ਟੀਕਾਕਰਨ ਦੇ ਨਾਲ ਲਾਏ ਜਾ ਰਹੇ ਹਨ ਆਊਟਰੀਚ ਕੈਂਪ : ਸਿਵਲ ਸਰਜਨ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 19 ਅਗਸਤ2025 : ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼਼ਾ-ਨਿਰਦੇਸ਼ਾਂ ਅਨੁਸਾਰ 5 ਸਾਲ ਤੱਕ ਦੇ ਬੱਚੇ ਜੋ ਕਿਸੇ ਕਾਰਣ ਟੀਕਾਰਕਨ ਤੋ ਵਾਝੇ ਰਹਿ ਗਏ ਹਨ, ਲਈ ਵਿਸ਼ੇਸ ਹਫਤਾਵਾਰੀ ਟੀਕਾਰਕਨ ਮੁੰਹਿਮ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਸਾਂਝੀ ਕੀਤੀ।
ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਅੱਗੇ ਦੱਸਿਆ ਕਿ ਇਹ ਮੁਹਿੰਮ 18 ਤੋ 23 ਅਗਸਤ ਤੱਕ ਚੱਲੇਗੀ। ਇਸ ਟੀਕਾਕਰਨ ਮੁੰਹਿਮ ਦਾ ਮੁੱਖ ਮੰਤਵ 0-5 ਸਾਲ ਤੱਕ ਦੇ ਬੱਚਿਆ ਦਾ ਮੁਕੰਮਲ ਟੀਕਾਕਰਨ ਯਕੀਨੀ ਬਣਾਉਣਾ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੇ ਘੇਰੇ ਨੂੰ ਮਜ਼ਬੂਤ ਕਰਨਾ ਹੈ। ਇਸ ਮੁਹਿੰਮ ਦੌਰਾਨ ਪ੍ਰਵਾਸੀ ਆਬਾਦੀ ਅਤੇ ਸਲੱਮ ਏਰੀਏ ਵੱਲ ਵਿਸ਼ੇਸ ਧਿਆਨ ਕੇਦਰਿਤ ਕੀਤਾ ਜਾਵੇਗਾ। ਜਿਲ੍ਹੇ ਵਿੱਚ 0-5 ਸਾਲ ਦੇ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ, ਜਿਨ੍ਹਾਂ ਦਾ ਟੀਕਾਕਰਨ ਕਿਸੇ ਕਾਰਣ ਕਰਕੇ ਅਧੂਰਾ ਹੈ, ਦਾ ਟੀਕਾਕਰਨ ਮੁਕੰਮਲ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਖਸਰਾ ਅਤੇ ਰੁਬੇਲਾ ਨੂੰ ਪੂਰੀ ਤਰ੍ਹਾ ਖਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ, ਐਮ ਆਰ-1 ਅਤੇ ਐਮ ਆਰ-2 ਦੀ 100 ਫੀਸਦੀ ਦੀ ਕਵਰੇਜ਼ ਯਕੀਨੀ ਬਣਾਈ ਜਾਵੇਗੀ। ਇਸ ਦੇ ਨਾਲ ਟੀ ਡੀ 10 ਸਾਲ ਅਤੇ ਟੀ ਡੀ 16 ਸਾਲ ਦੀ ਕਵਰੇਜ਼ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪ੍ਰਵਾਸੀ ਆਬਾਦੀ ਵਾਲੇ ਇਲਾਕਿਆ, ਝੁੱਗੀਆ, ਝੌਪੜੀਆਂ, ਖਾਨਾਬਦੋਸ਼ ਥਾਵਾਂ, ਇੱਟਾਂ ਦੇ ਭੱਠੇ, ਗੁੱਜਰਾਂ ਦੇ ਡੇਰੇ ਆਦਿ ਦਾ ਸਰਵੇਖਣ ਮੁਕੰਮਲ ਕੀਤਾ ਗਿਆ ਹੈ, ਜਿਸ ਵਿੱਚ ਡਰਾਪ ਆਊਟ ਅਤੇ ਲਿਫਟ ਆਊਟ ਬੱਚੇ ਹਨ ਅਤੇ ਗਰਭਵਤੀ ਔਰਤਾਂ ਦੀ ਜਾਂਚ ਦੀ ਜਾਣਕਾਰੀ ਇਕੱਠੀ ਕੀਤੀ ਗਈ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸੀ ਸਿੰਗਲਾ ਨੇ ਦੱਸਿਆ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਪੋਲਿਓ, ਪੀਲੀਆਂ, ਤਪਦਿਕ, ਕੰਨ ਪੇੜੇ, ਕਾਲੀ ਖਾਂਸੀ, ਟੈਟਨਸ, ਨਿਮੋਨੀਆ ਅਤੇ ਦਸਤ, ਖਸਰਾ ਅਤੇ ਰੁਬੇਲਾ ਅਤੇ ਅੰਨੇਪਣ ਸਮੇਤ 11 ਗੰਭੀਰ ਬੀਮਾਰੀਆਂ ਤੋ ਬਚਾਉਣ ਲਈ ਬੱਚਿਆਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਜਰੂਰੀ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਜਾ ਗਰਭਵਤੀ ਔਰਤਾਂ ਦਾ ਕੋਈ ਟੀਕਾਕਰਨ ਰਹਿ ਗਿਆ ਹੈ ਤਾ ਉਹ ਨਜਦੀਕੀ ਸਿਹਤ ਸੰਸਥਾ ਚ ਜਾ ਕੇ ਵਿਸ਼ੇਸ ਟੀਕਾਕਰਨ ਹਫਤੇ ਦੌਰਾਨ ਟੀਕਾਕਰਨ ਜਰੂਰੀ ਕਰਵਾਉਣ।