ਖੇਡ ਮੈਦਾਨਾਂ ਦਾ ਅਣਥੱਕ ਜਰਨੈਲ ਕੋਚ ਕੁਲਵੰਤ ਸਿੰਘ! ਜੋ ਕੱਚੀ ਮਿੱਟੀ ਨੂੰ ਤਰਾਸ਼ ਕੇ ਬਣਾਉਂਦੈ ‘ਸੋਨਾ’
ਸੁਖਮਿੰਦਰ ਭੰਗੂ
ਪੰਜਾਬ ਦੀ ਉਪਜਾਊ ਮਿੱਟੀ ਨੇ ਜਿੱਥੇ ਅੰਨ ਦੇ ਭੰਡਾਰ ਭਰੇ ਹਨ, ਉੱਥੇ ਹੀ ਅਜਿਹੇ ਅਨਮੋਲ ਹੀਰੇ ਵੀ ਪੈਦਾ ਕੀਤੇ ਹਨ ਜਿਨ੍ਹਾਂ ਨੇ ਵਿਸ਼ਵ ਪੱਧਰ 'ਤੇ ਆਪਣੀ ਖੇਡ ਦਾ ਲੋਹਾ ਮਨਵਾਇਆ ਹੈ। ਪਰ, ਕਿਸੇ ਵੀ ਚਮਕਦੇ ਹੀਰੇ ਦੇ ਪਿੱਛੇ ਇੱਕ ਤਜਰਬੇਕਾਰ 'ਜੌਹਰੀ' ਦੀ ਸਖ਼ਤ ਘਾਲਣਾ ਹੁੰਦੀ ਹੈ। ਪੰਜਾਬੀ ਖੇਡ ਜਗਤ ਵਿੱਚ ਅਜਿਹਾ ਹੀ ਇੱਕ ਸਤਿਕਾਰਤ ਨਾਮ ਹੈ, ਕੋਚ ਕੁਲਵੰਤ ਸਿੰਘ। ਉਹ ਸਿਰਫ਼ ਇੱਕ ਸਿਖਲਾਈ ਦੇਣ ਵਾਲੇ ਕੋਚ ਨਹੀਂ, ਸਗੋਂ ਖੇਡ ਮੈਦਾਨਾਂ ਦੇ ਉਹ ਸ਼ਿਲਪਕਾਰ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨਵੇਂ ਖਿਡਾਰੀ ਸਿਰਜਣ ਦੇ ਲੇਖੇ ਲਾ ਦਿੱਤੀ ਹੈ।
ਸੰਘਰਸ਼ ਤੋਂ ਸਫਲਤਾ ਤੱਕ ਦੀ ਗੱਲ ਕਰੀਏ ਤਾਂ ਮੁਢਲੇ ਸਫ਼ਰ ਦੀ ਸ਼ੁਰੂਆਤ ਕੋਚ ਕੁਲਵੰਤ ਸਿੰਘ ਦੇ ਖੇਡ ਸਫ਼ਰ ਦੀ ਨੀਂਹ ਪਟਿਆਲਾ ਦੀ ਵਿਰਾਸਤੀ ਧਰਤੀ 'ਤੇ ਰੱਖੀ ਗਈ ਸੀ। ਉੱਚ ਵਿਦਿਅਕ ਯੋਗਤਾ (B.P.Ed, M.P.Ed ਅਤੇ ਐਮ.ਏ. ਪੰਜਾਬੀ) ਦੇ ਨਾਲ-ਨਾਲ ਉਨ੍ਹਾਂ ਨੇ ਖੇਡ ਮੈਦਾਨ ਵਿੱਚ ਆਪਣੀ ਰਫ਼ਤਾਰ ਨਾਲ ਸਭ ਨੂੰ ਹੈਰਾਨ ਕੀਤਾ। 10,000 ਮੀਟਰ ਦੀਆਂ ਲੰਮੀਆਂ ਦੌੜਾਂ ਵਿੱਚ ਇੰਟਰ-ਯੂਨੀਵਰਸਿਟੀ ਪੱਧਰ 'ਤੇ ਮੱਲਾਂ ਮਾਰਨ ਵਾਲੇ ਕੁਲਵੰਤ ਸਿੰਘ ਨੇ ਨੈਸ਼ਨਲ ਸਕੂਲ ਖੇਡਾਂ ਵਿੱਚ 22 ਸੋਨ ਤਗਮੇ ਜਿੱਤ ਕੇ ਇੱਕ ਅਜਿਹਾ ਕੀਰਤੀਮਾਨ ਸਥਾਪਿਤ ਕੀਤਾ, ਜੋ ਅੱਜ ਵੀ ਨਵੇਂ ਅਥਲੀਟਾਂ ਲਈ ਪ੍ਰੇਰਨਾ ਦਾ ਸਰੋਤ ਹੈ।
ਪੰਜਾਬ ਪੁਲਿਸ ਦੀ ਵਰਦੀ ਅਤੇ ਕੋਚਿੰਗ ਦਾ ਜਨੂੰਨ
ਖੇਡਾਂ ਪ੍ਰਤੀ ਉਨ੍ਹਾਂ ਦੇ ਜਜ਼ਬੇ ਨੂੰ ਦੇਖਦਿਆਂ ਉਨ੍ਹਾਂ ਨੂੰ ਪੰਜਾਬ ਪੁਲਿਸ ਵਿੱਚ ਸੇਵਾ ਦਾ ਮੌਕਾ ਮਿਲਿਆ। ਪਰ ਵਰਦੀ ਪਹਿਨਣ ਤੋਂ ਬਾਅਦ ਵੀ ਉਨ੍ਹਾਂ ਦਾ ਮੋਹ ਖੇਡ ਮੈਦਾਨਾਂ ਨਾਲੋਂ ਨਹੀਂ ਟੁੱਟਿਆ। PAP ਜਲੰਧਰ ਦੇ ਸਪੋਰਟਸ ਸੈਂਟਰ ਵਿਖੇ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਕਈ ਅਣਤਰਾਸ਼ੇ ਪੱਥਰਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਵਿੱਚ ਬਦਲ ਦਿੱਤਾ। ਉਨ੍ਹਾਂ ਦੀ ਸਿਖਲਾਈ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਖਿਡਾਰੀ ਦੀ ਸਰੀਰਕ ਸਮਰੱਥਾ ਦੇ ਨਾਲ-ਨਾਲ ਉਸ ਦੀ ਮਾਨਸਿਕ ਮਜ਼ਬੂਤੀ 'ਤੇ ਵੀ ਕੰਮ ਕਰਦੇ ਹਨ। ਕੋਚ ਕੁਲਵੰਤ ਸਿੰਘ ਦਸਦੇ ਹਨ ਕਿ ਉਨ੍ਹਾਂ ਪੁਲਿਸ ਵਿੱਚ ਲੈ ਕੇ ਜਾਣ ਵਾਲੇ ਡੀਜੀਪੀ ਰਾਜਦੀਪ ਸਿੰਘ ਗਿੱਲ ਸਨ । ਡੀਜੀਪੀ ਗਿੱਲ ਨੇ ਕੁਲਵੰਤ ਸਿੰਘ ਦੇ ਅੰਦਰ ਖੇਡਾਂ ਪ੍ਰਤੀ ਜਨੂੰਨ ਨੂੰ ਪਛਾਣ ਕੇ ਪੁਲਿਸ ਵਿੱਚ ਭਰਤੀ ਕਰਵਾਇਆ। ਕੋਚ ਕੁਲਵੰਤ ਸਿੰਘ ਅਕਸਰ ਕਹਿੰਦੇ ਹਨ ਕਿ ਮੈਨੂੰ ਅੱਜ ਜੀ ਵੀ ਮਾਣ ਸਨਮਾਨ ਤੇ ਸਤਿਕਾਰ ਮਿਲਿਆ ਹੈ ਉਹ ਸਭ ਗਿੱਲ ਸਾਹਿਬ ਦੀ ਬਦੌਲਤ ਹੈ । ਓਹਨਾ ਬਿਨਾ ਮੈ ਕੁਛ ਵੀ ਨਹੀਂ।

ਕੋਚ ਕੁਲਵੰਤ ਦੀ 'ਸਪੋਰਟਸ ਫੈਕਟਰੀ' ਦੇ ਚਮਕਦੇ ਸਿਤਾਰੇ
ਅੱਜ ਜਦੋਂ ਅਸੀਂ ਪੰਜਾਬ ਦੇ ਨਾਮੀ ਅਥਲੀਟਾਂ ਦੀ ਗੱਲ ਕਰਦੇ ਹਾਂ, ਤਾਂ ਕੋਚ ਕੁਲਵੰਤ ਸਿੰਘ ਦੀ ਮਿਹਨਤ ਸਾਫ਼ ਨਜ਼ਰ ਆਉਂਦੀ ਹੈ। ਉਨ੍ਹਾਂ ਦੀ ਅਗਵਾਈ ਹੇਠ ਤਿਆਰ ਹੋਏ ਕੁੱਝ ਪ੍ਰਮੁੱਖ ਨਾਮ ਮਨਜੀਤ ਕੌਰ: ਏਸ਼ੀਅਨ ਖੇਡਾਂ ਵਿੱਚ ਸੁਨਹਿਰੀ ਇਤਿਹਾਸ ਸਿਰਜਣ ਵਾਲੇ।ਹਰਬੰਸ ਸਿੰਘ ਤੇ ਇਕਬਾਲ ਸਿੰਘ, ਜਿਨ੍ਹਾਂ ਨੇ ਪੰਜਾਬ ਪੁਲਿਸ ਅਤੇ ਰਾਸ਼ਟਰੀ ਖੇਡਾਂ ਵਿੱਚ ਆਪਣੀ ਕਾਬਲੀਅਤ ਦਾ ਪਰਚਮ ਲਹਿਰਾਇਆ।
ਕੋਚ ਕੁਲਵੰਤ ਸਿੰਘ ਸਿਰਫ਼ ਮੈਡਲ ਜਿੱਤਣ ਤੱਕ ਸੀਮਿਤ ਨਹੀਂ ਹਨ। ਉਨ੍ਹਾਂ ਦਾ ਵੱਡਾ ਮਕਸਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਮੈਦਾਨਾਂ ਦੀ ਧੂੜ ਨਾਲ ਜੋੜਨਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਖਿਡਾਰੀ ਕਦੇ ਨਸ਼ੇੜੀ ਨਹੀਂ ਹੋ ਸਕਦਾ ਅਤੇ ਇੱਕ ਨਸ਼ਾ-ਮੁਕਤ ਨੌਜਵਾਨ ਹੀ ਦੇਸ਼ ਦਾ ਸੁਨਹਿਰੀ ਭਵਿੱਖ ਸਿਰਜ ਸਕਦਾ ਹੈ।ਟਾਂਡਾ ਦੇ ਐਥਲੈਟਿਕਸ ਸੈਂਟਰ ਦੇ ਹੋਣਹਾਰ ਐਥਲੀਟ ਹਰਜੋਤ ਸਿੰਘ ਨੇ ਕਰਨਾਟਕਾ ਵਿਚ ਹੋਈ ਆਲ ਇੰਡੀਆ ਇੰਟਰ ਯੁਨੀਵਰਸਿਟੀ ਚੈਂਪੀਅਨਸ਼ਿਪ ਵਿਚ ਪੰਜਾਬ ਯੁਨੀਵਰਸਿਟੀ ਵੱਲੋਂ ਭਾਗ ਲੈਂਦੇ ਹੋਏ 47.45 ਸੈਕੰਡ ਨਾਲ ਰਿਕਾਰਡ ਦਰਜ ਕਰਦੇ ਹੋਏ ਮੈਡਲ ਜਿੱਤਕੇ ਸੈਂਟਰ ਦਾ ਨਾਂ ਰੌਸ਼ਨ ਕੀਤਾ ਹੈ ।
ਕੋਚ ਕੁਲਵੰਤ ਸਿੰਘ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਵਿਚ ਹੋਈ 60ਵੀਂ ਪੰਜਾਬ ਸਟੇਟ ਕਰਾਸ ਕੰਟਰੀ ਚੈਂਪੀਅਨਸ਼ਿਪ ਵਿਚ ਭਾਗ ਲੈਂਦੇ ਹੋਏ ਸੈਂਟਰ ਦੀ ਐਥਲੀਟ ਬਲਪ੍ਰੀਤ ਕੌਰ ਤੇ ਤਨਵੀਰ ਕੌਰ ਨੇ 18 ਸਾਲ ਤੋਂ ਘੱਟ ਉਮਰ ਵਰਗ ਵਿਚ ਗੋਲਡ ਮੈਡਲ ਅਤੇ ਡਿੰਪਲ ਕੁਮਾਰੀ ਨੇ ਕਾਂਸੇ ਦਾ ਮੈਡਲ ਜਿੱਤਿਆ।ਇਹਨਾ ਨੇ ਸਕੂਲ ਨੈਸ਼ਨਲ ਤੇ ਕ੍ਰਾਸ ਕੰਟਰੀ ਵਿੱਚ 1500 ਮੀਟਰ ਤੇ 3000 ਮੀਟਰ ਵਿੱਚ ਭਾਗ ਲਿਆ।ਇਕਬਾਲ ਕੌਰ ਤੇ ਲਖਵੀਰ ਕੌਰ ਨੇ 800 ਮੀਟਰ ਤੇ 1500 ਮੀਟਰ ਵਿੱਚ ਭਾਗ ਲਿਆ। ਆਸ਼ਾ ਰਾਣੀ ਤੇ ਜਤਿੰਦਰ ਕੌਰ ਨੇ ਹੰਗਰੀ, ਸਪੇਨ ਤੇ ਮੋਰੋਕੋ ਵਿੱਚ ਹੋਈ ਵਰਲਡ ਕ੍ਰਾਸ ਕੰਟਰੀ ਵਿੱਚ ਭਾਗ ਲਿਆ। ਅੰਡਰ 20 ਵਿਚ ਜੋਬਨ ਕੌਰ ਨੇ behrain ਵਿੱਚ bronze medal ਜਿੱਤਿਆ।
ਦਵਿੰਦਰ ਸਿੰਘ ਚਮਕੀਲਾ ਨੇ ਪੁਣਾ ਵਿਖੇ ਇੰਟਰ ਨੈਸ਼ਨਲ ਹਾਫ਼ ਮੈਰਾਥਨ ਵਿਚ ਭਾਗ ਲਿਆ ਤੇ ਸਿਲਵਰ ਮੈਡਲ ਜਿੱਤਿਆ। ਇਹਨਾ ਸਭ ਦੇ ਨਾਲ ਕੋਚ ਕੁਲਵੰਤ ਸਿੰਘ ਨੂੰ ਟਾਂਡਾ ਦਾ ਦਰੋਣਾਚਾਰੀਆ ਐਵਾਰਡ ਤੇ ਮਾਣ ਪੰਜਾਬ ਦਾ ਖਿਤਾਬ ਵੀ ਮਿਲਿਆ । ਏਥੇ ਹੀ ਬਸ ਨਹੀਂ ਬੈਸਟ achievement award India ਦਾ ਖਿਤਾਬ ਵੀ ਮਿਲਿਆ।
ਸਰਕਾਰੀ ਤੰਤਰ ਅਤੇ ਸਹੂਲਤਾਂ ਦੀ ਲੋੜ
ਆਪਣੇ ਲੰਮੇ ਤਜਰਬੇ ਤੋਂ ਬਾਅਦ ਕੋਚ ਸਾਹਿਬ ਇੱਕ ਗੱਲ ਬਹੁਤ ਸ਼ਿੱਦਤ ਨਾਲ ਕਹਿੰਦੇ ਹਨ ਕਿ ਪੰਜਾਬ ਦੇ ਪਿੰਡਾਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ, ਬਸ ਘਾਟ ਹੈ ਤਾਂ ਸਹੀ 'ਸਪੋਰਟ ਸਿਸਟਮ' ਦੀ। ਉਹ ਸਰਕਾਰਾਂ ਨੂੰ ਅਪੀਲ ਕਰਦੇ ਹਨ ਕਿ ਜੇਕਰ ਖਿਡਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਚੰਗੀ ਖੁਰਾਕ, ਅਧੁਨਿਕ ਟਰੈਕ ਅਤੇ ਮਿਆਰੀ ਖੇਡ ਕਿੱਟਾਂ ਮਿਲਣ, ਤਾਂ ਪੰਜਾਬ ਦਾ ਹਰ ਗੱਭਰੂ ਓਲੰਪਿਕ ਦੇ ਮੰਚ 'ਤੇ ਤਿਰੰਗਾ ਲਹਿਰਾਉਣ ਦੀ ਸਮਰੱਥਾ ਰੱਖਦਾ ਹੈ।
ਕੋਚ ਕੁਲਵੰਤ ਸਿੰਘ ਦਸਦੇ ਹਨ ਕਿ ਮੇਰੀ ਕੋਚਿੰਗ ਦਾ ਅਸਲ ਤਗਮਾ ਉਹ ਦਿਨ ਹੋਵੇਗਾ, ਜਦੋਂ ਮੇਰਾ ਤਿਆਰ ਕੀਤਾ ਖਿਡਾਰੀ ਨਾ ਸਿਰਫ਼ ਖੇਡ ਵਿੱਚ ਜੇਤੂ ਹੋਵੇ, ਸਗੋਂ ਸਮਾਜ ਵਿੱਚ ਵੀ ਇੱਕ ਜ਼ਿੰਮੇਵਾਰ ਅਤੇ ਨੇਕ ਇਨਸਾਨ ਵਜੋਂ ਜਾਣਿਆ ਜਾਵੇ। ਕੋਚ ਕੁਲਵੰਤ ਸਿੰਘ ਵਰਗੀਆਂ ਸਖ਼ਸ਼ੀਅਤਾਂ ਪੰਜਾਬੀ ਖੇਡ ਜਗਤ ਦਾ ਉਹ ਥੰਮ੍ਹ ਹਨ, ਜਿਨ੍ਹਾਂ ਸਦਕਾ ਅੱਜ ਵੀ ਸਾਡੀ ਖੇਡ ਵਿਰਾਸਤ ਜਿਉਂਦੀ ਹੈ। ਅਜਿਹੇ ਮਿਹਨਤੀ ਜਰਨੈਲਾਂ ਦਾ ਸਨਮਾਨ ਅਤੇ ਉਨ੍ਹਾਂ ਦੇ ਤਜਰਬੇ ਦਾ ਲਾਭ ਲੈਣਾ ਸਮੇਂ ਦੀ ਮੁੱਖ ਲੋੜ ਹੈ।

-
ਸੁਖਮਿੰਦਰ ਭੰਗੂ, ਲੇਖਕ
bhangoo1164@gmail.com
098157-52449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.