ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨਗੀਆਂ ਨਸ਼ਾ ਮੁਕਤੀ ਯਾਤਰਾਵਾਂ
• ਨਸ਼ਿਆਂ ਦੇ ਖਾਤਮੇ ਲਈ ਲੋਕ ਪ੍ਰਸ਼ਾਸ਼ਨ ਦਾ ਦੇਣ ਪੂਰਨ ਸਹਿਯੋਗ
ਅਮਰਗੜ੍ਹ/ਮਾਲੇਰਕੋਟਲਾ, 31 ਮਈ 2025 - ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਉੱਪਰ ਮਿਸਾਲੀ ਕਾਰਵਾਈਆਂ ਕਰਕੇ ਬਹੁਤ ਹੱਦ ਤੱਕ ਨਸ਼ੇ ਦੀ ਸਪਲਾਈ ਚੇਨ ਨੂੰ ਤੋੜ ਦਿੱਤਾ ਹੈ। ਨਸ਼ਾ ਤਸਕਰ ਜਾਂ ਤਾਂ ਜੇਲ੍ਹਾਂ ਵਿੱਚ ਹਨ ਅਤੇ ਜਾਂ ਫਿਰ ਹੁਣ ਪੰਜਾਬ ਛੱਡ ਕੇ ਭੱਜ ਚੁੱਕੇ ਹਨ। ਹੁਣ ਇਹ ਮੁਹਿੰਮ ਜ਼ਮੀਨੀ ਪੱਧਰ ਭਾਵ ਪਿੰਡਾਂ ਅਤੇ ਵਾਰਡਾਂ ਵਿਚੋਂ ਚੱਲਣ ਲੱਗੀ ਹੈ, ਜਿਸਨੂੰ ਨਸ਼ਾ ਮੁਕਤੀ ਯਾਤਰਾ ਦਾ ਨਾਮ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ ਨੇ ਪਿੰਡ ਡੱਲਣਵਾਲ, ਬਦੇਸ਼ਾ, ਮੰਡੀਆਂ ਅਤੇ ਬੂੰਘਾ ਵਿਖੇ ਆਯੋਜਿਤ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਨ ਸਮੇਂ ਕੀਤਾ।
ਉਹਨਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਲੋਕ ਲਹਿਰ ਬਣ ਗਈ ਹੈ ਅਤੇ ਹੁਣ ਜਲਦੀ ਹੀ ਪੰਜਾਬ ਵਿਚੋਂ ਨਸ਼ਿਆਂ ਸਫਾਇਆ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਹਰੇਕ ਵਾਰਡ ਜਾਂ ਪਿੰਡਾਂ ਦੀਆਂ ਪੰਚਾਇਤਾਂ ਨਸ਼ਾ ਮੁਕਤੀ ਦਾ ਪ੍ਰਣ ਲੈ ਲੈਣਗੀਆਂ ਤਾਂ ਨਸ਼ਾ ਜਾਂ ਨਸ਼ਾ ਤਸਕਰਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹੇਗਾ। ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਸਿਆਸੀ ਜਾਂ ਹੋਰ ਕੋਈ ਸਹਿਯੋਗ ਨਹੀਂ ਮਿਲ ਰਿਹਾ ਇਸ ਲਈ ਬਹੁਤ ਜਲਦ ਪੰਜਾਬ ਨਸ਼ਾ ਮੁਕਤ ਹੋਵੇਗਾ। ਉਹਨਾਂ ਸਮੂਹ ਪਿੰਡ ਵਾਸੀਆਂ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਦਾ ਪ੍ਰਣ ਦਿਵਾਇਆ। ਉਹਨਾਂ ਦੱਸਿਆ ਕਿ ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਮਕਸਦ ਕੇਵਲ ਨਸ਼ਾ ਵਿਰੋਧੀ ਜਾਗਰੂਕਤਾ ਨਹੀਂ, ਸਗੋਂ ਸਮਾਜ ਵਿੱਚ ਸਕਾਰਾਤਮਕ ਮਾਹੌਲ ਪੈਦਾ ਕਰਨਾ ਹੈ। ਉਹਨਾਂ ਕਿਹਾ ਕਿ ਨਸ਼ਾ ਇਕ ਗੰਭੀਰ ਬਿਮਾਰੀ ਹੈ ਜੋ ਸਾਡੇ ਨੌਜ਼ਵਾਨਾਂ ਨੂੰ ਘੁਣ ਵਾਂਗ ਖਾ ਰਿਹਾ ਹੈ ਅਤੇ ਇਸ ਬਿਮਾਰੀ ਤੋਂ ਛੁਟਕਾਰਾ ਤਾਂ ਹੀ ਮਿਲ ਸਕਦਾ ਹੈ ਜੇਕਰ ਅਸੀ ਸਾਰੇ ਸੂਬਾ ਵਾਸੀ ਇਕਜੁੱਟ ਹੋ ਕੇ ਨਸ਼ਿਆਂ ਦਾ ਡਟਕੇ ਮੁਕਾਬਲਾ ਕਰੀਏ।
ਇਸ ਮੌਕੇ ਬੀ.ਡੀ.ਪੀ.ਓ ਬਬਲਜੀਤ ਕੌਰ, ਕਮਿਊਨਿਟੀ ਹੈਲਥ ਅਫਸਰ ਮਨਦੀਪ ਕੌਰ, ਵਿਧਾਇਕ ਪੀ.ਏ ਅਭੀਜੋਤ ਸਿੰਘ, ਪੀ.ਏ ਰਾਜੀਵ ਕੁਮਾਰ, ਇੰਚਾਰਜ ਥਾਣਾ ਮੁਖੀ ਦਰਸ਼ਨ ਸਿੰਘ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸਮੂਲੀਅਤ ਕੀਤੀ I