ਪ੍ਰਾਰਥਾਨਾ ਸਭਾ ਦੌਰਾਨ ਕੇਸ਼ਵ ਬਹਿਲ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ
- ਪਰਉਪਕਾਰੀ, ਅਗਾਂਹਵਧੂ ਕਿਸਾਨ ਤੇ ਸੱਚੇ ਕਰਮਯੋਗੀ ਸਨ ਸ੍ਰੀ ਕੇਸ਼ਵ ਬਹਿਲ - ਕਟਾਰੂਚੱਕ
ਰੋਹਿਤ ਗੁਪਤਾ
ਗੁਰਦਾਸਪੁਰ, 24 ਮਈ ਸਾਬਕਾ ਮੰਤਰੀ ਸਵਰਗੀ ਸ੍ਰੀ ਖੁਸ਼ਹਾਲ ਬਹਿਲ ਦੇ ਛੋਟੇ ਭਰਾ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਚਾਚਾ ਜੀ ਸ੍ਰੀ ਕੇਸ਼ਵ ਬਹਿਲ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਨਮਿਤ ਅੱਜ ਗੁਰਦਾਸਪੁਰ ਵਿਖੇ ਪ੍ਰਾਰਥਨਾ ਸਭਾ ਕੀਤੀ ਗਈ। ਇਸ ਸ਼ਰਧਾਂਜਲੀ ਸਮਾਗਮ ਵਿੱਚ ਸੂਬੇ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ, ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਸਮੇਤ ਹੋਰ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਸਵਰਗੀ ਸ੍ਰੀ ਕੇਸ਼ਵ ਬਹਿਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਇੱਕ ਪਰਉਪਕਾਰੀ, ਅਗਾਂਹਵਧੂ ਕਿਸਾਨ ਤੇ ਸੱਚੇ ਕਰਮਯੋਗੀ ਸਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਲੋਕਾਈ ਦੀ ਸੇਵਾ ਦੇ ਲੇਖੇ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਕੇਸ਼ਵ ਬਹਿਲ 25 ਸਾਲ ਪਿੰਡ ਹਯਾਤ ਨਗਰ ਦੇ ਸਰਪੰਚ ਰਹੇ। ਇਸ ਤੋਂ ਇਲਾਵਾ ਉਹ ਦੋ ਵਾਰ ਬਲਾਕ ਸੰਮਤੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਉਨ੍ਹਾਂ ਨੇ ਲੈਂਡ ਮਾਰਗੇਜ਼ ਤੇ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ।
ਉਹ ਜੀਵਨ ਭਰ ਸਮਾਜ ਸੇਵਾ ਨਾਲ ਜੁੜੇ ਰਹੇ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜ ਦੇ ਕਮਜ਼ੋਰ ਤੇ ਗ਼ਰੀਬਾਂ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਪਣੀਆਂ ਸੇਵਾਵਾਂ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਅਜਿਹੇ ਨੇਕ ਇਨਸਾਨਾਂ ਨੂੰ ਲੋਕਾਈ ਹਮੇਸ਼ਾਂ ਯਾਦ ਰੱਖਦੀ ਹੈ ਅਤੇ ਸ੍ਰੀ ਕੇਸ਼ਵ ਬਹਿਲ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਸਦੀਵੀ ਤੌਰ `ਤੇ ਆਪਣੇ ਚਰਨਾ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਵਰਗੀ ਸ੍ਰੀ ਕੇਸ਼ਵ ਬਹਿਲ ਨੂੰ ਸ਼ਰਧਾਂਜਲੀ ਦਿੰਦਿਆਂ ਕਿ ਕਿ ਉਨਾਂ ਦੇ ਜਾਣ ਨਾਲ ਬਹਿਲ ਪਰਿਵਾਰ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟ ਪਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕੇਸ਼ਵ ਬਹਿਲ ਰਾਜਨੀਤੀ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰੇਰਨਾ ਦੇ ਸਰੋਤ ਸਨ ਅਤੇ ਹਮੇਸ਼ਾਂ ਹੀ ਉਨ੍ਹਾਂ ਕੋਲੋਂ ਕੁਝ ਚੰਗਾ ਸਿੱਖਣ ਨੂੰ ਮਿਲਦਾ ਸੀ।
ਇਸ ਤੋਂ ਇਲਾਵਾ ਹੋਰ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਹਸਤੀਆਂ ਵੱਲੋਂ ਵੀ ਸਵਰਗੀ ਸ੍ਰੀ ਕੇਸ਼ਵ ਬਹਿਲ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਲਈ ਸਾਰੇ ਸਨੇਹੀਆਂ, ਰਿਸ਼ਤੇਦਾਰਾਂ ਅਤੇ ਹਲਕਾ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਇਲਾਕੇ ਦੇ ਅਵਾਮ, ਮੁਹਤਰਬਰਾਂ ਤੋਂ ਇਲਾਵਾ ਬਹਿਲ ਪਰਿਵਾਰ ਦੇ ਪਰਿਵਾਰਕ ਮੈਂਬਰ ਸ੍ਰੀਮਤੀ ਬਾਲਾ ਬਹਿਲ, ਕਪਿਲ ਬਹਿਲ, ਅਰਚਨਾ ਬਹਿਲ, ਨਿਧੀ ਬਹਿਲ, ਡਾ. ਆਸ਼ਿਮਾ ਬਹਿਲ, ਡਾ. ਨਿਤਿਨ ਬਹਿਲ, ਗੀਤਾਂਜਲੀ, ਰੋਹਿਤ ਹੁਰੀਆ ਤੇ ਹੋਰ ਸਕੇ-ਸਬੰਧੀ ਵੀ ਹਾਜ਼ਰ ਸਨ।