ਵਿਗਿਆਨ ਜਿੰਦਾਬਾਦ; ਹੁਣ ਹਵਾ ਦੀ ਸ਼ੁੱਧਤਾ ਨੂੰ ਤੁਰੰਤ ਜਾਂਚ ਸਕੇਗਾ ਇਹ ਯੰਤਰ
ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਨੇ ਹਵਾ ਦੀ ਸ਼ੁੱਧਤਾ ਨੂੰ ਤੁਰੰਤ ਜਾਂਚ ਸਕਣ ਵਾਲ਼ਾ ਉਪਕਰਣ ਕੀਤਾ ਵਿਕਸਿਤ
-ਭਾਰਤ ਸਰਕਾਰ ਤੋਂ ਪੇਟੈਂਟ ਹੋਇਆ ਪ੍ਰਾਪਤ
-ਇਨ-ਡੋਰ ਥਾਵਾਂ ਜਿਵੇਂ ਜਮਾਤ ਕਮਰਾ, ਹਸਪਤਾਲ, ਦਫ਼ਤਰ, ਸ਼ੌਪਿੰਗ ਮਾਲ ਆਦਿ ਵਿਚਲੀ ਹਵਾ ਦੀ ਸ਼ੁੱਧਤਾ ਦੇ ਪੱਧਰ ਨੂੰ ਤੁਰੰਤ ਮਾਪ ਸਕੇਗਾ ਯੰਤਰ
-ਲੋਕਾਈ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਣ ਵਾਲ਼ੀਆਂ ਖੋਜਾਂ ਕਰਨਾ ਅਦਾਰੇ ਦੀ ਸਮਰਥਾ ਅਤੇ ਤਰਜੀਹਾਂ ਬਾਰੇ ਭਰਦਾ ਹੈ ਗਵਾਹੀ: ਡਾ. ਜਗਦੀਪ ਸਿੰਘ
ਪਟਿਆਲਾ, 1 ਜੂਨ 2025- ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲ਼ੀ ਗੱਲ ਹੈ ਕਿ ਯੂਨੀਵਰਸਿਟੀ ਦੇ ਇੱਕ ਖੋਜਾਰਥੀ ਵੱਲੋਂ ਵਿਕਸਿਤ ਕੀਤੇ ਗਏ ਹਵਾ ਦੀ ਸ਼ੁੱਧਤਾ/ਗੁਣਵੱਤਾ ਦੇ ਪੱਧਰ ਨੂੰ ਤੁਰੰਤ ਮਾਪ ਸਕਣ ਵਾਲ਼ੇ ਇੱਕ ਵਿਸ਼ੇਸ਼ ਯੰਤਰ ਨੂੰ ਭਾਰਤ ਸਰਕਾਰ ਤੋਂ ਪੇਟੈਂਟ ਹਾਸਿਲ ਹੋ ਗਿਆ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਤੋਂ ਪੀ-ਐੱਚ.ਡੀ. ਕਰ ਰਹੇ ਖੋਜਾਰਥੀ ਬਚਨਦੀਪ ਸਿੰਘ ਭੱਠਲ ਨੇ ‘ਰੀਅਲ ਟਾਈਮ ਏਅਰ ਕੁਆਲਿਟੀ ਇੰਡੈਕਸ ਡਿਟੈਕਟਰ’ ਨਾਮਕ ਇਹ ਉਪਰਕਰਣ ਡਿਜ਼ਾਇਨ ਕੀਤਾ ਹੈ ਜਿਸ ਦੀ ਮਦਦ ਨਾਲ਼ ਹਵਾ ਦੀ ਗੁਣਵੱਤਾ ਨੂੰ ਤੁਰੰਤ ਚੈੱਕ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਵਿਖੇ ਉਹ ਡਾ. ਗੌਰਵ ਗੁਪਤਾ ਅਤੇ ਬ੍ਰਹਮਲੀਨ ਸਿੱਧੂ ਦੀ ਅਗਵਾਈ ਹੇਠ ਆਪਣਾ ਪੀ-ਐੱਚ.ਡੀ. ਖੋਜ ਕਾਰਜ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਖੋਜ ਵਿੱਚ ਡਾ. ਗੁਰਜੀਤ ਸਿੰਘ ਭੱਠਲ ਅਤੇ ਡਾ. ਪ੍ਰਿਯੰਕਾ ਗੁਪਤਾ ਦਾ ਵੀ ਯੋਗਦਾਨ ਰਿਹਾ ਹੈ।
ਬਚਨਦੀਪ ਸਿੰਘ ਭੱਠਲ ਨੇ ਦੱਸਿਆ ਕਿ ਡਿਜ਼ਾਇਨ ਕੀਤੇ ਗਏ ਇਸ ਵਿਸ਼ੇਸ਼ ਉਪਰਕਰਣ ਦੀ ਖਾਸੀਅਤ ਇਹ ਹੈ ਕਿ ਇਹ ਵਰਤੋਂਕਾਰਾਂ ਲਈ ਆਸਾਨ ਹੈ ਅਤੇ ਕਿਸੇ ਵੀ ਇਨ-ਡੋਰ ਭਾਵ ਬੰਦ ਜਗ੍ਹਾ ਜਿਵੇਂ ਜਮਾਤ ਕਮਰਾ, ਹਸਪਤਾਲ, ਦਫ਼ਤਰ, ਸ਼ੌਪਿੰਗ ਮਾਲ, ਪਾਰਟੀ ਹਾਲ, ਥੀਏਟਰ, ਘਰ ਆਦਿ ਦੀ ਸੀਮਿਤ ਥਾਂ ਵਿਚਲੀ ਹਵਾ ਦੀ ਗੁਣਵੱਤਾ ਅਤੇ ਸ਼ੁੱਧਤਾ ਨੂੰ ਤੁਰੰਤ ਮਾਪ ਸਕਦਾ ਹੈ।
ਡਾ. ਗੌਰਵ ਗੁਪਤਾ ਨੇ ਦੱਸਿਆ ਕਿ ਉਪਕਰਣ ਦੀ ਇਸ ਖਾਸੀਅਤ ਦਾ ਲਾਭ ਇਹ ਹੈ ਕਿ ਕਿਸੇ ਵੀ ਥਾਂ ਉੱਤੇ ਹਵਾ ਦੀ ਗੁਣਵੱਤਾ ਬਾਰੇ ਤੁਰੰਤ ਪਤਾ ਲੱਗਣ ਨਾਲ਼ ਉਸ ਨੂੰ ਠੀਕ ਕਰਨ ਜਾਂ ਉਸ ਦੇ ਬਦਲ ਵਜੋਂ ਕੋਈ ਢੰਗ ਵਿਉਂਤੇ ਜਾਣ ਦੇ ਉਪਰਾਲੇ ਸੰਭਵ ਹੋ ਸਕਦੇ ਹਨ। ਅਜਿਹਾ ਹੋਣ ਨਾਲ਼ ਸਬੰਧਤ ਖੇਤਰ ਵਿਚਲੇ ਲੋਕਾਂ ਦੀ ਸਿਹਤ ਉੱਤੇ ਪੈਣ ਵਾਲ਼ੇ ਮਾੜੇ ਅਸਰਾਂ ਤੋਂ ਬਚਿਆ ਜਾ ਸਕਦਾ ਹੈ।
ਡਾ. ਬ੍ਰਹਮਲੀਨ ਸਿੱਧੂ ਨੇ ਦੱਸਿਆ ਕਿ ਆਮ ਰਵਾਇਤੀ ਕਿਸਮ ਦੇ ਏ.ਕਿਊ.ਆਈ ਸਿਸਟਮ ਨਾਲ਼ੋਂ ਇਸ ਉਪਕਰਣ ਦਾ ਇਹ ਫਰਕ ਹੈ ਕਿ ਇਸ ਨੂੰ ਵਿਸ਼ੇਸ਼ ਤੌਰ ਉੱਤੇ ਬੰਦ ਥਾਵਾਂ ਦੀ ਹਵਾ ਜਾਂਚਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਰਾਹੀਂ ਰੀਅਲ-ਟਾਈਮ ਭਾਵ ਓਸੇ ਸਮੇਂ ਤੁਰੰਤ ਪਤਾ ਲਗਾਇਆ ਜਾ ਸਕਦਾ ਹੈ ਕਿ ਹਵਾ ਦੀ ਸ਼ੁੱਧਤਾ ਦਾ ਮਿਆਰ/ਪੱਧਰ ਕੀ ਹੈ। ਤੁਰੰਤ ਅਜਿਹਾ ਪਤਾ ਲੱਗਣ ਨਾਲ਼ ਹਵਾ ਨੂੰ ਸ਼ੁੱਧ ਕਰਨ ਜਾਂ ਨਿਕਾਸੀ ਆਦਿ ਦੇ ਪ੍ਰਬੰਧ ਕਰਨੇ ਆਸਾਨ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਇੱਕ ਥਾਂ ਤੋਂ ਦੂਜੀ ਥਾਂ ਲਿਜਾਏ ਜਾ ਸਕਣ ਦੀ ਸਹੂਲਤ ਨਾਲ਼ ਸੰਪੰਨ ਬਿਹਤਰ ਡਿਜ਼ਾਇਨ ਵਾਲ਼ਾ ਉਪਕਰਣ ਹੈ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ਲਈ ਖੋਜਾਰਥੀ ਬਚਨਦੀਪ ਸਿੰਘ ਭੱਠਲ ਅਤੇ ਉਸ ਦੇ ਨਿਗਰਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਅਦਾਰੇ ਵਲੋਂ ਆਮ ਲੋਕਾਈ ਦੇ ਜੀਵਨ ਪੱਧਰ ਨੂੰ ਸਰਲ ਅਤੇ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਣ ਵਾਲ਼ੀਆਂ ਖੋਜਾਂ ਕਰਨਾ ਉਸ ਅਦਾਰੇ ਦੀ ਸਮਰਥਾ ਦੇ ਨਾਲ਼ ਉਸ ਦੀਆਂ ਤਰਜੀਹਾਂ ਬਾਰੇ ਵੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਇੱਥੇ ਸਿਰਫ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ-ਪ੍ਰਸਾਰ ਲਈ ਹੀ ਮਾਅਰਕੇ ਦਾ ਕੰਮ ਨਹੀਂ ਹੋ ਰਿਹਾ ਬਲਕਿ ਵਿਗਿਆਨ ਅਤੇ ਤਕਨਾਲੌਜੀ ਦੇ ਖੇਤਰ ਵਿੱਚ ਵੀ ਉੱਚ ਪੱਧਰ ਦੇ ਅਜਿਹੇ ਕਾਰਜ ਸਾਹਮਣੇ ਆ ਰਹੇ ਹਨ ਜੋ ਪੇਟੈਂਟ ਦੇ ਪੜਾਅ ਤੱਕ ਵੀ ਪਹੁੰਚ ਰਹੇ ਹਨ।