'ਸਿੱਖਿਆ ਕ੍ਰਾਂਤੀ' ਲੋਕ ਮਨਾਂ ‘ਚ ਚੇਤੰਨਤਾ ਪੈਦਾ ਕਰ ਰਹੀ ਹੈ - ਸ਼ੈਰੀ ਕਲਸੀ
- ਵਿਧਾਇਕ ਸ਼ੈਰੀ ਕਲਸੀ ਵਲੋਂ ਵੱਖ ਵੱਖ ਸਕੂਲਾਂ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ
ਰੋਹਿਤ ਗੁਪਤਾ
ਬਟਾਲਾ, 24 ਮਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਸਿੱਖਿਆ ਕ੍ਰਾਂਤੀ ਆਮ ਲੋਕਾਂ ਦੇ ਮਨਾਂ ਵਿਚ ਸਿੱਖਿਆ ਦੀ ਅਹਿਮੀਅਤ ਪ੍ਰਤੀ ਚੇਤੰਨਤਾ ਪੈਦਾ ਕਰ ਰਹੀ ਹੈ।
ਇਹ ਪ੍ਰਗਟਾਵਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲੇਰ ਕਲਾਂ ਵਿਖੇ 22 ਲੱਖ ਰੁਪਏ ਦੀ ਲਾਗਤ ਨਾਲ, ਸਰਕਾਰੀ ਪ੍ਰਾਇਮਰੀ ਸਕੂਲ ਕਲੇਰ ਖੁਰਦ ਵਿਖੇ, 9 ਲੱਖ ਰੁਪਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਲੇਰ ਕਲਾਂ ਵਿਖੇ ਨਵੇਂ ਕਲਾਸ ਰੂਮ ਅਤੇ ਚਾਰਦੀਵਾਰੀ ਆਦਿ ਬਣਾਉਣ ਦੇ ਉਦਘਾਟਨ ਕੀਤੇ ਗਏ।
ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸਿੱਖਿਆ ਨਾਲ ਜਿੱਥੇ ਵਿਦਿਆਰਥੀ ਦਾ ਜੀਵਨ ਸੰਵਰਿਆ ਹੈ, ਉੱਥੇ ਹੀ ਸ਼ਾਖਰਤਾ ਦਰ ਵਿਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਇਨਕਲਾਬੀ ਬਦਲਾਅ ਕੀਤੇ ਜਾ ਰਹੇ ਹਨ ਅਤੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਦਾ ਭਵਿੱਖ ਗੁਣਵੱਤਾ ਭਰਪੂਰ ਸਿੱਖਿਆ ਨਾਲ ਹੀ ਉਜਵੱਲ ਹੋ ਸਕਦਾ ਹੈ, ਜਿਸ ਲਈ ਸਕੂਲਾਂ ਵਿਚ ਚੰਗੇ ਅਧਿਆਪਕਾਂ, ਵਧੀਆ ਬੁਨਿਆਦੀ ਢਾਂਚੇ ਤੋਂ ਇਲਾਵਾ ਪੜ੍ਹਨ ਲਈ ਹਰ ਸਹੂਲਤ ਮੁਹੱਈਆ ਕਰਵਾਉਣੀ ਲਾਜ਼ਮੀ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪਹਿਲ ਕਰਦਿਆਂ ਸਿੱਖਿਆ ਨੂੰ ਲੋਕ ਲਹਿਰ ਬਣਾਇਆ।
ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ, ਮਨਦੀਪ ਸਿੰਘ ਗਿੱਲ, ਨਵਦੀਪ ਸਿੰਘ, ਰਾਮ ਪਾਲ, ਜਸਬੀਰ ਸਿੰਘ, ਮਨਦੀਪ ਸਿੰਘ, ਗਗਨਜੀਤ ਸਿੰਘ, ਵਿਦਿਆਰਥੀ ਅਤੇ ਪਿੰਡ ਦੇ ਪਤਵੰਤੇ ਆਦਿ ਹਾਜ਼ਰ ਸਨ।