MP ਸਤਨਾਮ ਸੰਧੂ ਨੇ ਵਿਦੇਸ਼ ਮੰਤਰਾਲੇ ਸਾਹਮਣੇ ਰੂਸ ’ਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਦਾ ਚੁੱਕਿਆ ਮੁੱਦਾ
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਰੂਸ ’ਚ ਫਸੇ ਪੰਜਾਬੀ ਨੌਜਵਾਨਾਂ ਦੀ ਸਹਾਇਤਾ ਲਈ ਵਿਦੇਸ਼ ਮੰਤਰਾਲੇ ਨੂੰ ਲਗਾਈ ਗੁਹਾਰ
ਰੂਸ-ਯੂਕਰੇਨ ਦੀ ਜੰਗ ਲਈ ਜਬਰਨ ਫੌਜ ’ਚ ਭਰਤੀ ਕੀਤੇ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ
ਗੈਰ-ਕਾਨੂੰਨੀ ਏਜੰਟਾਂ ਦੇ ਜਾਲ ’ਚ ਫਸ ਕੇ ਨੌਜਵਾਨ ਵਿਦੇਸ਼ ਜਾਣ ਲਈ ਨਾ ਅਪਣਾਉਣ ਗਲਤ ਢੰਗ ਤੇ ਰਸਤੇ : ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ
ਚੰਡੀਗੜ੍ਹ,6 ਅਕਤੂਬਰ 2025- ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਰੂਸ-ਯੂਕਰੇਨ ਦੀ ਜੰਗ ਲਈ ਰੂਸ ਦੀ ਫੌਜ ਵਿਚ ਜਬਰਨ ਭਰਤੀ ਕੀਤੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਇਨ੍ਹਾਂ ਪੰਜਾਬੀ ਨੌਜਵਾਨਾਂ ਨਾਲ ਰੂਸ ਵਿਚ ਕਥਿਤ ਤੌਰ ’ਤੇ ਚੰਗੀਆਂ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਗੈਰ-ਕਾਨੂੰਨੀ ਏਜੰਟਾਂ ਵੱਲੋਂ ਧੋਖਾਧੜੀ ਕੀਤੀ ਗਈ ਹੈ ਤੇ ਝੂਠ ਬੋਲ ਕੇ ਰੂਸੀ ਫੌਜ ਵਿਚ ਭਰਤੀ ਹੋਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਦੇ 16 ਸੈਕਟਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਕੀਤਾ ਗਿਆ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸੰਧੂ ਨੇ ਕਿਹਾ ਕਿ ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਲਿਖੇ ਪੱਤਰ ਰਾਹੀਂ ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਤੁਰੰਤ ਦਖ਼ਲ ਦਿੱਤਾ ਜਾਵੇ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਧੋਖੇਬਾਜ਼ ਏਜੰਟਾਂ ਦੁਆਰਾ ਰੂਸ ਵਿੱਚ ਨੌਕਰੀਆਂ ਦੇ ਵਾਅਦੇ ਦੇ ਕੇ ਗੁੰਮਰਾਹ ਕੀਤਾ ਗਿਆ ਸੀ। ਰੂਸ ਪਹੁੰਚਣ ’ਤੇ, ਇਨ੍ਹਾਂ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਇਕਰਾਰਨਾਮਿਆਂ ’ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ ਤੇ ਰੂਸੀ ਫ਼ੌਜ ਦੀ ਸਿਖਲਾਈ ਲੈਣ ਅਤੇ ਫਿਰ ਰੂਸ-ਯੂਕਰੇਨ ਦੇ ਜੰਗੀ ਖੇਤਰ ਦੇ ਨੇੜੇ ਤਾਇਨਾਤੀ ਲਈ ਜ਼ੋਰ ਪਾਇਆ ਜਾ ਰਿਹਾ ਹੈ। ਸੰਧੂ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਅਤੇ ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰਾਂ ਤੱਕ ਛੇਤੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਜਲਦੀ ਕਾਰਵਾਈ ਕੀਤੀ ਜਾਵੇ।
ਸੰਸਦ ਮੈਂਬਰ (ਰਾਜ ਸਭਾ), ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਮੇਰੇ ਵੱਲੋਂ ਵਿਦੇਸ਼ ਮੰਤਰਾਲੇ ਕੋਲ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਦਾ ਮੁੱਦਾ ਚੁੱਕਿਆ ਗਿਆ ਹੈ। ਅਸੀਂ ਸਥਿਤੀ ’ਤੇ ਗੰਭੀਰਤਾ ਨਾਲ ਨਜ਼ਰ ਰੱਖ ਰਹੇ ਹਾਂ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਾਰੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਾਂ। ਮੇਰੀ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਹੈ ਕਿ ਉਹ ਵਿਦੇਸ਼ਾਂ ਵਿੱਚ ਚੰਗੀਆਂ ਨੌਕਰੀਆਂ ਦਾ ਲਾਲਚ ਦੇਣ ਵਾਲੇ ਧੋਖੇਬਾਜ਼ ਏਜੰਟਾਂ ਦੇ ਝਾਂਸਿਆਂ ਵਿਚ ਨਾ ਆਉਣ ਤੇ ਆਪਣਾ ਭਵਿੱਖ ਨਾ ਖਰਾਬ ਕਰਨ।
ਦੱਸਣਾ ਬਣਦਾ ਹੈ ਕਿ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਗੁੰਮਰਾਹ ਹੋ ਕੇ ਭਾਰਤੀ ਨੌਜਵਾਨ ਵਿਦੇਸ਼ਾਂ ਵਿੱਚ ਮੁਨਾਫ਼ੇ ਵਾਲੀਆਂ ਨੌਕਰੀਆਂ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਮੌਕੇ ਮਿਲਣ ਦੀ ਬਜਾਏ, ਖ਼ਤਰਨਾਕ ਹਲਾਤਾਂ ’ਚ ਫਸ ਗਏ, ਜਿੱਥੇ ਉਨ੍ਹਾਂ ਨੂੰ ਗੰਭੀਰ ਮੁਸ਼ਕਿਲਾਂ ਤੇ ਇੱਥੋਂ ਤੱਕ ਕਿ ਜਾਨਲੇਵਾ ਸਥਿਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਚੱਕ ਕੰਨੀਆਂ ਕਲਾਂ ਦੇ ਵਸਨੀਕ ਬੂਟਾ ਸਿੰਘ ਦਾ ਸਾਹਮਣੇ ਆਇਆ ਹੈ ਜੋ ਇਸ ਸਮੇਂ ਰੂਸ ਵਿੱਚ ਫਸਿਆ ਹੋਇਆ ਹੈ, ਨੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨਾਲ ਸੰਪਰਕ ਕੀਤਾ ਅਤੇ ਆਪਣੀ ਭਿਆਨਕ ਹੱਡਬੀਤੀ ਸੁਣਾਈ, ਨਾਲ ਹੀ ਭਾਰਤ ਵਿੱਚ ਸੁਰੱਖਿਅਤ ਵਾਪਸੀ ਲਈ ਅਪੀਲ ਕੀਤੀ ਹੈ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨਾਲ ਫੋਨ ਕਾਲ ਤੇ ਆਡੀਓ ਰਾਹੀਂ ਸੰਪਰਕ ਕਰ ਕੇ ਬੂਟਾ ਸਿੰਘ ਨੇ ਦੱਸਿਆ ਹੈ ਕਿ ਉਹ ਪੰਜਾਬ ਦੇ ਦੋ ਹੋਰ ਨੌਜਵਾਨਾਂ, ਲੁਧਿਆਣਾ ਦੇ ਸਮਰਜੀਤ ਸਿੰਘ ਅਤੇ ਗੁਰਦਾਸਪੁਰ ਦੇ ਗੁਰਸੇਵਕ ਸਿੰਘ ਨਾਲ 25 ਅਕਤੂਬਰ 2024 ਨੂੰ ਰੂਸ ਗਿਆ ਸੀ। ਉਸ ਨੂੰ ਦਿੱਲੀ ਦੇ ਇੱਕ ਏਜੰਟ ਰਾਹੀਂ ਰੂਸੀ ਵੀਜ਼ਾ ਮਿਲਿਆ ਸੀ। ਉਸਨੇ ਏਜੰਟ ਨੂੰ 3.5 ਲੱਖ ਰੁਪਏ ਦਿੱਤੇ ਸਨ, ਜਿਸਨੇ ਰੂਸ ਵਿੱਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ। ਉਸ ਨੇ ਇਹ ਰੁਪਏ ਆਪਣੀ ਜ਼ਮੀਨ ਵੇਚ ਕੇ ਇਕੱਠੇ ਕੀਤੇ ਸੀ। ਪਰ ਰੂਸ ਪਹੁੰਚਦਿਆਂ ਹੀ ਉਨ੍ਹਾਂ ਦੀ ਮੁਸੀਬਤ ਹੋਰ ਵੱਧ ਗਈ, ਉਥੇ ਉਨ੍ਹਾਂ ਦੇ ਨੌਕਰੀ ਦੇ ਇਕਰਾਰਨਾਮੇ ਦੇ ਨਾਂ ’ਤੇ ਕੁਝ ਕਾਗਜ਼ਾਂ ’ਤੇ ਦਸਤਖਤ ਵੀ ਕਰਵਾ ਲਏ ਗਏ। ਉਸ ਤੋਂ ਬਾਅਦ ਫੌਜੀ ਕੈਂਪ ਵਿਚ 15 ਦਿਨਾਂ ਦੀ ਸਿਖਲਾਈ ਦੇਣ ਤੋਂ ਬਾਅਦ ਜਬਰਨ ਰੂਸ-ਯੂਕਰੇਨ ਦੀ ਜੰਗ ਵਿਚ ਭੇਜ ਦਿੱਤਾ। ਜੰਗੀ ਮੋਰਚੇ ’ਤੇ ਯੂਕਰੇਨ ਦੇ ਡਰੋਨ ਹਮਲੇ ਤੋਂ ਬਾਅਦ ਹੋਏ ਇੱਕ ਧਮਾਕੇ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਇਸ ਕਾਰਨ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਜਿਥੇ ਉਸ ਦੀਆਂ ਕਈ ਸਰਜਰੀਆਂ ਹੋਈਆਂ ਹਨ ਤੇ ਹੁਣ ਉਥੋਂ ਉਸ ਨੂੰ ਮਾਸਕੋ ਦੇ ਹਸਪਤਾਲ ਵਿਚ ਸ਼ਿਫ਼ਟ ਕਰ ਦਿੱਤਾ ਸੀ।ਹਮਲੇ ਦੌਰਾਨ ਉਸ ਦੇ ਇੱਕ ਸਾਥੀ ਸਿਮਰਜੀਤ ਸਿੰਘ ਦੀ ਮੌਤ ਹੋ ਗਈ ਹੈ। ਉਸ ਦੀ ਅਪੀਲ ਹੈ ਕਿ ਭਾਰਤ ਸਰਕਾਰ ਨਾਲ ਸੰਪਰਕ ਕਰ ਕੇ ਉਸ ਦੀ ਵਤਨ ਵਾਪਸੀ ਕਰਵਾਈ ਜਾਵੇ।
ਸੰਧੂ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਮੁਤਾਬਕ, ਕੁੱਲ 126 ਭਾਰਤੀ ਨਾਗਰਿਕ ਰੂਸ ਗਏ ਸਨ ਜਿਨ੍ਹਾਂ ਨੇ ਬਾਅਦ ਵਿੱਚ ਰੂਸੀ ਫੌਜ ਵਿੱਚ ਸੇਵਾ ਕੀਤੀ ਅਤੇ ਇਨ੍ਹਾਂ ਵਿੱਚੋਂ, ਮੰਤਰਾਲੇ ਦੀ ਕੂਟਨੀਤਕ ਦਖਲਅੰਦਾਜ਼ੀ ਨਾਲ, 96 ਲੋਕਾਂ ਨੂੰ ਫੌਜ ਵਿੱਚੋਂ ਛੁੱਟੀ ਦੇ ਕੇ ਭਾਰਤ ਵਾਪਸ ਲਿਆਂਦਾ ਗਿਆ ਹੈ। ਲੜਾਈ ਦੌਰਾਨ 12 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਜਦੋਂ ਕਿ 18 ਭਾਰਤੀ ਨਾਗਰਿਕ ਅਜੇ ਵੀ ਲੜਾਈ ਵਿੱਚ ਸ਼ਾਮਲ ਹਨ ਅਤੇ ਇਨ੍ਹਾਂ ਵਿੱਚੋਂ 16 ਭਾਰਤੀਆਂ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਭਾਰਤੀ ਨਾਗਰਿਕਾਂ ਦੇ ਹਨ ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਨੌਕਰੀਆਂ, ਖਾਸ ਕਰਕੇ ਉਸਾਰੀ ਦੇ ਖੇਤਰ ਜਾਂ ਸਹਾਇਕਾਂ ਦੀਆਂ ਨੌਕਰੀਆਂ ਦੇ ਬਹਾਨੇ ਲਾਲਚ ਦੇ ਕੇ ਰੂਸੀ ਫੌਜ ਵਿੱਚ ਸੇਵਾ ਕਰਨ ਲਈ ਗੁਮਰਾਹ ਕੀਤਾ ਗਿਆ ਸੀ। ਅਮਰੀਕਾ ਦੇ ਡਿਪੋਰਟੇਸ਼ਨ (ਦੇਸ਼ ਨਿਕਾਲੇ) ਵਿਵਾਦ ਤੋਂ ਬਾਅਦ, ਕੇਂਦਰੀ ਜਾਂਚ ਏਜੰਸੀਆਂ ਅਤੇ ਸੂਬਿਆਂ ਦਾ ਪੁਲਿਸ ਵਿਭਾਗ ਹਰਕਤ ਵਿੱਚ ਆ ਗਿਆ ਹੈ ਅਤੇ ਗੈਰ-ਕਾਨੂੰਨੀ ਪ੍ਰਵਾਸ ਉਦਯੋਗ ਅਤੇ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ ’ਡੰਕੀ ਰੂਟ’ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਪੰਜ ਪੰਜਾਬੀ ਨੌਜਵਾਨਾਂ ਨੂੰ ਮਈ 2025 ਵਿੱਚ ਕੋਲੰਬੀਆ ਦੇ ਕਾਪੁਰਗਾਨਾ ’ਚ ਗੈਂਗਸਟਰਾਂ ਦੀ ਕੈਦ ਵਿਚੋਂ ਵਿਦੇਸ਼ ਮੰਤਰਾਲੇ ਵੱਲੋਂ ਸਫਲਤਾਪੂਰਵਕ ਬਚਾਇਆ ਗਿਆ ਸੀ। ਉਨ੍ਹਾਂ ਨੇ ਲਗਾਤਾਰ ਵਿਦੇਸ਼ੀ ਮੁਲਕਾਂ ਵਿੱਚ ਫਸੇ ਭਾਰਤੀ ਨੌਜਵਾਨਾਂ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਦੀ ਵਕਾਲਤ ਕੀਤੀ ਹੈ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਾਡੇ ਦੇਸ਼ ਦੇ ਨੌਜਵਾਨਾਂ ਅੰਦਰ ਵਿਦੇਸ਼ ਦੀ ਧਰਤੀ ’ਤੇ ਜਾ ਕੇ ਵਸਣ ਦੀ ਲਾਲਸਾ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਜੋ ਹਰ ਹਾਲਤ ਵਿਚ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ਜਾਣਾ ਚਾਹੰੁਦੇ ਹਨ।ਨੌਜਵਾਨ ਵਿਦੇਸ਼ ਜਾਣ ਲਈ ਗਲਤ ਵਿਅਕਤੀਆਂ ਤੇ ਗੈਰ-ਕਾਨੂੰਨੀ ਏਜੰਟਾਂ ਦੇ ਜਾਲ ਵਿਚ ਫਸ ਕੇ ਗਲਤ ਢੰਗ ਅਤੇ ਤਰੀਕੇ ਅਪਣਾ ਰਹੇ ਹਨ, ਉਹ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦੀ ਧਰਤੀ ’ਤੇ ਪਹੁੰਚਣ ਦੀਆਂ ਤਰਕੀਬਾਂ ਹਰ ਵਕਤ ਘੜਦੇ ਰਹਿੰਦੇ ਹਨ। ਨਿਤ ਦਿਨ ਖੁੰਬਾਂ ਵਾਂਗ ਉੱਗ ਰਹੇ ਖ਼ੁਦਗਰਜ਼ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਇਹ ਨੌਜਵਾਨ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਕਿਸੇ ਵੀ ਜਾਇਜ਼-ਨਜਾਇਜ਼ ਤਰੀਕੇ ਨੂੰ ਅਪਣਾਉਂਦੇ ਹੋਏ ਵਿਦੇਸ਼ ਜਾਣ ਲਈ ਅਪਣੀ ਜਾਨ ਜੋਖਮ ’ਚ ਪਾਉਣ ਤੋਂ ਨਹੀਂ ਡਰਦੇ ਹਨ।
ਸੰਧੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਅਜਿਹੇ ਤਰੀਕੇ ਤੇ ਢੰਗਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਆਪਣੀ ਜਾਨਾਂ ਨੂੰ ਜੋਖਮ ਵਿਚ ਨਹੀਂ ਪਾਉਣਾ ਚਾਹੀਦਾ ਹੈ। ਕਿਸੇ ਵੀ ਦੇਸ਼ ਵਿਚ ਜੇਕਰ ਨੌਜਵਾਨ ਗੈਰ ਕਾਨੂੰਨੀ ਢੰਗ ਨਾਲ ਕੋਈ ਵੀ ਜਾਂਦਾ ਹੈ ਤਾਂ ਸਰਕਾਰ ਵੱਲੋਂ ਮਦਦ ਪਹੁੰਚਾਉਣੀ ਵੀ ਮੁਸ਼ਕਲ ਹੋ ਜਾਂਦੀ ਹੈ।ਉਨ੍ਹਾਂ ਨੂੰ ਵਤਨ ਵਾਪਸੀ ਲਈ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।