ਝੱਖੜ ਅਤੇ ਮੀਂਹ ਨਾਲ ਹੋਏ ਵੱਡੇ ਨੁਕਸਾਨ ਦੇ ਬਾਵਜੂਦ ਜਿਉਂਦ ਮੋਰਚੇ ਤੇ ਬੈਠੇ ਕਿਸਾਨਾਂ ਦੇ ਹੌਸਲੇ ਬੁਲੰਦ
ਅਸ਼ੋਕ ਵਰਮਾ
ਬਠਿੰਡਾ,25 ਮਈ 2025: ਹਨੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ ਦਾ। ਹਨੇਰੀਆਂ ਨੂੰ ਵੀ ਰੋਕ,ਪਾੳਂਦੇ ਰਹੇ ਨੇ ਲੋਕ।" ਮਸ਼ਹੂਰ ਲੋਕ ਕਵੀ ਪਾਸ਼ ਦੀਆਂ ਤੁਕਾਂ ਮੁਤਾਬਿਕ ਜਿਉਂਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪਿੰਡ ਵਾਸੀਆਂ ਵੱਲੋਂ ਚੱਲ ਰਹੇ ਜਮੀਨੀ ਮੋਰਚੇ ਦੌਰਾਨ ਰਾਤ ਆਏ ਹਨੇਰੀ ਝੱਖੜ ਦੌਰਾਨ ਵੀ ਮੋਰਚੇ ਚ ਡਟੇ ਹੋਏ ਕਿਸਾਨਾਂ ਅਤੇ ਔਰਤਾਂ ਦੇ ਹੌਸਲੇ ਬੁਲੰਦ ਹਨ। ਸਰਕਾਰਾਂ ਦੇ ਜਬਰ ਅਤੇ ਕੁਦਰਤ ਦੇ ਇਸ ਕਹਿਰ ਦੇ ਬਾਵਜੂਦ ਇਸ ਨਾਲ ਜੂਝਦੇ ਹੋਏ ਲੋਕਾਂ ਨੇ ਅੱਜ ਵੀ ਸਵੇਰੇ ਪਿੰਡ ਵਿੱਚ ਮੁਜ਼ਾਹਰਾ ਕੀਤਾ ਗਿਆ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂਆਂ ਸ਼ਿੰਗਾਰਾ ਸਿੰਘ ਮਾਨ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਧੱਕੇ ਨਾਲ ਜਮੀਨ ਖੋਹਣ ਦਾ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਹੱਲਾ ਬੋਲਿਆ ਹੋਇਆ ਹੈ ਜਿਸ ਦਾ ਪੰਜਾਬ ਦੇ ਸੰਘਰਸਸ਼ੀਲ ਕਿਸਾਨ ਵਿਰੋਧ ਕਰ ਰਹੇ ਹਨ।
ਉਹਨਾਂ ਕਿਹਾ ਕਿ ਆਪਣੀ ਜਮੀਨਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪੁਲਿਸ ਵੱਲੋਂ ਜਬਰ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਖਿਲਾਫ ਝੂਠੇ ਪੁਲਿਸ ਕੇਸ ਤਹਿਤ ਜੇਲਾਂ ਵਿੱਚ ਬੰਦ ਕਰਕੇ ਸੰਘਰਸ਼ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਜਿਉਂਦ ਪਿੰਡ ਦੀ ਜਮੀਨ ਤੇ 100 ਸਾਲ ਤੋਂ ਵੱਧ ਸਮੇਂ ਤੋਂ ਕਾਬਜ ਅਤੇ ਕਾਸਤਕਾਰ ਕਿਸਾਨਾਂ ਵੱਲੋਂ ਉਸ ਮੌਕੇ ਦੇ ਰਾਜੇ ਦੀ ਕਚਹਿਰੀ ਅਤੇ ਬਾਅਦ ਵਿੱਚ ਦੀਵਾਨੀ ਅਦਾਲਤਾਂ ਵੱਲੋਂ ਵੀ ਕਿਸਾਨਾਂ ਨੂੰ ਪੂਰੇ ਮਾਲਕੀ ਹੱਕ ਦੇਣ ਦੇ ਫੈਸਲੇ ਕੀਤੇ ਹੋਏ ਹਨ ।ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿ ਕੁਝ ਚੋਰ ਮੋਰੀਆਂ ਰਾਹੀਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਪੱਖ ਕਮਜ਼ੋਰ ਕਰਦਿਆਂ ਹੋਇਆਂ ਹਾਈ ਕੋਰਟ ਵੱਲੋਂ ਜਗੀਰਦਾਰਾਂ ਦੇ ਪੱਖ ਵਿੱਚ ਫੈਸਲਾ ਕਰਵਾ ਕੇ ਹੁਣ ਸਦੀਆਂ ਤੋਂ ਆਪਦੀ ਰੋਜ਼ੀ ਰੋਟੀ ਦਾ ਸਾਧਨ ਕਿਸਾਨਾਂ ਤੋਂ ਪੰਜਾਬ ਸਰਕਾਰ ਜਮੀਨ ਖੋਹ ਕੇ ਜਗੀਰਦਾਰਾਂ ਨੂੰ ਸੰਭਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਹਨਾਂ ਕਿਹਾ ਕਿ ਮੁਜ਼ਾਰੇ ਕਿਸਾਨਾਂ ਨੂੰ ਜਮੀਨ ਦੇ ਪੂਰੇ ਮਾਲਕੀ ਹੱਕ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸੇ ਤਰ੍ਹਾਂ ਚੌਕੇ ਦੇ ਆਦਰਸ਼ ਸਕੂਲ ਦੇ ਮਸਲੇ ਤੇ ਜਿਉਂਦ ਪਿੰਡ ਦੇ ਜਮੀਨੀ ਮਸਲੇ ਸਬੰਧੀ ਹਲਕਾ ਮੋੜ ਤੇ ਵਿਧਾਇਕ ਸੁਖਬੀਰ ਸਿੰਘ ਵੱਲੋਂ ਵੀ ਕਿਸਾਨਾਂ ਨੂੰ 27 ਮਾਰਚ ਨੂੰ ਮੀਟਿੰਗ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਗੱਲਬਾਤ ਦਾ ਸੱਦਾ ਦੇ ਕੇ ਬਾਅਦ ਵਿੱਚ ਧੱਕੇ ਨਾਲ ਪੁਲਿਸ ਦੇ ਜੋਰ ਡਰੋਨ ਰਾਹੀਂ ਜਮੀਨ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਵੱਖ-ਵੱਖ ਤਬਕਿਆਂ ਤੇ ਕੀਤੇ ਜਾ ਰਹੇ ਜਬਰ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ 26 ਮਈ ਨੂੰ ਬਠਿੰਡਾ ਅਤੇ ਸੰਗਰੂਰ ਵਿਖੇ ਜਬਰ ਵਿਰੋਧੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ,ਔਰਤਾਂ ਅਤੇ ਸਭ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਨੂੰ ਇਸ ਰੈਲੀਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।
ਕਿਸਾਨ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਦਾ ਜਬਰ ਇਸੇ ਤਰਾਂ ਜਾਰੀ ਰਿਹਾ ਤਾਂ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਆਮ ਪਾਰਟੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦਾ ਪਿੰਡਾਂ ਵਿੱਚ ਆਉਣ ਤੇ ਵਿਰੋਧ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਪੱਤਰਕਾਰਾਂ ਵੱਲੋਂ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੂੰ ਸਵਾਲ ਕਰਨ ਤੇ ਉਨ੍ਹਾਂ ਨੂੰ 'ਅੱਤਵਾਦੀ' ਕਹਿਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪ੍ਰੈਸ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਉਹਨਾਂ ਵੱਲੋਂ ਸੱਚ ਜਨਤਕ ਕਰਨਾ ਉਨ੍ਹਾਂ ਦਾ ਫਰਜ ਅਤੇ ਅਧਿਕਾਰ ਹੈ। ਵਿਧਾਇਕ ਵੱਲੋਂ ਪੱਤਰਕਾਰਾਂ ਨੂੰ ਅੱਤਵਾਦੀ ਕਹਿਣ ਦੀ ਬਜਾਏ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸਨ। ਔਰਤ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਆਪਣੇ ਭਾਸ਼ਣ ਰਾਹੀਂ ਘੋਲਾਂ ਚ ਔਰਤਾਂ ਦੇ ਰੋਲ ਮਹੱਤਤਾ ਦਿੰਦਿਆਂ ਕਿਹਾ ਕਿ ਔਰਤ ਵੀ ਜੇ ਹਿੱਸਾ ਪਾਵੇ,, ਲੋਕ ਲਹਿਰ ਤੇ ਜੋਬਨ ਆਵੇ,,, ਨੂੰ ਬੁਲੰਦ ਕਰਨ ਤੇ ਜ਼ੋਰ ਦਿੱਤਾ ਅੱਜ ਦੇ ਬੁਲਾਰੇ ਰਾਮ ਸਿੰਘ ਕੋਟਗਰੂ, ਨਾਹਰ ਸਿੰਘ ਗੁੰਮਟੀ, ਜਸਵਿੰਦਰ ਸਿੰਘ ਮੋਗਾ, ਰਾਮ ਸਿੰਘ ਲਹਿਰਾ ਗਾਗਾ ਅਤੇ ਹਰਮੇਲ ਸਿੰਘ ਘਾਲੀ ਨੇ ਸੰਬੋਧਨ ਕੀਤਾ।