ਲਾਲ ਕਿਲ੍ਹੇ 'ਤੇ ਸ੍ਰੀ ਸਾਹਿਬ ਪਹਿਨਣ ਕਾਰਨ ਨਾਭਾ ਦੇ ਸਰਪੰਚ ਨੂੰ ਸੁਤੰਤਰਤਾ ਦਿਵਸ ਸਮਾਗਮ ਵਿਚ ਜਾਣ ਤੋਂ ਰੋਕਿਆ
ਪਟਿਆਲਾ : ਨਾਭਾ ਦੇ ਪਿੰਡ ਕਸਿਆਣਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਦਿੱਲੀ ਦੇ ਲਾਲ ਕਿਲ੍ਹੇ 'ਤੇ ਸੁਤੰਤਰਤਾ ਦਿਵਸ ਸਮਾਗਮ ਵਿੱਚ ਉਸ ਸਮੇਂ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਜਦੋਂ ਉਹ ਸ੍ਰੀ ਸਾਹਿਬ ਪਹਿਨ ਕੇ ਪਹੁੰਚੇ। ਇਸ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਸਖ਼ਤ ਨਿਖੇਧੀ ਕੀਤੀ ਹੈ।
ਘਟਨਾ ਦੀ ਪੂਰੀ ਜਾਣਕਾਰੀ
ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਦੱਸਿਆ ਕਿ ਪਿੰਡ ਕਾਲਸਣਾ ਦੀ ਪੰਚਾਇਤ ਨੂੰ 14 ਅਗਸਤ ਨੂੰ ਦਿੱਲੀ ਵਿਖੇ ਪਿੰਡ ਦੀ ਸਫ਼ਾਈ ਲਈ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ, 15 ਅਗਸਤ ਨੂੰ ਸਰਪੰਚ ਗੁਰਧਿਆਨ ਸਿੰਘ ਨੂੰ ਲਾਲ ਕਿਲ੍ਹੇ ਦੇ ਸਮਾਗਮ ਲਈ ਸੱਦਾ ਮਿਲਿਆ। ਪਰ ਜਦੋਂ ਉਹ ਸਮਾਗਮ ਵਾਲੀ ਥਾਂ 'ਤੇ ਪਹੁੰਚੇ, ਤਾਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਸ੍ਰੀ ਸਾਹਿਬ ਪਹਿਨਣ ਕਰਕੇ ਅੰਦਰ ਜਾਣ ਤੋਂ ਰੋਕ ਦਿੱਤਾ।
ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾਉਣ ਦਾ ਦੋਸ਼
ਸ. ਸੁਰਜੀਤ ਸਿੰਘ ਗੜ੍ਹੀ ਨੇ ਇਸ ਘਟਨਾ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ, ਅੱਜ ਉਸੇ ਦੇਸ਼ ਵਿੱਚ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਦਰਸਾਉਂਦੀ ਹੈ ਕਿ ਸਿੱਖਾਂ ਨੂੰ ਭਾਰਤ ਵਿੱਚ ਦੂਜੇ ਦਰਜੇ ਦੇ ਨਾਗਰਿਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਇਸ ਮੁੱਦੇ 'ਤੇ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਤਰਨਤਾਰਨ ਦੀ ਇੱਕ ਸਿੱਖ ਬੱਚੀ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਘਟਨਾਵਾਂ ਸਿੱਖਾਂ ਦੇ ਦਿਲਾਂ ਨੂੰ ਬਹੁਤ ਠੇਸ ਪਹੁੰਚਾ ਰਹੀਆਂ ਹਨ। ਉਨ੍ਹਾਂ ਨੇ ਸਿਆਸਤਦਾਨਾਂ 'ਤੇ ਦੋਹਰੀ ਨੀਤੀ ਅਪਣਾਉਣ ਦਾ ਇਲਜ਼ਾਮ ਲਾਇਆ।