ਨਰਸਿੰਗ ਕਾਲਜ 'ਚ ਵਿਦਿਆਰਥੀਆਂ ਨੇ ਲਾਇਆ ਧਰਨਾ, ਰੋਡ ਜਾਮ
ਰਵਿੰਦਰ ਸਿੰਘ
ਖੰਨਾ : ਖੰਨਾ ਵਿਖੇ ਭਾਜਪਾ ਆਗੂ ਬਲਜਿੰਦਰ ਸਿੰਗਲਾ ਦੇ ਸਵਾਮੀ ਵਿਵੇਕਾਨੰਦ ਨਰਸਿੰਗ ਕਾਲਜ ਫੈਜਗੜ੍ਹ 'ਚ ਅੱਜ ਵਿਦਿਆਰਥੀਆਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ। ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ 'ਤੇ ਨਕਲ ਕਰਵਾਉਣ ਲਈ ਪੈਸੇ ਮੰਗਣ ਅਤੇ ਪੈਸੇ ਨਾ ਦੇਣ ਵਾਲਿਆਂ ਨੂੰ ਫੇਲ ਕਰ ਦੇਣ ਦੇ ਗੰਭੀਰ ਦੋਸ਼ ਲਾਏ। ਇਸ ਰੋਸ ਨੂੰ ਪ੍ਰਗਟਾਉਂਦੇ ਹੋਏ ਵਿਦਿਆਰਥੀਆਂ ਨੇ ਖੰਨਾ-ਮਾਲੇਰਕੋਟਲਾ ਰੋਡ 'ਤੇ ਫੈਜ਼ਗੜ ਦੇ ਨੇੜੇ ਧਰਨਾ ਲਾਇਆ ਅਤੇ ਸਰਟੀਫਿਕੇਟ ਅਤੇ ਫੀਸ ਵਾਪਸੀ ਦੀ ਮੰਗ ਕੀਤੀ।
ਜੀਐਨਐਮ ਦੂਜੇ ਸਾਲ ਦੀ ਵਿਦਿਆਰਥਣ ਤਨਪ੍ਰੀਤ ਕੌਰ ਨੇ ਦੱਸਿਆ ਕਿ ਕਾਲਜ ਵਿੱਚ ਬੱਚਿਆਂ ਤੋਂ 4 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਮੰਗੇ ਗਏ ਸਨ। "ਸਾਨੂੰ ਕਿਹਾ ਗਿਆ ਕਿ ਇਹ ਪੈਸੇ ਨਕਲ ਲਈ ਹਨ। ਜਿਹਨਾਂ ਨੇ ਪੈਸੇ ਦਿੱਤੇ, ਉਹਨਾਂ ਦੇ ਅਸੈਸਮੈਂਟ ਚ ਵਧੇਰੇ ਨੰਬਰ ਲਾਏ ਗਏ, ਜਦਕਿ ਜਿਹੜੇ ਵਿਦਿਆਰਥੀ ਪੈਸੇ ਨਹੀਂ ਦੇ ਸਕੇ, ਉਹਨਾਂ ਨੂੰ ਫੇਲ ਕਰ ਦਿੱਤਾ ਗਿਆ।
ਇਸ ਦੌਰਾਨ ਇੱਕ ਹੋਰ ਵਿਦਿਆਰਥਣ ਮਨਪ੍ਰੀਤ ਕੌਰ ਨੇ ਦੱਸਿਆ ਕਿ ਕਾਲਜ ਦੇ ਐਮਡੀ ਬਲਜਿੰਦਰ ਸਿੰਗਲਾ, ਜੋ ਕਿ ਭਾਜਪਾ ਆਗੂ ਹਨ, ਅਕਸਰ ਵਿਦਿਆਰਥੀਆਂ ਨੂੰ ਆਪਣਾ ਰੁਤਬਾ ਦੱਸ ਕੇ ਧਮਕਾਉਂਦੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਇਹ ਸਿੱਧਾ ਸਿੱਖਿਆ ਦੇ ਹੱਕ 'ਤੇ ਹਮਲਾ ਹੈ ਅਤੇ ਉਹ ਆਪਣੇ ਹੱਕਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਲੜਨਗੇ।
ਦੂਜੇ ਪਾਸੇ ਜਦ ਮੀਡੀਆ ਨੇ ਕਾਲਜ ਪ੍ਰਸ਼ਾਸਨ ਤੋਂ ਇਸ ਸੰਬੰਧੀ ਸਪੱਸ਼ਟਤਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਐਮਡੀ ਦੀ ਪਤਨੀ ਵੱਲੋਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ। ਪ੍ਰਿੰਸੀਪਲ ਅਮਿਤਾ ਨੇ ਤਾਂ ਵਿਦਿਆਰਥਣਾਂ ਨਾਲ ਮੀਡੀਆ ਅਤੇ ਪੁਲਿਸ ਦੇ ਸਾਮ੍ਹਣੇ ਹੀ ਬਦਸਲੂਕੀ ਕਰਦਿਆਂ ਕਿਹਾ ਕਿ ਉਹਨਾਂ ਨੇ ਕਿਸੇ ਤੋਂ ਪੈਸੇ ਨਹੀਂ ਲਏ। ਜਦੋਂ ਕਾਲਜ ਦੀ ਮਾਨਤਾ ਨੂੰ ਲੈ ਕੇ ਵਿਦਿਆਰਥੀਆਂ ਨੇ ਸਵਾਲ ਚੁੱਕੇ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਉਹ ਜਨਤਕ ਤੌਰ ਤੇ ਸਬੂਤ ਨਹੀਂ ਦਿਖਾ ਸਕਦੇ।
ਪੂਰੇ ਮਾਮਲੇ ਨੇ ਸਥਾਨਕ ਪੱਧਰ 'ਤੇ ਹਲਚਲ ਮਚਾ ਦਿੱਤੀ ਹੈ ਅਤੇ ਹੁਣ ਇੰਤਜ਼ਾਰ ਹੈ ਕਿ ਪੰਜਾਬ ਨਰਸਿੰਗ ਕੌਂਸਲ ਅਤੇ ਪ੍ਰਸ਼ਾਸਨ ਵਲੋਂ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ। ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।