Crime Special ਹਿਰਾਸਤੀ ਮੌਤ: ਵੱਡੇ ਥਾਣੇਦਾਰ ਸਣੇ 5 ਪੁਲਿਸ ਮੁਲਾਜਮਾਂ ’ਤੇ ਚੱਲੇਗਾ ਕਤਲ ਦਾ ਮੁਕੱਦਮਾ
ਅਸ਼ੋਕ ਵਰਮਾ
ਬਠਿੰਡਾ , 18 ਮਾਰਚ 2026 : ਬਠਿੰਡਾ ਪੁਲਿਸ ਦੀ ਕਥਿਤ ਹਿਰਾਸਤ ਦੌਰਾਨ ਭਿੰਦਰ ਸਿੰਘ ਦੀ ਹੋਈ ਮੌਤ ਸਬੰਧੀ ਅਦਾਲਤੀ ਜਾਂਚ ਦੇ ਕਰੀਬ ਇੱਕ ਸਾਲ ਬਾਅਦ ਜਿਲ੍ਹਾ ਅਦਾਲਤ ਨੇ ਮਾਮਲਾ ਅਗਲੀ ਕਾਰਵਾਈ ਲਈ ਜਿਲ੍ਹਾ ਤੇ ਸੈਸ਼ਨਜ਼ ਅਦਾਲਤ ਨੂੰ ਭੇਜ ਦਿੱਤਾ ਹੈ । ਹੁਣ ਇੰਸਪੈਕਟਰ ਅਤੇ 4 ਹੋਰ ਪੁਲਿਸ ਮੁਲਾਜਮਾਂ ’ਤੇ ਕਤਲ ਅਤੇ ਹੋਰ ਦੋਸ਼ਾਂ ਤਹਿਤ ਮੁਕੱਦਮਾ ਚੱਲਣ ਲਈ ਰਾਹ ਪੱਧਰਾ ਹੋ ਗਿਆ ਹੈ। ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਰਸਵੀਨ ਕੌਰ ਦੀ ਅਦਾਲਤ ਨੇ ਸੁਣਵਾਈ ਦੌਰਾਨ ਪਾਇਆ ਕਿ ਮੁਲਜਮਾਂ ਖਿਲਾਫ ਕਾਰਵਾਈ ਲਈ ਕਾਫੀ ਤੱਥ ਮੌਜੂਦ ਹਨ। ਤੱਥਾਂ ਨੂੰ ਦੇਖਦਿਆਂ ਅਦਾਲਤ ਨੇ ਮੰਗਲਵਾਰ ਨੂੰ ਮਾਮਲਾ ਸੈਸ਼ਨਜ਼ ਅਦਾਲਤ ਕੋਲ ਭੇਜਿਆ ਹੈ। ਇਸ ਮਾਮਲੇ ’ਚ ਤੱਤਕਾਲੀ ਸੀਆਈਏ ਸਟਾਫ ਵਨ ਦੇ ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ, ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਅਤੇ ਕਾਂਸਟੇਬਲ ਗਗਨਪ੍ਰੀਤ ਸਿੰਘ, ਹਰਜੀਤ ਸਿੰਘ ’ਤੇ ਜਸਵਿੰਦਰ ਸਿੰਘ ਮੁਲਜਮ ਹਨ। ਜਿਲ੍ਹਾ ਅਦਾਲਤ ਵੱਲੋਂ ਜਾਰੀ ਵਿਸਥਾਰਤ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਸਮੂਹ ਪੁਲਿਸ ਮੁਲਾਜਮ ਅਕਤੂਬਰ 2024 ਵਿੱਚ ਘਟਨਾ ਸਮੇਂ ਬਠਿੰਡਾ ਵਿੱਚ ਅਪਰਾਧ ਜਾਂਚ ਏਜੰਸੀ (ਸੀਆਈਏ) 1 ਵਿੱਚ ਤਾਇਨਾਤ ਸਨ। ਮਾਮਲਾ ਭਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਲੱਖੀ ਜੰਗਲ ਨਾਲ ਜੁੜਿਆ ਹੋਇਆ ਹੈ। ਭਿੰਦਰ ਸਿੰਘ ਨੂੰ ਸੀਆਈਏ ਵਨ ਪੁਲਿਸ ਨੇ 17 ਅਕਤੂਬਰ 2024 ਨੂੰ ਨਜਾਇਜ ਹਥਿਆਰਾਂ ਦੇ ਸ਼ੱਕ ’ਚ ਕਥਿਤ ਤੌਰ ’ਤੇ ਚੁੱਕ ਲਿਆ ਜਿਸ ਦੀ ਕਥਿਤ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਮੁਢਲੇ ਤੌਰ ’ਤੇ ਸਾਹਮਣੇ ਆਇਆ ਸੀ ਕਿ ਭਿੰਦਰ ਨੂੰ ਵਾਟਰ ਬੋਰਡਿੰਗ ਦਾ ਸ਼ਿਕਾਰ ਬਣਾਇਆ ਗਿਆ ਜੋ ਇੱਕ ਬਦਨਾਮ ਤਕਨੀਕ ਹੈ ਜਿਸ ਵਿੱਚ ਨੱਕ ਅਤੇ ਮੂੰਹ ਵਿੱਚ ਪਾਣੀ ਪਾਇਆ ਜਾਂਦਾ ਹੈ। ਉਦੋਂ ਫਿਰੋਜ਼ਪੁਰ ਜੇਲ੍ਹ ’ਚ ਬੰਦ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਨੇ ਸੈਸ਼ਨ ਜੱਜ ਫਿਰੋਜ਼ਪੁਰ ਨੂੰ ਪੱਤਰ ਰਾਹੀਂ ਦੋਸ਼ ਲਾਇਆ ਸੀ ਕਿ ਉਸਦੇ ਭਰਾ ਨੂੰ ਪੁਲਿਸ ਨੇ ਗੈਰਕਾਨੂੰਨੀ ਤੌਰ ’ਤੇ ਹਿਰਾਸਤ ਵਿੱਚ ਲਿਆ ਅਤੇ ਤਸੀਹੇ ਦੇਕੇ ਮੌਤ ਦੇ ਘਾਟ ਉਤਾਰ ਦਿੱਤਾ ।
ਫਿਰੋਜ਼ਪੁਰ ਅਦਾਲਤ ਨੇ ਇਹ ਸ਼ਿਕਾਇਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਨੂੰ ਜਾਂਚ ਲਈ ਭੇਜ ਦਿੱਤੀ ਸੀ। ਮਾਮਲੇ ਦੀ ਜਾਂਚ ਤੱਤਕਾਲੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਕੁਲਦੀਪ ਸਿੰਘ ਨੇ ਕੀਤੀ ਸੀ। ਜਾਂਚ ’ਚ ਦੌਰਾਨ ਇੱਕ ਦਿਲਚਸਪ ਤੱਥ ਸਾਹਮਣੇ ਆਇਆ ਕਿ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਦੇ ਪੁੱਤਰ ਭਿੰਦਰ ਵੱਲੋਂ ਥਰਮਲ ਦੀ ਝੀਲ ਵਿੱਚ ਛਾਲ ਮਾਰਨ ਕਰਕੇ ਮੌਤ ਹੋਈ ਹੈ ਪਰ ਇਹ ਗੱਲ ਝੂਠੀ ਪਾਈ ਗਈ ਸੀ। ਰਿਪੋਰਟ ਮੁਤਾਬਕ ਮ੍ਰਿਤਕ ਅਤੇ ਇੰਸਪੈਕਟਰ ਨਵਪ੍ਰੀਤ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ 17 ਅਕਤੂਬਰ ਦੀ ਸ਼ਾਮ ਬੁਲਾਡੇਵਾਲਾ ਪਿੰਡ ਵਿੱਚ ਲਗਭਗ ਇੱਕੋ ਸਮੇਂ ਦੀ ਹੈ। ਜਾਂਚ ਨੇ ਪੋਸਟਮਾਰਟਮ ਵਿੱਚ ਦੇਰੀ ਸਬੰਧੀ ਇਹ ਸਿੱਟਾ ਕੱਢਿਆ ਕਿ ਇੰਜ ਜਾਪਦਾ ਹੈ ਕਿ ਪੋਸਟਮਾਰਟਮ ਕਰਨ ਵਿੱਚ ਦੋ ਦਿਨਾਂ ਦੀ ਦੇਰੀ ਦੋਸ਼ਾਂ ਅਤੇ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸੀਆਈਏ-1 ਨੂੰ ਫਿੱਟ ਬੈਠਦਾ ਬਿਆਨ ਦੇਣ ਦੀ ਕੋਸ਼ਿਸ਼ ਕਰਨ ਕਾਰਨ ਹੋਈ ਸੀ।
ਰਿਪੋਰਟ ’ਚ ਦੱਸਿਆ ਗਿਆ ਸੀ ਕਿ ਭਿੰਦਰ ਨੂੰ ਸੀਆਈਏ ਵਨ ਦੀ ਟੀਮ ਨੇ ਗੈਰ-ਕਾਨੂੰਨੀ ਤੌਰ ’ਤੇ ਹਿਰਾਸਤ ਵਿੱਚ ਰੱਖਿਆ ਅਤੇ ਫਿਰ ਕਥਿਤ ਕਤਲ ਦੀ ਘਟਨਾ ਨੂੰ ਡੁੱਬਕੇ ਮਰਨ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਿੰਦਰ ਦੀ ਲਾਸ਼ 17 ਅਕਤੂਬਰ 2024 ਨੂੰ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਰ ’ਚ ਰੱਖੀ ਗਈ ਸੀ। ਥਾਣਾ ਥਰਮਲ ’ਚ ਦਰਜ ਡੀਡੀਆਰ ਅਨੁਸਾਰ ਪੁਲਿਸ ਨੂੰ ਸਤਨਾਮ ਸਿੰਘ ਅਤੇ ਬਲਜਿੰਦਰ ਸਿੰਘ ਦੀ 2021 ’ਚ ਦਰਜ ਹੋਏ ਇੱਕ ਮੁਕੱਦਮੇ ’ਚ ਤਲਾਸ਼ ਸੀ। ਰਿਕਾਰਡ ਮੁਤਾਬਕ ਸੀਆਈਏ ਸਟਾਫ ਨੂੰ ਥਾਣਾ ਥਰਮਲ ਇਲਾਕੇ ’ਚ ਬਿੱਲਾ ਅਤੇ ਭਿੰਦਰ ਦੀ ਸੰਭਾਵਿਤ ਗਤੀਵਿਧੀ ਬਾਰੇ ਪਤਾ ਲੱਗਾ ਜੋ ਥਾਣਾ ਨੇਹੀਆਂ ਵਾਲਾ ’ਚ ਦਰਜ ਕੀਤੀ ਗਈ ਇੱਕ ਐਫਆਈਆਰ ਦੇ ਸਬੰਧ ਵਿੱਚ ਲੁੜੀਂਦੇ ਸਨ। ਪੁਲਿਸ ਰਿਕਾਰਡ ਮੁਤਾਬਕ ਇੰਸਪੈਕਟਰ ਨਵਪ੍ਰੀਤ ਸਿੰਘ ਪੁਲਿਸ ਪਾਰਟੀ ਨਾਲ ਥਰਮਲ ਪਲਾਂਟ ਝੀਲਾਂ ਦੇ ਨੇੜੇ ਪਹੁੰਚੇ ਜਿੱਥੇ ਉਨ੍ਹਾਂ ਨੂੰ ਬਿੱਲਾ ਅਤੇ ਭਿੰਦਰ ਦਿਖਾਈ ਦਿੱਤਾ।
ਇਸ ਮੌਕੇ ਪੁਲਿਸ ਪਾਰਟੀ ਨੂੰ ਦੇਖਕੇ ਭਿੰਦਰ ਨੇ ਥਰਮਲ ਦੀ ਝੀਲ ਵਿੱਚ ਛਾਲ ਦਿੱਤੀ ਜਦੋਂਕਿ ਦੂਜਾ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋਕੇ ਭੱਜਣ ’ਚ ਸਫਲ ਹੋ ਗਿਆ। ਇੰਸਪੈਕਟਰ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਉਸ ਨੂੰ (ਭਿੰਦਰ) ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਪਾਣੀ ਵਿੱਚੋਂ ਬਾਹਰ ਕੱਢਿਆ । ਭਿੰਦਰ ਨੂੰ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਤੋਂ ਬਾਅਦ ਲਾਸ਼ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤੀ ਗਈ। ਭਿੰਦਰ ਦੀ ਮੌਤ ਸਬੰਧੀ ਪਤਾ ਲੱਗਣ ’ਤੇ ਪ੍ਰੀਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ 18 ਅਕਤੂਬਰ 2024 ਨੂੰ ਰੋਸ ਮੁਜ਼ਾਹਰਾ ਕੀਤਾ ਅਤੇ ਦੋਸ਼ ਲਾਇਆ ਕਿ ਭਿੰਦਰ ਡੁੱਬਣ ਨਾਲ ਨਹੀਂ ਮਰਿਆ ਬਲਕਿ ਇਹ ਕਥਿਤ ਹਿਰਾਸਤੀ ਮੌਤ ਹੈ। ਉਸੇ ਦਿਨ ਹੀ ਐਡਵੋਕੇਟ ਸੂਰਿਆਕਾਂਤ ਸਿੰਗਲਾ ਨੇ ਭਿੰਦਰ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਤੋਂ ਕਰਵਾਉਣ ਦੀ ਮੰਗ ਨੂੰ ਲੈਕੇ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਐਸਐਸਪੀ ਬਠਿੰਡਾ ਨੂੰ ਈਮੇਲ ਭੇਜੀ ਸੀ।
ਸੈਸ਼ਨ ਅਦਾਲਤ ਵੱਲ ਨਜ਼ਰ
ਹੁਣ ਭਿੰਦਰ ਦੀ ਕਥਿਤ ਹਿਰਾਸਤ ’ਚ ਮੌਤ ਸਬੰਧੀ ਹੁਣ ਨਜ਼ਰਾਂ ਜਿਲ੍ਹਾ ਤੇ ਸੈਸ਼ਨਜ਼ ਅਦਾਲਤ ਵਿੱਚ ਹੋਣ ਵਾਲੀ ਅਗਲੀ ਸੁਣਵਾਈ ’ਤੇ ਟਿਕ ਗਈਆਂ ਹਨ। ਮਾਮਲਾ ਪੁਲਿਸ ਪ੍ਰਸ਼ਾਸ਼ਨ ਨਾਲ ਜੁੜਿਆ ਹੋਣ ਕਰਕੇ ਵੀ ਗੰਭੀਰ ਮੰਨਿਆ ਜਾ ਰਿਹਾ ਹੈ ਜਿਸ ਦੀ ਅਗਲੀ ਸੁਣਵਾਈ 20 ਅਪ੍ਰੈਲ ਨੂੰ ਤੈਅ ਕੀਤੀ ਗਈ ਹੈ।
Click to Follow Babushahi Facebook page →