Breaking: ਸੀਨੀਅਰ IRS ਅਫ਼ਸਰ ਵਿਚੋਲੇ ਸਮੇਤ ਗ੍ਰਿਫਤਾਰ, ਰਿਸ਼ਵਤ ਲੈਣ ਦਾ ਦੋਸ਼
ਨਵੀਂ ਦਿੱਲੀ, 1 ਜੂਨ 2025- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੀਨੀਅਰ IRS ਅਫ਼ਸਰ ਅਮਿਤ ਕੁਮਾਰ ਸਿੰਘਲ ਅਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ 25 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਰਿਸ਼ਵਤ ਕੁੱਲ 45 ਲੱਖ ਰੁਪਏ ਦੀ ਮੰਗ ਦਾ ਹਿੱਸਾ ਸੀ, ਜੋ ਕਥਿਤ ਤੌਰ 'ਤੇ ਮਾਲੀਆ ਵਿਭਾਗ ਤੋਂ "ਸਹਾਇਤਾ" ਪ੍ਰਾਪਤ ਕਰਨ ਦੇ ਬਦਲੇ ਮੰਗੀ ਗਈ ਸੀ। ਹਰਸ਼ ਕੋਟਕ ਨਾਮ ਦੇ ਇੱਕ ਵਿਅਕਤੀ ਨੇ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।
ਗ੍ਰਿਫ਼ਤਾਰ ਅਫ਼ਸਰ 2007 ਬੈਚ ਦਾ ਆਈਆਰਐਸ ਅਧਿਕਾਰੀ ਹੈ, ਜੋ ਇਸ ਸਮੇਂ ਨਵੀਂ ਦਿੱਲੀ ਦੇ ਟੈਕਸਦਾਤਾ ਸੇਵਾਵਾਂ ਡਾਇਰੈਕਟੋਰੇਟ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਵਜੋਂ ਤੈਨਾਤ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ 31 ਮਈ 2025 ਨੂੰ ਕੇਸ ਦਰਜ ਕੀਤਾ ਸੀ। ਦੋਸ਼ ਹੈ ਕਿ ਉਕਤ ਅਧਿਕਾਰੀ ਨੇ ਸ਼ਿਕਾਇਤਕਰਤਾ ਤੋਂ 45 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਅਜਿਹਾ ਨਾ ਕਰਨ 'ਤੇ ਕਾਨੂੰਨੀ ਕਾਰਵਾਈ, ਭਾਰੀ ਜੁਰਮਾਨੇ ਦੀ ਧਮਕੀ ਦਿੱਤੀ ਸੀ।
ਸੀਬੀਆਈ ਨੇ ਸ਼ਿਕਾਇਤ ਮਿਲਣ 'ਤੇ ਜਾਲ ਵਿਛਾ ਦਿੱਤਾ ਅਤੇ ਮੁਲਜ਼ਮ ਪ੍ਰਾਈਵੇਟ ਵਿਅਕਤੀ ਨੂੰ ਮੋਹਾਲੀ ਵਿੱਚ ਸਰਕਾਰੀ ਅਧਿਕਾਰੀ ਦੇ ਘਰ 'ਤੇ 25 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ, ਸਰਕਾਰੀ ਅਧਿਕਾਰੀ ਨੂੰ ਨਵੀਂ ਦਿੱਲੀ ਦੇ ਵਸੰਤ ਕੁੰਜ ਸਥਿਤ ਉਸਦੇ ਘਰ ਤੋਂ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਨੇ ਇਸ ਮਾਮਲੇ ਵਿੱਚ ਦਿੱਲੀ, ਪੰਜਾਬ ਅਤੇ ਮੁੰਬਈ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਹੁਣ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ।