ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਸੱਸ ਮਾਂ ਬੀਬੀ ਅਮਰਜੀਤ ਕੌਰ ਢਿਲੋਂ ਸੁਰਗਵਾਸ
- ਵੱਖ-ਵੱਖ ਧਾਰਮਿਕ ਸਖ਼ਸ਼ੀਅਤਾਂ ਵੱਲੋਂ ਅਫਸੋਸ
ਸ੍ਰੀ ਅਨੰਦਪੁਰ ਸਾਹਿਬ:- 31 ਮਈ 2025 - ਪੰਥਕ ਹਲਕਿਆਂ ਵਿੱਚ ਇਹ ਖਬਰ ਬੜੇ ਦੁਖ ਨਾਲ ਪੜੀ ਜਾਵੇਗੀ ਕਿ ਸਿੰਘ ਸਾਹਿਬ ਜਥੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਧਰਮ ਮਾਤਾ ਸੱਸ ਅਤੇ ਸ. ਇਕਬਾਲ ਸਿੰਘ ਢਿਲੋਂ ਦੇ ਮਾਤਾ, ਬੀਬੀ ਅਮਰਜੀਤ ਕੌਰ ਢਿੱਲੋਂ (84 ਸਾਲ) ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਭਾਸ਼ਾਈ ਨੂੰ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ ਹਨ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਦਸਿਆ ਕਿ ਬੀਬੀ ਅਮਰਜੀਤ ਕੌਰ ਢਿਲੋਂ ਦਾ ਸਸਕਾਰ 31 ਮਈ ਨੂੰ ਸਵੇਰੇ 11:30 ਵਜੇ ਚਰਨ ਗੰਗਾ ਖੱਡ ਨਜ਼ਦੀਕ ਮੁਖ ਸ਼ਮਸ਼ਾਨ ਘਾਟ ਵਿਖੇ ਹੋਵੇਗਾ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿ. ਰਘਬੀਰ ਸਿੰਘ, ਸਿੰਘ ਸਾਹਿਬ ਗਿ. ਸੁਲਤਾਨ ਸਿੰਘ, ਸਿੰਘ ਸਾਹਿਬ ਗਿ. ਅਮਰਜੀਤ ਸਿੰਘ ਨੇ ਮਾਤਾ ਅਮਰਜੀਤ ਕੌਰ ਜੀ ਦੇ ਚਲਾਣੇ ਤੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ ਹੈ ਉਨ੍ਹਾਂ ਨਾਲ ਹੀ ਕਿਹਾ ਕਿ ਅਕਾਲ ਪੁਰਖ ਦਾ ਭਾਣਾ ਹੈ ਇਸ ਸੰਸਾਰ ਤੇ ਜੋ ਸਿਰਜਿਆ ਗਿਆ ਉਸ ਨੇ ਬਿਨਸ ਜਾਣਾ ਹੈ। ਅਰਦਾਸ ਬੇਨਤੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ। ਇਸ ਦੇ ਨਾਲ ਹੀ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ, ਸ਼ਹੀਦ ਮਿਸਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾਦਲ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ਼, ਨਾਨਕਸਰ ਸੰਪਰਦਾ ਕਰਨਾਲ ਤੋਂ ਬਾਬਾ ਜੋਗਾ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਮਨਜੀਤ ਸਿੰਘ ਬੇਦੀ ਗੁਰੂ ਨਾਨਕ ਦਰਬਾਰ, ਨਿਜ਼ਾਮਪੁਰ ਵਾਲੇ, ਬਾਬਾ ਸੁਖਦੇਵ ਸਿੰਘ ਬੇਦੀ ਘੁੰਮਾਣਵਾਲੇ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਵਾਲੇ ਆਦਿ ਨੇ ਵੀ ਗਹਿਰਾ ਅਫਸੋਸ ਅਤੇ ਪ੍ਰੀਵਾਰ ਹਮਦਰਦੀ ਦਾ ਇਜ਼ਹਾਰ ਕੀਤਾ ਹੈ।