ਡਰਾਈਵਰ ਦੀ ਚੌਕਸੀ ਨਾਲ ਪਲਟਣ ਤੋਂ ਬਚ ਗਈ ਐਕਸਪ੍ਰੈਸ ਰੇਲ ਗੱਡੀ ਪੰਜਾਬ ਮੇਲ
ਅਸ਼ੋਕ ਵਰਮਾ
ਬਠਿੰਡਾ, 24 ਮਈ 2025:ਬਠਿੰਡਾ ਮਾਨਸਾ ਰੇਲ ਲਾਈਨ ਤੇ ਰੇਲ ਗੱਡੀ ਪੰਜਾਬ ਮੇਲ ਦੇ ਡਰਾਈਵਰ ਦੀ ਚੌਕਸੀ ਨਾਲ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਰੇਲ ਲਾਈਨ ਤੇ ਲੋਹੇ ਦੇ ਮੰਜੇ ਦਾ ਫਰੇਮ ਰੱਖ ਦਿੱਤਾ ਜਿਸ ਕਰਕੇ ਇਹ ਸਥਿਤੀ ਬਣੀ ਸੀ। ਹਾਲਾਂਕਿ ਡਰਾਈਵਰ ਨੂੰ ਵਕਤ ਰਹਿੰਦਿਆਂ ਮੰਜੇ ਵਰਗੇ ਇਸ ਢਾਂਚੇ ਦਾ ਪਤਾ ਲੱਗ ਗਿਆ ਜਿਸ ਤੋਂ ਬਾਅਦ ਉਸ ਨੇ ਐਮਰਜੈਂਸੀ ਬਰੇਕਾਂ ਲਾਕੇ ਰੇਲ ਗੱਡੀ ਨੂੰ ਖਤਰੇ ਵਾਲੀ ਥਾਂ ਤੋਂ ਐਨ ਪਹਿਲਾਂ ਰੋਕਣ ਵਿੱਚ ਸਫਲਤਾ ਹਾਸਲ ਕਰ ਲਈ। ਪੰਜਾਬ ਮੇਲ ਐਕਸਪ੍ਰੈਸ ਗੱਡੀ ਹੈ ਜਿਸ ਦੀ ਰਫਤਾਰ ਹੋਰਨਾਂ ਗੱਡੀਆਂ ਦੇ ਮੁਕਾਬਲੇ ਜਿਆਦਾ ਹੁੰਦੀ ਹੈ। ਸੁਖਾਵਾਂ ਪੱਖ ਇਹੋ ਰਿਹਾ ਕਿ ਰੇਲ ਗੱਡੀ ਢਾਂਚੇ ਦੇ ਬਿਲਕੁਲ ਨਜ਼ਦੀਕ ਆਕੇ ਰੁਕ ਗਈ ਨਹੀਂ ਤਾਂ ਕਿਸ ਤਰਾਂ ਦਾ ਭਾਣਾ ਵਾਪਰ ਸਕਦਾ ਸੀ, ਇਹ ਸੋਚਕੇ ਹੀ ਲੱਤਾਂ ਕੰਬਣ ਲੱਗ ਜਾਂਦੀਆਂ ਹਨ।
ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਲੋਹੇ ਦਾ ਇਹ ਫਰੇਮ ਰੇਲ ਗੱਡੀ ਦੇ ਪਹੀਆਂ ਵਿਚਕਾਰ ਫਸ ਜਾਂਦਾ ਤਾਂ ਗੱਡੀ ਬੁਰੀ ਤਰਾਂ ਪਲਟ ਵੀ ਸਕਦੀ ਸੀ। ਉਨ੍ਹਾਂ ਦੱਸਿਆ ਕਿ ਜੇਕਰ ਅਜਿਹਾ ਹੋ ਜਾਂਦਾ ਤਾਂ ਗੱਡੀ ’ਚ ਸਫਰ ਕਰ ਰਹੇ ਮੁਸਾਫਰਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ। ਰੇਲ ਗੱਡੀ ਦੇ ਡਰਾਈਵਰ ਵੱਲੋਂ ਦਿੱਤੀ ਸੂਚਨਾ ਦੇ ਅਧਾਰ ਤੇ ਜੀਆਰਪੀ ਨੇ ਮੌਕੇ ਤੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅੱਖੀ ਦੇਖਣ ਵਾਲਿਆਂ ਨੇ ਦੱਸਿਆ ਕਿ ਮੁੰਬਈ ਫਿਰੋਜ਼ਪੁਰ ਪੰਜਾਬ ਮੇਲ ਐਕਸਪ੍ਰੈਸ ਸਵੇਰ ਵਕਤ ਮਾਨਸਾ ਤੋਂ ਬਠਿੰਡਾ ਵੱਲ ਆ ਰਹੀ ਸੀ। ਇਸੇ ਦੌਰਾਨ ਮਾਨਸਾ ਤੋਂ ਮੌੜ ਮੰਡੀ ਦੇ ਵਿਚਕਾਰ ਗੱਡੀ ਦੇ ਡਰਾਈਵਰ ਨੇ ਰੇਲ ਟਰੈਕ ਤੇ ਰੱਖੀ ਇੱਕ ਸ਼ੱਕੀ ਚੀਜ਼ ਦੇਖੀ ਤਾਂ ਉਸ ਨੂੰ ਤੁਰੰਤ ਗਾਰਡ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਡਰਾਈਵਰ ਨੇ ਬਿਨਾਂ ਵਕਤ ਗੁਆਇਆਂ ਐਮਰਜੈਂਸੀ ਬਰੇਕ ਲਾਕੇ ਰੇਲ ਗੱਡੀ ਰੋਕ ਦਿੱਤੀ। ਉਸ ਮਗਰੋਂ ਰੇਲ ਦੇ ਡਰਾਈਵਰ ਵੱਲੋਂ ਇਸ ਸਬੰਧ ਵਿੱਚ ਸੂਚਨਾ ਰੇਲਵੇ ਪੁਲਿਸ ਨੂੰ ਦਿੱਤੀ ਗਈ। ਮੌਕੇ ਤੇ ਪੁੱਜੀ ਜੀਆਰਪੀ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਰੇਲ ਲਾਈਨ ਤੇ ਲੋਹੇ ਦੇ ਬਣੇ ਮੰਜੇ ਦਾ ਫਰੇਮ ਰੱਖਿਆ ਹੋਇਆ ਸੀ। ਮਹੱਤਵਪੂਰਨ ਤੱਥ ਹੈ ਕਿ ਇਹ ਫਰੇਮ ਇਸ ਹਿਸਾਬ ਨਾਲ ਰੱਖਿਆ ਹੋਇਆ ਸੀ ਕਿ ਉਲਝਣ ਦੀ ਸੂਰਤ ’ਚ ਰੇਲ ਗੱਡੀ ਨੂੰ ਪਟੜੀ ਤੋਂ ਉਤਾਰ ਸਕਦਾ ਸੀ ਅਤੇ ਗੱਡੀ ਪਲਟ ਵੀ ਸਕਦੀ ਸੀ। ਪੁਲਿਸ ਨੇ ਪੜਤਾਲ ਨੂੰ ਹੋਰ ਜਿਆਦਾ ਪੁਖਤਾ ਬਨਾਉਣ ਲਈ ਆਸ ਪਾਸ ਲੱਗੇ ਸੀਸੀਟੀਵੀ ਖੰਘਾਲਣੇ ਸ਼ੁਰੂ ਕੀਤੇ ਹੋਏ ਹਨ। ਜਾਣਕਾਰੀ ਅਨੁਸਾਰ ਫੁਟੇਜ਼ ਦੀ ਸਹਾਇਤਾ ਨਾਲ ਰੇਲ ਲਾਈਨ ਤੇ ਮੰਜੇ ਵਾਂਗ ਨਜ਼ਰ ਆਉਂਦਾ ਫਰੇਮ ਰੱਖਣ ਵਾਲੇ ਵਿਅਕਤੀ ਲਾਲੀ ਸਿੰਘ ਵਾਸੀ ਮਾਨਸਾ ਨੂੰ ਜੀਆਰਪੀ ਨੇ ਗ੍ਰਿਫਤਾਰ ਕਰ ਲਿਆ ਹੈ।
ਡੂੰਘਾਈ ਨਾਲ ਤਫਤੀਸ਼: ਇੰਚਾਰਜ
ਥਾਣਾ ਜੀਆਰਪੀ ਦੇ ਇੰਚਾਰਜ ਜਸਵੀਰ ਸਿੰਘ ਦਾ ਕਹਿਣਾ ਸੀ ਕਿ ਮੁਲਜਮ ਲਾਲੀ ਸਿੰਘ ਤੋਂ ਇਸ ਕੰਮ ਪਿੱਛੇ ਉਸ ਦੀ ਮੰਨਸ਼ਾ ਸਬੰਧੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੀ ਇਹ ਮਾਨਸਿਕ ਅਸੰਤੁਲਨ ਦਾ ਮਾਮਲਾ ਹੈ ਜਾਂ ਫਿਰ ਇਸ ਪਿੱਛੇ ਕੋਈ ਵੱਡੀ ਸਾਜਿਸ਼, ਪੁਲਿਸ ਵੱਲੋਂ ਸਾਰੇ ਪਹਿਲੂਆਂ ਤੋਂ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮੂਹ ਮੁਸਾਫਰ ਸੁਰੱਖਿਅਤ ਸਨ ਅਤੇ ਜਾਂਚ ਪਿੱਛੋਂ ਪੰਜਾਬ ਮੇਲ ਮੰਜਿਲ ਵੱਲ ਰਵਾਨਾ ਹੋ ਗਈ ਹੈ।
ਡਰਾਈਵਰ ਦਾ ਧੰਨਵਾਦ
ਰੇਲਵੇ ਸੂਤਰਾਂ ਨੇ ਦੱਸਿਆ ਕਿ ਪੰਜਾਬ ਮੇਲ ਐਕਸਪ੍ਰੈਸ ਗੱਡੀ ਵਿੱਚ 500 ਤੋਂ ਵੀ ਵੱਧ ਯਾਤਰੀ ਸਵਾਰ ਸਨ ਜਿੰਨ੍ਹਾਂ ਚੋਂ ਜਿਆਦਾਤਰ ਸੁੱਤੇ ਹੋਏ ਸਨ। ਜਦੋਂ ਡਰਾਈਵਰ ਨੇ ਐਮਰਜੈਂਸੀ ਬਰੇਕਾਂ ਲਾਈਆਂ ਤਾਂ ਮੁਸਾਫਰਾਂ ਨੂੰ ਇੱਕ ਦਮ ਝਟਕਾ ਲੱਗਿਆ। ਇਸ ਦੌਰਾਨ ਜਦੋਂ ਮੁਸਾਫਰਾਂ ਨੂੰ ਪਤਾ ਲੱਗਿਆ ਕਿ ਇਹ ਰੇਲ ਗੱਡੀ ਨੂੰ ਪਲਟਾਉਣ ਦੀ ਸਾਜਿਸ਼ ਹੋ ਸਕਦੀ ਹੈ ਤਾਂ ਉਨ੍ਹਾਂ ਵਿੱਚ ਭੈਅ ਦਾ ਮਹੌਲ ਬਣ ਗਿਆ। ਮੁਸਾਫਰਾਂ ਵਿੱਚ ਸਹਿਮ ਦਾ ਵੱਡਾ ਕਾਰਨ ਇਹ ਵੀ ਸੀ ਕਿ ਇਸ ਤੋਂ ਪਹਿਲਾਂ ਰਾਜਸਥਾਨ,ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ’ਚ ਰੇਲ ਗੱਡੀਆਂ ਪਟੜੀ ਤੋਂ ਲਾਹੁਣ ਦੀਆਂ ਸਾਜਿਸ਼ਾਂ ਸਾਹਮਣੇ ਆਈਆਂ ਸਨ। ਯੂਪੀ ’ਚ ਤਾਂ ਰੇਲ ਗੱਡੀ ਅੱਗੇ ਸਿਲੰਡਰ ਰੱਖ ਦਿੱਤਾ ਸੀ। ਯਾਤਰੀਆਂ ਨੇ ਹਾਦਸਾ ਟਾਲਣ ’ਚ ਵਰਤੀ ਮੁਸਤੈਦੀ ਨੂੰ ਲੈਕੇ ਡਰਾਈਵਰ ਦਾ ਧੰਨਵਾਦ ਵੀ ਕੀਤਾ ਹੈ।
ਪਹਿਲਾਂ ਵੀ ਹੋਈਆਂ ਵਾਰਦਾਤਾਂ
ਬਠਿੰਡਾ ਜਿਲ੍ਹੇ ’ਚ ਲੰਘੇ 8 ਮਹੀਨਿਆਂ ਦੌਰਾਨ ਇਹ ਦੂਸਰਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਰੇਲ ਗੱਡੀ ਨੂੰ ਪਟੜੀ ਤੋਂ ਉਤਰਾਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ 22 ਸਤੰਬਰ 2024 ਨੂੰ ਬਠਿੰਡਾ ਦੇ ਬੰਗੀ ਨਗਰ ਲਾਗੇ ਕਿਸੇ ਨੇ ਰੇਲਵੇ ਟਰੈਕ ਤੇ ਲੋਹੇ ਦੇ ਟੁਕੜੇ ਰੱਖ ਦਿੱਤੇ ਸਨ। ਇਸ ਮੌਕੇ ਮਾਲ ਗੱਡੀ ਨੇ ਲੰਘਣਾ ਸੀ ਪਰ ਡਰਾਈਵਰ ਦੀ ਸਿਆਣਪ ਨਾਲ ਵੱਡਾ ਹਾਦਸਾ ਟਲ ਗਿਆ । ਜੀਆਰਪੀ ਨੇ ਇਸ ਸਬੰਧ ’ਚ ਮੁਕੱਦਮਾ ਦਰਜ ਕੀਤਾ ਸੀ। ਸਾਲ 2011 ਵਿੱਚ ਬਠਿੰਡਾ ਦਿੱਲੀ ਰੇਲ ਮਾਰਗ ਤੇ ਮਾਈਸਰਖਾਨਾ ਲਾਗੇ ਰੇਲ ਪਟੜੀ ਟੁੱਟੀ ਮਿਲੀ ਸੀ। ਰੇਲ ਮੁਲਾਜਮਾਂ ਦੀ ਮੁਸਤੈਦੀ ਕਾਰਨ ਗੱਡੀ ਟੁੱਟੇ ਟਰੈਕ ਤੋਂ ਪਿੱਛੇ ਰੁਕ ਗਈ ਜਿਸ ਕਰਕੇ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਇਸੇ ਦਿਨ ਕੋਟਕਪੂਰਾ ’ਚ ਰੇਲ ਪਟੜੀ ਟੁੱਟੀ ਮਿਲੀ ਸੀ ਪਰ ਇੱਥੇ ਵੀ ਬੱਚਤ ਰਹਿ ਗਈ ਸੀ।