ਮਾਲੇਰਕੋਟਲਾ ਵਿਖੇ ਮੁਫ਼ਤ ਮੈਗਾ ਸਿਹਤ ਕੈਂਪ ਲਾਇਆ
- ਵੱਡੀ ਗਿਣਤੀ ’ਚ ਲੋਕਾਂ ਨੇ ਲਿਆ ਲਾਹਾ, ਮਾਹਿਰ ਡਾਕਟਰਾਂ ਨੇ ਕੀਤੀ ਮੁਫ਼ਤ ਜਾਂਚ ਤੇ ਦਵਾਈਆਂ ਦਿੱਤੀਆਂ
- ਡੀ.ਐਸ.ਪੀ. ਰਣਜੀਤ ਸਿੰਘ ਨੇ ਕੀਤਾ ਕੈਂਪ ਦਾ ਉਦਘਾਟਨ
ਮਲੇਰਕੋਟਲਾ, 25 ਮਈ 2025 - ਜ਼ਿਲ੍ਹਾ ਮਾਲੇਰਕੋਟਲਾ ਵਿੱਚ ਲੋਕਾਂ ਦੀ ਸਿਹਤ ਸੰਭਾਲ ਨੂੰ ਮੁੱਖ ਧਿਆਨ ਵਿੱਚ ਰੱਖਦਿਆਂ ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਮੁਫ਼ਤ ਮੈਗਾ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ,ਸਿਹਤ ਕੈਂਪ ਦੌਰਾਨ ਮਾਲੇਰਕੋਟਲਾ ਦੇ ਲੋਕਾਂ ਨੇ ਵੱਖ-ਵੱਖ ਤਜਰਬੇਕਾਰ ਮਾਹਿਰ ਡਾਕਟਰਾਂ ਤੋਂ ਸਲਾਹ-ਮਸ਼ਵਰਾ ਲੈ ਕੇ ਸਿਹਤ ਸੇਵਾਵਾਂ ਦਾ ਲਾਹਾ ਲਿਆ।
ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਆਯੋਜਤ ਕੀਤੇ ਮੁਫ਼ਤ ਮੈਗਾ ਸਿਹਤ ਕੈਂਪ ਦਾ ਉਦਘਾਟਨ ਡੀ.ਐਸ.ਪੀ.ਰਣਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਵਿੱਚ ਇਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਵਧੀਆ ਇਲਾਜ ਦੀ ਸਹੂਲਤ ਮਿਲਦੀ ਹੈ। ਤਹਿਸੀਲਦਾਰ ਰਿੱਤੂ ਗੁਪਤਾ ਨੇ ਕਿਹਾ ਕਿ ਲੋਕਾਂ ਵਿੱਚ ਸਿਹਤ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਨੂੰ ਸਹੀ ਸਮੇਂ ਇਲਾਜ ਦੇਣ ਲਈ ਇਸ ਤਰ੍ਹਾਂ ਦੇ ਕੈਂਪ ਬਹੁਤ ਲਾਭਦਾਇਕ ਹਨ।
ਇਹ ਪਹਿਲ ਮੈਸ਼ ਪ੍ਰੋਲਾਈਫ ਹਸਪਤਾਲ ਦੀ ਕਮਿਊਨਿਟੀ ਸੇਵਾ ਅਤੇ ਪਹੁੰਚ ਯੋਗ ਸਿਹਤ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਕੈਂਪ ਦੌਰਾਨ ਆਮ ਸਿਹਤ ਜਾਂਚ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ, ਈਸੀਜੀ, ਹੱਡੀਆਂ ਦੀ ਘਣਤਾ ਜਾਂਚ, ਅਤੇ ਆਰਥੋਪੀਡਿਕ,ਗਾਇਨੀਕੋਲੋਜਿਸਟ,ਇੰਟਰਨਲ ਮੈਡੀਸਨ,ਯੂਰੋਲੋਜਿਸਟ,ਪੀਡੀਆਟ੍ਰੀਸ਼ੀਅਨ ਅਤੇ ਡਾਇਟੀਸ਼ੀਅਨ ਵਰਗੇ ਮਾਹਰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਸਮੇਤ ਕਈ ਤਰ੍ਹਾਂ ਦੀਆਂ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਦੀ ਟੀਮ ਨੇ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੰਡੀਆਂ ।