ਤੂਫਾਨ ਕਾਰਨ ਪਾਵਰ ਕੌਮ ਦਾ ਹੋਇਆ ਵੱਡੇ ਪੱਧਰ 'ਤੇ ਨੁਕਸਾਨ, ਕਈ ਇਲਾਕਿਆਂ ਦੀ ਬਿਜਲੀ ਰਹੀ ਬੰਦ
ਰੋਹਿਤ ਗੁਪਤਾ
ਗੁਰਦਾਸਪੁਰ, 25 ਮਈ 2025 - ਬੀਤੀ ਸ਼ਾਮ ਤੂਫਾਨ ਹਨੇਰੀ ਅਤੇ ਤੂਫਾਨੀ ਬਾਰਿਸ਼ ਕਾਰਨ ਗੁਰਦਾਸਪੁਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬਹੁਤ ਸਾਰੇ ਦਰਖਤ ਅਤੇ ਬਿਲੀ ਦੇ ਖੰਬੇ ਡਿਗ ਗਏ। ਲਗਭਗ ਇਕ ਘੰਟਾ ਚੱਲੇ ਤੂਫਾਨ ਕਾਰਨ ਕਈ ਟ੍ਰਾਂਸਫਾਰਮਰ ਵੀ ਨੁਕਸਾਨੇ ਗਏ। ਜਿਵੇਂ ਹੀ ਹਨੇਰੀ ਸ਼ੁਰੂ ਹੋਈ, ਪਾਵਰਕਾਮ ਵਿਭਾਗ ਵੱਲੋਂ ਬਿਜਲੀ ਸਪਲਾਈ ਕੱਟ ਦਿੱਤੀ ਗਈ ਅਤੇ ਸ਼ਹਿਰ ਦੇ ਆਸ ਪਾਸ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪੂਰੀ ਰਾਤ ਬੰਦ ਰਹੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਸ਼ਾਮ ਸੱਤ ਵਜੇ ਦੇ ਕਰੀਬ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਰਾਤ ਦਸ ਵਜੇ ਦੇ ਕਰੀਬ ਤੱਕ ਜਾਰੀ ਰਿਹਾ ਅਤੇ ਇਸ ਮੀਂਹ ਕਾਰਨ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ।
ਇਸ ਤੂਫਾਨ ਦਾ ਅਸਰ ਸਿਰਫ਼ ਗੁਰਦਾਸਪੁਰ ਸ਼ਹਿਰ ਵਿੱਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਦੇਖਣ ਨੂੰ ਮਿਲਿਆ। ਧਾਰੀਵਾਲ ਕਲਾਂ ਅਤੇ ਡੇਅਰੀਵਾਲ ਵਿੱਚ ਕੁਝ ਕਿਸਾਨਾਂ ਦੇ ਪਸ਼ੂਆਂ ਦੇ ਵਾੜਿਆਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ, ਤਿਬੜ ਸਬ ਡਿਵੀਜ਼ਨ ਪਾਵਰ ਹਾਊਸ ਦੇ ਅਧੀਨ ਆਉਣ ਵਾਲੇ ਗੁੰਜੀਆ ਫੀਡਰ 'ਤੇ ਵੀ ਕੁਝ ਨੁਕਸਾਨ ਹੋਇਆ ਹੈ।
ਪਾਵਰਕਾਮ ਅਰਬਨ ਗੁਰਦਾਸਪੁਰ ਦੇ ਐਸਡੀਓ ਭੁਪਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਆਏ ਝੱਖੜ ਕਾਰਨ ਵਿਭਾਗ ਦੇ 24 ਖੰਭੇ ਟੁੱਟ ਕੇ ਡਿੱਗ ਪਏ, ਅੱਠ ਟ੍ਰਾਂਸਫਾਰਮਰ ਨੁਕਸਾਨੇ ਗਏ, ਜਿਨ੍ਹਾਂ ਵਿੱਚੋਂ ਤਿੰਨ ਟਰਾਂਸਫਾਰਮਰ ਡਿੱਗ ਪਏ ਜਦੋਂ ਕਿ ਬਾਕੀ ਪੰਜ ਝੱਖੜ ਕਾਰਨ ਨੁਕਸਾਨੇ ਗਏ। ਜਿਸ ਕਾਰਨ ਪਾਵਰਕਾਮ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਕੋਈ ਨੁਕਸਾਨ ਨਹੀਂ ਹੋਇਆ, ਉੱਥੇ ਰਾਤ ਨੂੰ ਹੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਪਰ ਜਿਨ੍ਹਾਂ ਇਲਾਕਿਆਂ ਵਿੱਚ ਟ੍ਰਾਂਸਫਾਰਮਰਾਂ ਜਾਂ ਖੰਭਿਆਂ ਵਿੱਚ ਸਮੱਸਿਆ ਸੀ, ਉੱਥੇ ਰਾਤ ਭਰ ਬਿਜਲੀ ਬੰਦ ਰਹੀ।
ਜਦੋਂ ਇਸ ਸਬੰਧੀ ਜ਼ਿਲ੍ਹਾ ਜੰਗਲਾਤ ਅਧਿਕਾਰੀ ਅਟਲ ਮਹਾਜਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਤੂਫ਼ਾਨ ਕਾਫ਼ੀ ਤੇਜ਼ ਸੀ ਪਰ ਵਿਭਾਗ ਦੇ ਸਿਰਫ਼ ਚਾਰ ਦਰੱਖਤ ਡਿੱਗੇ ਜਿਸ ਕਾਰਨ ਵਿਭਾਗ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਸੜਕਾਂ ਦੇ ਵਿਚਕਾਰ ਡਿੱਗੇ ਦਰੱਖਤਾਂ ਨੂੰ ਹਟਾ ਦਿੱਤਾ ਗਿਆ ਹੈ।