ਥਾਣੇਦਾਰ ਨੇ ਕੁੱਟਿਆ ਮੁੱਦਈ ਤਾਂ ...! SSP ਨੇ ਲਾਈਨ ਹਾਜ਼ਰ ਕਰ'ਤਾ ASI
ਸ਼ਿਕਾਇਤਕਰਤਾ ਨੂੰ ਕੁੱਟਣ ਦੇ ਦੋਸ਼ਾਂ ਤਹਿਤ ਐਸਐਸਪੀ ਵੱਲੋਂ ਛੋਟਾ ਥਾਣੇਦਾਰ ਲਾਈਨ ਹਾਜ਼ਰ
ਅਸ਼ੋਕ ਵਰਮਾ
ਬਠਿੰਡਾ, 1 ਜੂਨ 2025: ਆਪਣੀ ਸ਼ਿਕਾਇਤ ਲੈ ਕੇ ਬਠਿੰਡਾ ਦੀ ਵਰਧਮਾਨ ਪੁਲਿਸ ਚੌਂਕੀ ਵਿੱਚ ਪੁੱਜੇ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਐਸਐਸਪੀ ਬਠਿੰਡਾ ਨੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਸੀਆਈਏ ਸਟਾਫ਼ ’ਚ ਲੰਘੇ ਦਿਨੀਂ ਕਥਿਤ ਤੌਰ ’ਤੇ ਨੌਜਵਾਨ ਦੀ ਹੋਈ ਹਿਰਾਸਤੀ ਮੌਤ ਤੋਂ ਬਾਅਦ ਹੁਣ ਵਰਧਮਾਨ ਪੁਲੀਸ ਚੌਕੀ ਸੁਰਖ਼ੀਆਂ ’ਚ ਆਈ ਹੈ।
ਜਾਣਕਾਰੀ ਅਨੁਸਾਰ ਪਹਿਲਾਂ ਤਾਂ ਪੁਲਿਸ ਇਸ ਮਾਮਲੇ ਨੂੰ ਟਾਲਦੀ ਨਜ਼ਰ ਆਈ ਪਰ ਮਾਮਲਾ ਭਖ਼ਣ ਮਗਰੋਂ ਚੌਕੀ ਇੰਚਾਰਜ ਮਨਜੀਤ ਸਿੰਘ ਨੂੰ ਲਾਈਨ ਹਾਜ਼ਰ ਕਰਨਾ ਪਿਆ। ਮਾਮਲਾ ਕੁਉਝ ਇਸ ਤਰ੍ਹਾਂ ਹੈ ਕਿ ਥਾਣਾ ਕੈਨਾਲ ਕਲੋਨੀ ਅਧੀਨ ਆਉਂਦੀ ਵਰਧਮਾਨ ਚੌਕੀ ’ਚ ਅਮਰਪੁਰਾ ਵਾਸੀ ਸ਼ਿਕਾਇਤਕਰਤਾ ਅਮਨਦੀਪ ਸਿੰਘ ਕੋਚੀ ਕਿਸੇ ਆਟੋ ਚਾਲਕ ਖ਼ਿਲਾਫ਼ ਸ਼ਿਕਾਇਤ ਲੈ ਕੇ ਪਹੁੰਚਿਆ ਸੀ।
ਇਸ ਮੌਕੇ ਚੌਕੀ ਇੰਚਾਰਜ ਏਐੱਸਆਈ ਮਨਜੀਤ ਸਿੰਘ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਸਹਾਇਤਾ ਨਾਲ ਸ਼ਿਕਾਇਤਕਰਤਾ ਦੀ ਕਥਿਤ ਕੁੱਟਮਾਰ ਕੀਤੀ। ਇਲਜ਼ਾਮ ਤਾਂ ਇਹ ਵੀ ਹੈ ਕਿ ਇਸ ਦੌਰਾਨ ਉਸ ਦੀ ਦਸਤਾਰ ਵੀ ਲੱਥ ਗਈ। ਬਾਅਦ ਵਿੱਚ ਮਾਮਲਾ ਭਖ ਗਿਆ ਅਤੇ ਰੋਹ ਵਿੱਚ ਆਏ ਲੋਕਾਂ ਨੇ ਚੌਕੀ ਦੇ ਬੂਹੇ ਅੱਗੇ ਧਰਨਾ ਲਾ ਦਿੱਤਾ। ਘਟਨਾ ਦੀ ਕਨਸੋਅ ਮਿਲਦਿਆਂ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ, ਅਕਾਲੀ ਆਗੂ ਜਗਦੀਪ ਸਿੰਘ ਗਹਿਰੀ, ਇੱਕ ਕੌਂਸਲਰ ਅਤੇ ਹੋਰ ਵਿਅਕਤੀ ਧਰਨਾ ਸਥਾਨ ’ਤੇ ਅੱਪੜ ਗਏ।
ਇਕੱਠ ਹੋਇਆ ਵੇਖ ਕੇ ਡੀਐੱਸਪੀ ਸਿਟੀ-1 ਹਰਬੰਸ ਸਿੰਘ ਧਾਲੀਵਾਲ, ਕੈਨਾਲ ਕਲੋਨੀ ਪੁਲੀਸ ਸਟੇਸ਼ਨ ਦੇ ਮੁਖੀ ਹਰਜੀਵਨ ਸਿੰਘ ਵੀ ਉੱਥੇ ਪਹੁੰਚੇ ਅਤੇ ਪਤਵੰਤਿਆਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਪੁਲੀਸ ਦੇ ਇਨ੍ਹਾਂ ਅਧਿਕਾਰੀਆਂ ਨੇ ਮੁੱਢਲੀ ਜਾਂਚ ਕਰ ਕੇ ਪੂਰਾ ਮਾਮਲਾ ਐੱਸਐੱਸਪੀ ਅਮਨੀਤ ਕੌਂਡਲ ਦੇ ਧਿਆਨ ਵਿੱਚ ਲਿਆ ਦਿੱਤਾ, ਜਿਸ ’ਤੇ ਉਨ੍ਹਾਂ ਚੌਕੀ ਇੰਚਾਰਜ ਮਨਜੀਤ ਸਿੰਘ ਨੂੰ ਲਾਈਨ ਹਾਜ਼ਰ ਕਰਨ ਅਤੇ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ।ਪੀੜਤ ਅਮਰਪੁਰਾ ਵਾਸੀ ਸ਼ਿਕਾਇਤਕਰਤਾ ਅਮਨਦੀਪ ਸਿੰਘ ਕੋਚੀ ਵੱਲੋਂ ਇੱਥੇ ਹਸਪਤਾਲ ਵਿੱਚ ਮੈਡੀਕਲ ਪੜਤਾਲ ਕਰਵਾਈ ਗਈ, ਜਿਸ ਦੌਰਾਨ ਉਸ ਦੇ ਲੱਗੀਆਂ ਸੱਟਾਂ ਦੇ ਕੁਝ ਨਿਸ਼ਾਨ ਸਾਹਮਣੇ ਆਏ। ਦੱਸਿਆ ਗਿਆ ਕਿ ਸ਼ੁੱਕਰਵਾਰ ਨੂੰ ਅਮਨਦੀਪ ਸਿੰਘ ਦਾ ਬੇਟਾ ਹਰਸ਼ਦੀਪ ਆਪਣੇ ਮਿੱਤਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਆਟੋ ਵਾਲੇ ਨੇ ਅਚਨਚੇਤੀ ਕੱਟ ਮਾਰਿਆ, ਜਿਸ ਕਾਰਨ ਮੋਟਰਸਾਈਕਲ ਆਟੋ ਨਾਲ ਟਕਰਾਅ ਗਿਆ। ਹਰਸ਼ਦੀਪ ਨੇ ਇਸ ਸਬੰਧੀ ਪੀਸੀਆਰ ਨਾਲ ਰਾਬਤਾ ਕੀਤਾ ਤਾਂ ਉਸ ਦੇ ਮੁਖੀ ਨੇ ਸਬੰਧਤ ਏਰੀਏ ਦੇ ਪੁਲੀਸ ਸਟੇਸ਼ਨ ’ਚ ਸ਼ਿਕਾਇਤ ਕਰਨ ਦੀ ਸਲਾਹ ਦੇ ਦਿੱਤੀ।