ਬ੍ਰਹਮਪੁਰਾ ਵੱਲੋਂ ਰਾਜਪਾਲ ਨੂੰ ਚਿੱਠੀ- ਖਡੂਰ ਸਾਹਿਬ ਦੇ 'ਆਪ' MLA 'ਤੇ ਲੱਗੇ ਗੰਭੀਰ ਦੋਸ਼ਾਂ ਦੀ ਉੱਚ-ਪੱਧਰੀ ਜਾਂਚ ਦੀ ਕੀਤੀ ਮੰਗ
ਤਰਨਤਾਰਨ,24 ਮਈ 2025 - ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ, ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਇੱਕ ਪੱਤਰ ਲਿਖ ਕੇ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀਆਂ ਮਨਮਾਨੀਆਂ ਅਤੇ ਸੱਤਾ ਦੀ ਦੁਰਵਰਤੋਂ ਦੀ ਉੱਚ-ਪੱਧਰੀ ਜਾਂਚ ਦੀ ਜ਼ੋਰਦਾਰ ਮੰਗ ਕੀਤੀ ਹੈ।ਸ.ਬ੍ਰਹਮਪੁਰਾ ਨੇ ਕਿਹਾ ਕਿ ਵਿਧਾਇਕ ਲਾਲਪੁਰਾ ਦੀਆਂ ਗਤੀਵਿਧੀਆਂ ਨੇ ਨਾ ਸਿਰਫ਼ ਕਾਨੂੰਨ ਦੇ ਰਾਜ ਨੂੰ ਕਮਜ਼ੋਰ ਕੀਤਾ ਹੈ,ਸਗੋਂ ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਵੀ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ।
ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਸ.ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਿਵੇਂ 'ਆਪ' ਵਿਧਾਇਕ ਲਾਲਪੁਰਾ ਸੱਤਾ ਦੇ ਨਸ਼ੇ ਵਿੱਚ ਕਾਨੂੰਨ ਨੂੰ ਛਿੱਕੇ ਟੰਗ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਤਰਨਤਾਰਨ ਦੇ ਤਤਕਾਲੀ ਐਸ.ਐਸ.ਪੀ.ਸ੍ਰੀ ਗੁਰਮੀਤ ਸਿੰਘ ਚੌਹਾਨ ਨੇ ਵਿਧਾਇਕ ਲਾਲਪੁਰਾ ਦੇ ਸਾਲੇ ਨੂੰ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ ਵਿੱਚ ਕਾਬੂ ਕੀਤਾ ਸੀ। ਸ.ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣ ਦੀ ਬਜਾਏ,ਵਿਧਾਇਕ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਈਮਾਨਦਾਰ ਐਸ.ਐਸ.ਪੀ.ਦੀ ਬਦਲੀ ਕਰਵਾ ਦਿੱਤੀ ਅਤੇ ਕਾਰਵਾਈ ਕਰਨ ਵਾਲੇ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰਵਾ ਦਿੱਤਾ,ਜੋ ਕਿ ਇੱਕ ਚੁਣੇ ਹੋਏ ਨੁਮਾਇੰਦੇ ਵੱਲੋਂ ਨਿੱਜੀ ਲਾਭ ਲਈ ਨਿਆਂ ਦਾ ਗਲਾ ਘੁੱਟਣ ਦੇ ਬਰਾਬਰ ਹੈ।
ਬ੍ਰਹਮਪੁਰਾ ਨੇ ਕਿਹਾ,'ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ 'ਤੇ ਸਾਬਕਾ ਰਾਜਪਾਲ ਵੱਲੋਂ ਮੰਗੀ ਗਈ ਰਿਪੋਰਟ ਨੂੰ ਅਜੇ ਤੱਕ ਜਨਤਕ ਨਹੀਂ ਕੀਤਾ,ਜਿਸ ਨਾਲ ਅਪਰਾਧੀਆਂ ਦੇ ਹੌਸਲੇ ਬੁਲੰਦ ਹੋਏ ਹਨ।'ਖਡੂਰ ਸਾਹਿਬ ਹਲਕੇ ਵਿੱਚ ਵਾਪਰੀ ਇੱਕ ਹੋਰ ਦਰਦਨਾਕ ਘਟਨਾ ਦਾ ਜ਼ਿਕਰ ਕਰਦਿਆਂ,ਸ.ਬ੍ਰਹਮਪੁਰਾ ਨੇ ਕਿਹਾ ਕਿ ਪਿੰਡ ਕੋਟ ਮੁਹੰਮਦ ਖਾਂ ਵਿਖੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਸ. ਚਰਨਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਉਨ੍ਹਾਂ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਦੋਸ਼ ਲਾਇਆ ਕਿ ਵਿਧਾਇਕ ਲਾਲਪੁਰਾ ਨੇ ਕਤਲ ਦੇ ਮੁਲਜ਼ਮਾਂ ਨੂੰ ਆਪਣੀ ਰਿਹਾਇਸ਼ 'ਤੇ ਪਨਾਹ ਦਿੱਤੀ ਅਤੇ ਉਨ੍ਹਾਂ ਦੇ ਬਚਾਅ ਵਿੱਚ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ।ਇਹ ਕਾਰਵਾਈਆਂ ਸਿੱਧੇ ਤੌਰ 'ਤੇ ਨਿਆਂ ਦੇ ਰਾਹ ਵਿੱਚ ਰੋੜਾ ਅਟਕਾਉਣ ਅਤੇ ਅਪਰਾਧਿਕ ਅਨਸਰਾਂ ਦੀ ਪੁਸ਼ਤ-ਪਨਾਹੀ ਕਰਨ ਦੇ ਤੁੱਲ ਹਨ।ਸ.ਬ੍ਰਹਮਪੁਰਾ ਨੇ ਅੱਗੇ ਕਿਹਾ,ਜਦੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਬ-ਇੰਸਪੈਕਟਰ ਦੇ ਕਤਲ ਦੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਵਿਧਾਇਕ ਲਾਲਪੁਰਾ ਦਾ ਕਰੀਬੀ ਦੱਸਿਆ ਜਾਂਦਾ ਹੈ,ਤਾਂ ਉਸ ਕੋਲੋਂ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਹੋਈ। ਇਹ ਘਟਨਾ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਇੱਕ ਖ਼ਤਰਨਾਕ ਨੈੱਟਵਰਕ ਦਾ ਪਰਦਾਫਾਸ਼ ਕਰਦੀ ਹੈ,ਜੋ ਸਾਡੀ ਰਾਸ਼ਟਰੀ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ।
ਉਨ੍ਹਾਂ ਨੇ ਮੌਜੂਦਾ 'ਆਪ' ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਵਿਧਾਇਕ ਲਾਲਪੁਰਾ, ਸੱਤਾਧਾਰੀ ਸਰਕਾਰ ਵਿੱਚ ਆਪਣੀ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ, ਦੋਸ਼ੀਆਂ ਨੂੰ ਬਚਾਉਣ ਅਤੇ ਪੁਲਿਸ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਦਾ ਤਰਨਤਾਰਨ ਦੇ ਮੌਜੂਦਾ ਐਸ.ਐਸ.ਪੀ. 'ਤੇ ਸ਼ਰੇਆਮ ਝੂਠੇ ਕੇਸ ਬਣਾਉਣ ਦੇ ਦੋਸ਼ ਲਗਾਉਣਾ,ਪੁਲਿਸ ਬਲ ਨੂੰ ਡਰਾਉਣ ਅਤੇ ਅਹਿਮ ਜਾਂਚਾਂ ਨੂੰ ਪਟੜੀ ਤੋਂ ਲਾਹੁਣ ਦੀ ਇੱਕ ਸੋਚੀ-ਸਮਝੀ ਚਾਲ ਹੈ।ਸਾਬਕਾ ਵਿਧਾਇਕ ਬ੍ਰਹਮਪੁਰਾ ਨੇ ਰਾਜਪਾਲ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ,ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ਅਤੇ ਈਮਾਨਦਾਰ ਐਸ.ਐਸ.ਪੀ.ਦੀ ਬਦਲੀ ਦੇ ਹਾਲਾਤਾਂ ਦੀ ਤੁਰੰਤ ਇੱਕ ਉੱਚ-ਪੱਧਰੀ, ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਜਾਣ ਅਤੇ ਸਾਬਕਾ ਰਾਜਪਾਲ ਵੱਲੋਂ ਮੰਗੀ ਗਈ ਰਿਪੋਰਟ ਨੂੰ ਤੁਰੰਤ ਜਨਤਕ ਕੀਤਾ ਜਾਵੇ।ਸਬ-ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ ਦੇ ਦੋਸ਼ੀਆਂ ਨੂੰ ਪਨਾਹ ਦੇਣ ਅਤੇ ਬਚਾਉਣ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਕਥਿਤ ਸ਼ਮੂਲੀਅਤ ਦੀ ਵਿਆਪਕ ਜਾਂਚ ਕਰਵਾਈ ਜਾਵੇ।
ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ, ਵਿਧਾਇਕ ਲਾਲਪੁਰਾ ਦੇ ਸਹਿਯੋਗੀਆਂ ਨਾਲ ਜੁੜੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦੀ ਕਿਸੇ ਕੇਂਦਰੀ ਏਜੰਸੀ ਤੋਂ ਉੱਚ-ਪੱਧਰੀ ਜਾਂਚ ਸ਼ੁਰੂ ਕੀਤੀ ਜਾਵੇ।
ਬ੍ਰਹਮਪੁਰਾ ਨੇ ਕਿਹਾ,'ਜੇਕਰ ਸੱਤਾ ਦੇ ਨਸ਼ੇ ਵਿੱਚ ਕੀਤੇ ਜਾ ਰਹੇ ਅਜਿਹੇ ਗੁਨਾਹਾਂ ਨੂੰ ਨਾ ਰੋਕਿਆ ਗਿਆ ਤਾਂ ਪੰਜਾਬ ਵਿੱਚ ਕਾਨੂੰਨ ਦਾ ਰਾਜ ਖਤਮ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਦੀ ਸਰਵਉੱਚਤਾ ਲਈ ਆਪਣੀ ਲੜਾਈ ਜਾਰੀ ਰੱਖੇਗਾ ਅਤੇ 'ਆਪ' ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਦਾ ਰਹੇਗਾ।' ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਰਾਜਪਾਲ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਕਾਰਵਾਈ ਕਰਨਗੇ।