਇੱਕ ਧੜੇ ਦੇ ਆਗੂ ਦੇ 10 ਦੇ ਕਰੀਬ ਸੈਲਰਾਂ ਦੇ ਹੋਣ ਦੀ ਖਬਰ ਦੇ ਨਾਲ ਇਸ ਆਗੂ ਦੇ ਧੜੇ ਦੇ ਸਾਰੇ ਸੈਲਰ ਮਾਲਕਾਂ ਦੇ ਸਾਹ ਸੁੱਤੇ ਗਏ ਹਨ ਅਤੇ ਦੂਜੇ ਧੜੇ ਦੇ ਨਾਲ ਨਾਲ ਹੋਰ ਸੈਲਰ ਮਾਲਕ ਵੀ ਆਪਣੇ ਦੰਦਾਂ ਥੱਲੇ ਉਂਗਲੀਆਂ ਲਈ ਬੈਠੇ ਹਨ। ਇਸ ਮਾਮਲੇ ਵਿੱਚ ਕੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੇ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਗੋਰਸੀਆਂ ਇਸ ਘਪਲੇ ਨੂੰ ਉਜਾਗਰ ਕਰਨ ਲਈ ਪੱਬਾਂ ਭਾਰ ਹੋਏ ਫਿਰਦੇ ਹਨ।
ਬਲਰਾਜ ਸਿੰਘ ਕੋਟ ਉਮਰਾ ਅਤੇ ਬਲਜੀਤ ਸਿੰਘ ਗੋਰਸੀਆਂ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਇੱਕ ਪਾਸੇ ਤਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦੋ ਟਾਈਮ ਦੀ ਰੋਟੀ ਕਮਾਉਣੀ ਔਖੀ ਹੋਈ ਹੋਈ ਹੈ ਦੂਜੇ ਪਾਸੇ ਕੁਝ ਕੁ ਸੈਲਰ ਮਾਲਕ ਐਫਸੀਆਈ ਅਧਿਕਾਰੀਆਂ ਨਾਲ ਮਿਲ ਕੇ ਸੈਂਟਰ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾ ਰਹੇ ਹਨ। ਉਹਨਾਂ ਨੇ ਕਿਹਾ ਕਿ ਚਾਹੇ ਇਹ ਮਾਮਲਾ ਅਤੇ ਮਹਿਕਮਾ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ ਪਰ ਫਿਰ ਵੀ ਇਹ ਘਪਲਾ ਹੋਇਆ ਤਾਂ ਪੰਜਾਬ ਵਿੱਚ ਹੀ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕੀ ਇਸ ਕਰੋੜਾਂ ਦੇ ਘਪਲੇ ਬਾਰੇ ਕੋਈ ਖਬਰ ਹੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਉਹ ਮੰਗ ਕਰਦੇ ਹਨ ਅਤੇ ਜਦ ਤੱਕ ਉਹ ਦੋਸ਼ੀਆਂ ਨੂੰ ਬੇਨਕਾਬ ਨਹੀਂ ਕਰ ਦਿੰਦੇ ਉਹ ਇਹ ਲੜਾਈ ਲਈ ਇਨਸਾਫ ਦਾ ਝੰਡਾ ਚੱਕ ਕੇ ਰੱਖਣਗੇ।