ਤੁਹਾਡੀ ਸਖਸ਼ੀਅਤ ਦਾ ਪੈਮਾਨਾ ਹੈ- ਗੱਲਬਾਤ ਦਾ ਸਲੀਕਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 01 ਮਈ, 2026:-ਇਹ ਗੱਲ ਅਸੀਂ ਕਿਤਾਬਾਂ ਅਤੇ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਕਿ ਗੱਲਬਾਤ ਕਰਨਾ ਵੀ ਇਕ ਕਲਾ ਹੈ। ਕੀ ਇਹ ਕਲਾ ਸੂਕਲਾਂ ਜਾਂ ਕਾਲਿਜਾਂ ਵਿੱਚੋਂ ਆਪ-ਮੁਹਾਰੇ ਮਿਲ ਜਾਂਦੀ ਹੈ? ਨਹੀਂ, ਇਹ ਕਲਾ ਇਸ ਤਰ੍ਹਾਂ ਆਪ ਮੁਹਾਰੇ ਨਹੀਂ ਮਿਲਦੀ। ਇਸ ਦੇ ਲਈ ਬਹੁਤ ਸਾਰੀਆਂ ਗੱਲਾਂ ਵਿਚਾਰ ਅਧੀਨ ਆਉਂਦੀਆਂ ਹਨ। ਤੁਸੀਂ ਹਰ ਰੋਜ਼ ਕਿਨ੍ਹਾਂ ਲੋਕਾਂ ਨਾਲ ਮਿਲਦੇ ਹੋ। ਕੀ ਉਹ ਲੋਕ ਇਸ ਕਲਾ ਦੇ ਜਾਣਕਾਰ ਹਨ ਜੇ ਨਹੀਂ ਤਾਂ ਤੁਸੀਂ ਵੀ ਉਸੇ ਤਰ੍ਹਾਂ ਦੇ ਹੋ ਜਾਓਗੇ। ਇਸ ਕਲਾ ਦੇ ਲਈ ਭਾਵੇਂ ਵੱਖ-ਵੱਖ ਸੰਸਥਾਵਾਂ ਵਿਚ ‘ਪਰਸਨੈਲਿਟੀ ਡਿਵੈਲਪਮੈਂਟ’ ਦੀਆਂ ਕਲਾਸਾਂ ਲਗਦੀਆਂ ਹਨ ਪਰ ਉਨ੍ਹਾਂ ਕਲਾਸਾਂ ਨੂੰ ਜਿਆਦਾਤਰ ਉੱਥੋਂ ਦੇ ਜਾਂ ਨੇੜੇ-ਤੇੜੇ ਦੇ ਵਿਦਿਆਰਥੀ ਹੀ ਲਗਾ ਸਕਦੇ ਹਨ, ਪਰ ਘਰ ਦਾ ਕੰਮ ਕਰਨ ਵਾਲੀਆਂ ਸੁਆਣੀਆਂ ਲਈ ਇਸ ਦੇ ਲਈ ਸਮਾਂ ਕੱਢਣਾ ਕਾਫੀ ਮੁਸ਼ਕਿਲ ਹੋ ਸਕਦਾ ਹੈ। ਫਿਰ ਇਹ ਸੁਆਣੀਆਂ ਕੀ ਕਰਨ? ਇਸ ਦੇ ਲਈ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਜੇ ਕਰ ਹੇਠ ਲਿਖੀਆਂ ਕੁਝ ਕੁ ਗੱਲਾਂ ਦਾ ਹੀ ਧਿਆਨ ਰੱਖ ਲਿਆ ਜਾਵੇ ਤਾਂ ਬਿਨਾਂ ਸ਼ਰਤ ਤੁਹਾਡੀ ਗੱਲਬਾਤ ਕਰਨ ਦੀ ਕਲਾ ਵਿਚ ਮਹੱਤਵਪੂਰਨ ਨਿਖਾਰ ਆ ਸਕਦਾ ਹੈ। ਜੇ ਕਰ ਇਕ ਵਾਰ ਤੁਹਾਨੂੰ ਗੱਲਬਾਤ ਕਰਨ ਦੀ ਕਲਾ ਦੀ ਸਮਝ ਪੈ ਗਈ ਤਾਂ ਫਿਰ ਤੁਹਾਡੀ ਸਰੀਰਕ ਸ਼ਕਲ ਭਾਵੇਂ ਸੁੰਦਰ ਹੋਵੇ ਜਾਂ ਨਾ ਹੋਵੇ ਤੁਸੀਂ ਲੋਕਾਂ ਵਿਚ ਇਕ ਸਭਿਅਕ ਅਤੇ ਲੋਕਪਿ੍ਰਯ ਸਖਸ਼ੀਅਤ ਦੇ ਤੌਰ ’ਤੇ ਜਾਣੇ ਜਾਣ ਦੇ ਕਾਬਿਲ ਹੋ ਸਕਦੇ ਹੋ।
ਆਓ ਜਾਣੀਏ ਕੁਝ ਵਿਸ਼ੇਸ਼ ਗੱਲਾਂ:-
- ਸਭ ਤੋਂ ਪਹਿਲਾਂ ਕੋਈ ਵੀ ਗੱਲ ਦਿਲ ਦੁਖਾਉਣ ਵਾਲੀ ਨਾ ਕਰੋ, ਜੇ ਕਰ ਹਾਲਤ ਕੁਝ ਅਜਿਹੇ ਵੀ ਹਨ ਤਾਂ ਇਸ ਪੁਆਇੰਟ ਉੱਤੇ ਹੌਲੀ-ਹੌਲੀ ਪਹੁੰਚੋ।
- ਸੰਤੁਲਿਤ ਸ਼ਬਦ ਅਤੇ ਮਿਠਾਸ ਭਰਿਆ ਲਹਿਜਾ ਅਪਣਾਓ। ਵਾਰਤਾਲਾਪ ਵਿਚ ਹਲਕੇ ਅਤੇ ਸਭਿਅਤਾ ਤੋਂ ਡਿੱਗੇ ਹੋਏ ਸ਼ਬਦ ਨਾ ਵਰਤੋ। ਜਿਸ ਨਾਲ ਗੱਲਬਾਤ ਕਰ ਰਹੇ ਹੋ ਉਸ ਦੇ ਦਿਲ ਵਿਚ ਅਮਿਟ ਛਾਪ ਛੱਡਣ ਦੀ ਕੋਸ਼ਿਸ ਕਰੋ।
- ਆਪਣੀ ਪ੍ਰਸੰਸਾ ਨਾ ਹੋਣ ਦਿਓ ਅਤੇ ਦੂਸਰਿਆਂ ਦੀ ਗੱਲਬਾਤ ਵਿਚ ਇਕ ਦਮ ਨੁਕਸ ਨਾ ਕੱਢੋ। ਆਪਣੇ ਆਪ ਨੂੰ ਜਿਆਦਾ ਬੁੱਧੀਮਾਨ ਸਾਬਿਤ ਕਰਨ ਦੀ ਜ਼ਿੱਦ ਨਾ ਕਰੋ, ਸਗੋਂ ਉਸ ਦੇ ਚੰਗੇ ਗੁਣਾਂ ਦੀ ਤਰੀਫ ਕਰੋ।
- ਗੱਲਬਾਤ ਕਰਦੇ ਸਮੇਂ ਮੌਕਾ ਮਿਲਣ ’ਤੇ ਇਕ ਚੰਗੇ ਸਰੋਤੇ ਦੇ ਤੌਰ ’ਤੇ ਵੀ ਪੇਸ਼ ਆਓ, ਇਹ ਨਹੀਂ ਕਿ ਜਦੋਂ ਅਗਲਾ ਗੱਲ ਕਰੇ ਤੁਹਾਡਾ ਧਿਆਨ ਪਾਸੇ ਹੱਟ ਜਾਵੇ। ਉਸ ਦੇ ਅਨੁਭਵ ਤੁਹਾਡੇ ਕੰਮ ਵੀ ਆ ਸਕਦੇ ਹਨ।
- ਸਾਹਮਣੇ ਵਾਲੇ ਦੀ ਹੈਸੀਅਤ ਅਤੇ ਉਮਰ ਦਾ ਖਾਸ ਖਿਆਲ ਰੱਖੋ। ਵੱਡਿਆਂ ਸਾਹਮਣੇ ਧੀਮੀ ਆਵਾਜ਼ ਵਿਚ ਅਤੇ ਖੌਫ ਰਹਿ ਕੇ ਗੱਲ ਬਾਤ ਕਰੋ।
- ਗੱਲਬਾਤ ਦੌਰਾਨ ਅੱਖਾਂ ਮਟਕਾਉਣਾ ਅਤੇ ਹੱਥ ਹਿਲਾਈ ਜਾਣਾ ਅਸ਼ੋਭਾ ਦਿੰਦਾ ਹੈ।
- ਇਕ ਵਿਸ਼ੇ ਉੱਤੇ ਗੱਲਬਾਤ ਸਮੇਂ ਵਿਸ਼ੇ ਤੋਂ ਬਾਹਰ ਜਾਣ ਦੀ ਕੋਸ਼ਿਸ ਨਾ ਕਰੋ, ਆਪਣਾ ਤਰਕ ਪੇਸ਼ ਕਰਦੇ ਸਮੇਂ ਪ੍ਰਭਾਵਸ਼ਾਲੀ ਸ਼ਬਦਾਂ ਦਾ ਹੀ ਪ੍ਰਯੋਗ ਕਰੋ।
- ਗੱਲਬਾਤ ਦੌਰਾਨ ਸਾਹਮਣੇ ਵਾਲੀ ਦੀ ਗੱਲ ਵਿਚੋਂ ਨਾ ਕੱਟੋ ਜੇ ਕਰ ਜ਼ਰੂਰੀ ਹੋਵੇ ਤਾਂ ਪਹਿਲਾਂ ਮਾਫੀ ਮੰਗੋ।
- ਜੇਕਰ ਮਹਿਸੂਸ ਹੋਵੇ ਕਿ ਸੁਨਣ ਵਾਲਾ ਤੁਹਾਡੀ ਗੱਲ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਫਜ਼ੂਲ ਨਾ ਬੋਲੀ ਜਾਵੋ ਤਰੀਕੇ ਨਾਲ ਗੱਲਬਾਤ ਖ਼ਤਮ ਕਰ ਦਿਓ।
- ਖੁਸ਼ੀ ਦੇ ਮੌਕੇ ਅਤੇ ਗ਼ਮੀ ਦੇ ਮੌਕੇ ਦਾ ਧਿਆਨ ਰੱਖੋ ਅਤੇ ਕੱਪੜਿਆਂ ਦੀ ਚੋਣ ਵੀ ਉਸੀ ਤਰੀਕੇ ਨਾਲ ਕਰੋ। ਗ਼ਮੀ ਮੌਕੇ ਹਾਰ ਸ਼ਿੰਗਾਰ ਅਤੇ ਮੇਕਅੱਪ ਤੋਂ ਪ੍ਰਹੇਜ਼ ਕਰੋ।
- ਗੱਲਬਾਤ ਦੌਰਾਨ ਭੱਦੇ ਚੁਟਕਲੇ ਪੇਸ਼ ਨਾ ਕਰੋ ਕਿਸੇ ਵੇਲੇ ਤੁਸੀਂ ਹੀ ਇਸ ਦੇ ਪਾਤਰ ਬਣ ਸਕਦੇ ਹੋ।
- ਗੱਲਬਾਤ ਦੌਰਾਨ ਕਿਸੇ ਦੀ ਚੁਗਲੀ ਜਾਂ ਨਿੰਦਾ ਕਰਨ ਤੋਂ ਪ੍ਰਹੇਜ਼ ਕਰੋ।
- ਜੇਕਰ ਕੋਈ ਸਮੂਹਿਕ ਗੱਲਬਾਤ ਹੋ ਰਹੀ ਹੈ ਤਾਂ ਕਿਸੇ ਨੂੰ ਲਾਗੇ ਬੁਲਾ ਕੇ ਉਸ ਦੇ ਕੰਨ ਵਿਚ ਫੁਸ-ਫੁਸ ਨਾ ਕਰੋ, ਇਸ ਦੇ ਲਈ ਉਚਿੱਤ ਸਮੇਂ ਦੀ ਉਡੀਕ ਕਰੋ।
- ਬਿਨਾਂ ਵਜਾਹ ਨਾ ਬੋਲੋ, ਕਿਸੇ ਦੀ ਗੱਲ ਵਿਚ ਐਵੇਂ ਟੰਗ ਅੜਾਉਣਾ ਠੀਕ ਨਹੀਂ।
- ਕੁਝ ਲੋਕ ਬਿਨਾਂ ਬੋਲੇ ਹੀ ਸਭ ਕੁਝ ਕਹਿ ਜਾਂਦੇ ਹਨ ਉਨ੍ਹਾਂ ਦੀ ਸਖਸ਼ੀਅਤ ਨੂੰ ਪੜ੍ਹਨ ਅਤੇ ਸਿੱਖਣ ਦੀ ਕੋਸ਼ਿਸ਼ ਕਰੋ।
- ਕਿਸੇ ਦੇ ਕੀਤੇ ਫੈਸਲੇ ਜਿੱਥੇ ਤੁਹਾਡੇ ਬੋਲਣ ਦਾ ਕੋਈ ਮਤਲਬ ਨਹੀਂ ਹੈ, ਉੱਤੇ ਟੀਕਾ ਟਿੱਪਣੀ ਨਾ ਕਰੋ।
- ਸ਼ਖਸੀਅਤ ਦੀ ਪਹਿਚਾਣ ਕਰਾਉਂਦੀ ਹੈ। ਤੁਹਾਡੇ ਬੋਲੇ ਗਏ ਸ਼ਬਦ ਦੱਸਦੇ ਹਨ ਕਿ ਤੁਹਾਡੇ ਅੰਦਰ ਕਿੰਨੀ ਨਿਮਰਤਾ ਹੈ। ਇੱਕ ਸੁਲਝਿਆ ਹੋਇਆ ਵਿਅਕਤੀ ਹਮੇਸ਼ਾ ਤੋਲ-ਮੋਲ ਕੇ ਬੋਲਦਾ ਹੈ।
- ਕੌੜੇ ਸ਼ਬਦ ਬਣੇ ਬਣਾਏ ਕੰਮ ਵਿਗਾੜ ਦਿੰਦੇ ਹਨ, ਜਦਕਿ ਮਿੱਠੀ ਬੋਲੀ ਦੁਸ਼ਮਣ ਨੂੰ ਵੀ ਮਿੱਤਰ ਬਣਾ ਲੈਂਦੀ ਹੈ।
- ਗੱਲਬਾਤ ਵਿੱਚ ਉਲਝਣ ਦੀ ਬਜਾਏ ਸਾਦਗੀ ਅਤੇ ਸਪੱਸ਼ਟਤਾ ਹੋਣੀ ਚਾਹੀਦੀ ਹੈ।
- ਚੰਗੀ ਗੱਲਬਾਤ ਦਾ ਮਤਲਬ ਸਿਰਫ਼ ਬੋਲਣਾ ਨਹੀਂ, ਸਗੋਂ ਦੂਜੇ ਨੂੰ ਸੁਣਨਾ ਵੀ ਹੈ।
- ਜੋ ਵਿਅਕਤੀ ਦੂਜੇ ਦੀ ਗੱਲ ਧਿਆਨ ਨਾਲ ਸੁਣਦਾ ਹੈ, ਉਹ ਜ਼ਿਆਦਾ ਸਤਿਕਾਰ ਪਾਉਂਦਾ ਹੈ।
- ਬਹੁਤ ਉੱਚੀ ਬੋਲਣਾ ਹੰਕਾਰ ਜਾਂ ਗੁੱਸੇ ਦੀ ਨਿਸ਼ਾਨੀ ਲੱਗ ਸਕਦਾ ਹੈ।
- ਬਹੁਤ ਹੌਲੀ ਬੋਲਣਾ ਆਤਮ-ਵਿਸ਼ਵਾਸ ਦੀ ਕਮੀ ਦਰਸਾਉਂਦਾ ਹੈ। ਇੱਕ ਸਥਿਰ ਅਤੇ ਨਰਮ ਲਹਿਜਾ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਦਾ ਪੈਮਾਨਾ ਹੈ।
- ਸਰੀਰਕ ਭਾਸ਼ਾ ਬਹੁਤ ਮਹੱਤਵਪੂਰਨ ਹੈ। ਗੱਲਬਾਤ ਵੇਲੇ ਤੁਹਾਡੀਆਂ ਅੱਖਾਂ ਦਾ ਸੰਪਰਕ ਅਤੇ ਬੈਠਣ-ਖੜ੍ਹਨ ਦਾ ਤਰੀਕਾ ਤੁਹਾਡੇ ਸਲੀਕੇ ਨੂੰ ਬਿਆਨ ਕਰਦਾ ਹੈ।
- ਗੱਲ ਕਰਦੇ ਸਮੇਂ ਚਿਹਰੇ ’ਤੇ ਹਲਕੀ ਮੁਸਕਰਾਹਟ ਰੱਖਣਾ ਸਾਹਮਣੇ ਵਾਲੇ ਨੂੰ ਸਹਿਜ ਮਹਿਸੂਸ ਕਰਵਾਉਂਦਾ ਹੈ।
- ਦੂਜੇ ਦੇ ਸਮੇਂ ਅਤੇ ਭਾਵਨਾਵਾਂ ਦਾ ਸਤਿਕਾਰ ਕਰੋ। ਗੱਲਬਾਤ ਦਾ ਸਲੀਕਾ ਇਹ ਵੀ ਹੈ ਕਿ ਅਸੀਂ ਜਾਣੀਏ ਕਿ ਕਦੋਂ ਚੁੱਪ ਰਹਿਣਾ ਹੈ।
- ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਬਿਨਾਂ ਵਜ੍ਹਾ ਦਖਲ ਦੇਣਾ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਕਰਨਾ ਸਲੀਕੇ ਦੇ ਖਿਲਾਫ਼ ਹੈ।
ਪੜ੍ਹਾਈ-ਲਿਖਾਈ ਜਾਂ ਪਹਿਰਾਵਾ ਸ਼ਾਇਦ ਤੁਹਾਨੂੰ ਭੀੜ ਵਿੱਚ ਵੱਖਰਾ ਦਿਖਾ ਸਕੇ, ਪਰ ਤੁਹਾਡੀ ਗੱਲਬਾਤ ਦਾ ਸਲੀਕਾ ਹੀ ਤੈਅ ਕਰਦਾ ਹੈ ਕਿ ਲੋਕ ਤੁਹਾਨੂੰ ਤੁਹਾਡੀ ਗੈਰ-ਹਾਜ਼ਰੀ ਵਿੱਚ ਕਿਸ ਤਰ੍ਹਾਂ ਯਾਦ ਰੱਖਣਗੇ।
ਜਿਵੇਂ ਕਿਹਾ ਜਾਂਦਾ ਹੈ: ਬੋਲੀ ਦੱਸ ਦਿੰਦੀ ਹੈ ਕਿ ਪਾਲਣ-ਪੋਸ਼ਣ ਕਿਹੋ ਜਿਹਾ ਹੋਇਆ ਹੈ।

-
ਹਰਜਿੰਦਰ ਸਿੰਘ ਬਸਿਆਲਾ, writer
hsbasiala25@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.