ਪੰਜ ਮਜ਼ਦੂਰ ਜਥੇਬੰਦੀਆਂ ਵੱਲੋਂ 25ਸਤੰਬਰ ਤੋਂ ਮਹੀਨਾ ਭਰ ਪਿੰਡਾਂ 'ਚ ਲਾਮਬੰਦੀ ਮੁਹਿੰਮ ਵਿੱਢਣ ਦਾ ਐਲਾਨ
ਸੰਗਰੂਰ 'ਚ ਮਜ਼ਦੂਰ ਮਹਾਂ ਪੰਚਾਇਤ 29ਨਵੰਬਰ ਨੂੰ
ਅਸ਼ੋਕ ਵਰਮਾ
ਬਰਨਾਲਾ, 20 ਸਤੰਬਰ 2026 : ਕੇਂਦਰ ਦੀ ਭਾਜਪਾ ਤੇ ਸੂਬਾਈ ਆਪ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਅੰਦੋਲਨ ਤੇਜ਼ ਤੇ ਵਿਸ਼ਾਲ ਕਰਨ ਲਈ ਅੱਜ ਇਥੇ ਪੰਜਾਬ ਦੀਆਂ ਪੰਜ ਮਜ਼ਦੂਰ ਜਥੇਬੰਦੀਆਂ ਨੇ ਮਜ਼ਦੂਰ ਆਗੂ ਕਸ਼ਮੀਰ ਸਿੰਘ ਗਦਾਈਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਐਲਾਨ ਕੀਤਾ ਹੈ ਕਿ 25 ਸਤੰਬਰ ਤੋਂ ਪਿੰਡਾਂ ਵਿੱਚ ਮਜ਼ਦੂਰ ਲਾਮਬੰਦੀ ਮੁਹਿੰਮ ਵਿੱਢੀ ਜਾਏਗੀ ਅਤੇ 29 ਨਵੰਬਰ ਨੂੰ ਸੰਗਰੂਰ ਵਿਖੇ ਮਜ਼ਦੂਰ ਮਹਾ ਪੰਚਾਇਤ ਕਰਨ ਦਾ ਫੈਸਲਾ ਲਿਆ ਗਿਆ ਹੈ। । ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਦੱਸਿਆ ਕਿ ਇਸ ਮੌਕੇ ਫੈਸਲਾ ਕੀਤਾ ਕਿ ਵੱਧ ਰਹੀ ਮਹਿੰਗਾਈ ,ਨਰੇਗਾ ਮਜ਼ਦੂਰਾਂ ਤੇ ਨੌਜਵਾਨਾਂ ਲਈ ਪੱਕੇ ਰੁਜ਼ਗਾਰ ਅਧਿਕਾਰ, ਕਰਜ਼ਾ ਮੁਕਤੀ, ਨਸ਼ਾ ਮੁਕਤੀ ਅਤੇ ਹਰ ਵਰਗ ਦੇ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਕਰਾਉਣ ਸਮੇਤ ਹੋਰ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ 20 ਸਤੰਬਰ ਤੋਂ 25 ਨਵੰਬਰ ਤੱਕ ਸੂਬੇ ਦੇ 1000 ਹਜ਼ਾਰ ਪਿੰਡਾਂ ਅੰਦਰ ਲਾਮਬੰਦੀ ਜਾਗ੍ਰਤੀ ਮੁਹਿੰਮ ਚਲਾਈ ਜਾਵੇਗੀ ਅਤੇ 29 ਨਵੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਹੱਕਾਂ ਲਈ ਮਜ਼ਦੂਰ ਕਿਰਤੀ ਮਹਾਂ ਪੰਚਾਇਤ ਕੀਤੀ ਜਾਵੇਗੀ।
ਇਸ ਮੌਕੇ ਤੂਰਬੰਜਾਰਾ ਗੁਲਜ਼ਾਰ ਸਿੰਘ ਆਤਮਹੱਤਿਆ ਕਾਂਡ ਲਈ ਭ੍ਰਿਸ਼ਟ ਤੇ ਮੌਕਾਪ੍ਰਸਤ ਲੀਡਰਾਂ ਵੱਲੋਂ ਸੰਘਰਸ਼ਸ਼ੀਲ ਮਜ਼ਦੂਰ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਸਖ਼ਤ ਨਿੰਦਾ ਕਰਦੇ ਵਿੱਤ ਮੰਤਰੀ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ। ਸਾਂਝੀ ਮੀਟਿੰਗ ਵਿੱਚ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ, ਨਰੇਗਾ ਰੁਜ਼ਗਾਰ ਪ੍ਰਪਤੀ ਮਜ਼ਦੂਰ ਯੂਨੀਅਨ, ਨਰੇਗਾ ਅਧਿਕਾਰ ਅੰਦੋਲਨ, ਡੈਮੋਕ੍ਰੇਟਿਕ ਮਨਰੇਗਾ ਫਰੰਟ ਪੰਜਾਬ,ਡਾ. ਅੰਬੇਡਕਰ, ਫੂਲੇ ਮੰਚ, ਭਾਈ ਲਾਲੋ ਮੰਚ ਆਦਿ ਜਥੇਬੰਦੀਆਂ ਸ਼ਾਮਲ ਸਨ।
ਭਾਈ ਲਾਲੋ ਮੰਚ ਦੇ ਸੂਬਾ ਆਗੂ ਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ , ਡਾ ਅੰਬੇਡਕਰ , ਫੂਲੇ ਮੰਚ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਕਾਲ਼ੀ, ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਸੂਬਾ ਆਗੂ ਕੁਲਵਿੰਦਰ ਕੌਰ ਨਾਭਾ, ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ, ਨਰੇਗਾ ਅਧਿਕਾਰ ਅੰਦੋਲਨ ਦੇ ਸੂਬਾ ਆਗੂ ਚਰਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਮਿਲਕੇ ਕਿਰਤੀ ਮਜ਼ਦੂਰਾਂ ਵਿਰੋਧੀ ਨੂੰ ਨੀਤੀਆਂ ਲਾਗੂ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਗਨਰੇਗਾ ਸਕੀਮ ਖ਼ਤਮ ਕਰਕੇ ਪੰਜਾਬ ਵਿੱਚ ਵੀ ਬੀ ਜੀ ਰਾਮ ਜੀ ਕਾਨੂੰਨ ਲਾਗੂ ਕਰਕੇ ਹਕੀਕੀ ਰੂਪ 'ਚ ਮਜ਼ਦੂਰ ਨੂੰ ਗਾਰੰਟੀਸ਼ੁਦਾ ਕੰਮ ਦੇਣ ਤੋਂ ਕਿਨਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 80 ਸਾਲਾਂ ਬਾਅਦ ਵੀ ਦੇਸ਼ ਦੇ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਨਹੀਂ ਹੋਇਆ। ਆਗੂਆਂ ਸੂਬੇ ਦੀ ਆਪ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਬੀ ਟੀਮ ਹੀ ਗਰਦਾਨਿਆ। ਕਿਹਾ ਕਿ ਇਨ੍ਹਾਂ ਵੀ ਫਜ਼ੂਲ ਖਰਚੀ ਤੇ ਵੋਟ ਵਟੋਰੂ ਨੀਤੀਆਂ ਰਾਹੀਂ ਪੰਜਾਬ ਨੂੰ ਕਰਜ਼ੇ ਵਿੱਚ ਹੀ ਡੋਬਿਆ ਹੈ , ਰਾਜ ਵਿੱਚ ਰੁਜ਼ਗਾਰ ਖ਼ਤਮ ਹੋ ਰਿਹਾ ਹੈ ਅਤੇ ਨਸ਼ਾ ਆਮ ਹੋ ਰਿਹਾ ਹੈ।
ਆਗੂਆਂ ਦੱਸਿਆ ਕਿ ਹਰ ਵਰਗ ਦੇ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਕਰਾਉਣ, ਮਜ਼ਦੂਰਾਂ, ਕਿਰਤੀਆਂ ਸਿਰ ਚੜ੍ਹੇ ਸਾਰੇ ਕਰਜ਼ੇ ਮਾਫ਼ ਕਰਾਉਣ, ਨੌਜਵਾਨਾਂ ਨੂੰ ਪੱਕੇ ਰੁਜ਼ਗਾਰ, ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਦਲਿਤਾਂ ਨੂੰ ਸਸਤੇ ਰੇਟ 'ਤੇ ਦੇਣੀਆਂ ਲਾਜ਼ਮੀ ਕਰਾਉਣ ਅਤੇ ਡੰਮੀ ਬੋਲੀਆਂ ਬੰਦ ਕਰਾਉਣ, ਬੁਢਾਪਾ ਪੈਨਸ਼ਨ ਘੱਟੋ ਘੱਟ 10 ਹਜ਼ਾਰ, ਅੰਗਹੀਣ ਵਿਅਕਤੀ ਤੇ ਵਿਧਵਾ ਔਰਤਾਂ ਲਈ 15 ਹਜ਼ਾਰ ਮਹੀਨਾ, ਦਲਿਤਾਂ 'ਤੇ ਸਮਾਜਿਕ ਜ਼ਬਰ ਨੂੰ ਨੱਥ ਪਾਉਣ, ਭੱਠਿਆਂ ਉਪਰ ਕਿਰਤ ਕਾਨੂੰਨਾਂ ਨੂੰ ਲਾਗੂ ਕਰਾਉਣ ਆਦਿ ਸਮੇਤ ਹੋਰ ਹੱਕੀ ਮੰਗਾਂ ਲਈ 25 ਸਤੰਬਰ ਤੋਂ 25 ਨਵੰਬਰ ਤੱਕ ਸੂਬੇ ਦੇ ਪਿੰਡ ਪਿੰਡ ਮਜ਼ਦੂਰ ਲਾਮਬੰਦੀ ਉਪਰੰਤ 29 ਨਵੰਬਰ ਨੂੰ ਸੰਗਰੂਰ ਸੂਬਾ ਪੱਧਰੀ ਵਿਸ਼ਾਲ 'ਮਜ਼ਦੂਰ ਕਿਰਤੀ ਮਹਾਂ ਪੰਚਾਇਤ' ਕੀਤੀ ਜਾਵੇਗੀ।ਮੀਟਿੰਗ ਵਿੱਚ ਮਜ਼ਦੂਰ ਆਗੂ ਪ੍ਰਕਾਸ਼ ਸਿੰਘ, ਕਰਮਜੀਤ ਸਿੰਘ ਪੱਕਾ, ਜਗਤਾਰ ਸਿੰਘ ਤੋਲਾਵਾਲ, ਪਰਮਜੀਤ ਕੌਰ ਸੁਨਾਮ, ਜਸਵੀਰ ਕੌਰ ਨਾਭਾ ਸਮੇਤ ਹੋਰ ਵੀ ਆਗੂ ਮੌਜ਼ੂਦ ਸਨ।
- Download Babushahi App
-
-