ਕਪੂਰਥਲਾ : ਸਵੇਰੇ-ਸਵੇਰੇ ਵਾਪਰਿਆ ਦਰਦਨਾਕ ਹਾਦਸ, ਉਲਟ ਦਿਸ਼ਾ ਤੋਂ ਆ ਰਹੀ ਬੱਸ ਨੇ ਮਿੰਨੀ ਟਰੱਕ ਨੂੰ ਮਾਰੀ ਟੱਕਰ
3 ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ਕਪੂਰਥਲਾ 19 ਜੁਲਾਈ 2025
ਮੰਗਲਵਾਰ ਸਵੇਰੇ ਕਪੂਰਥਲਾ - ਜਲੰਧਰ ਰੋਡ ‘ਤੇ ਮੰਡ ਪਿੰਡ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ, ਇੱਕ ਤੇਜ਼ ਰਫ਼ਤਾਰ ਬੱਸ ਉਲਟ ਦਿਸ਼ਾ ਤੋਂ ਆ ਰਹੀ ਸੀ ਤੇ ਅਚਾਨਕ ਸਾਹਮਣੇ ਤੋਂ ਆ ਰਹੀ ਇੱਕ ਛੋਟੀ ਹਾਥੀ ਗੱਡੀ ਨਾਲ ਟਕਰਾ ਗਈ।
ਪ੍ਰਤੱਖਦਰਸ਼ੀਆਂ ਮੁਤਾਬਕ ਟੱਕਰ ਇੰਨੀ ਜ਼ੋਰਦਾਰ ਸੀ ਕਿ ਛੋਟਾ ਹਾਥੀ ਗੱਡੀ (ਮਿੰਨੀ ਟਰੱਕ) ਚਕਨਾਚੂਰ ਹੋ ਗਿਆ ਤੇ ਇਸ ਵਿੱਚ ਸਵਾਰ ਤਿੰਨਾਂ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਪੂਰਥਲਾ ਸਬਜ਼ੀ ਮੰਡੀ ਨਾਲ ਜੁੜੇ ਵਪਾਰੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ ਸਬਜ਼ੀਆਂ ਲੈ ਕੇ ਜਲੰਧਰ ਵੱਲ ਜਾ ਰਹੇ ਸੀ।
ਹਾਦਸੇ ਦੀ ਖ਼ਬਰ ਫੈਲਦੇ ਹੀ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਪੂਰਥਲਾ-ਜਲੰਧਰ ਸੜਕ ‘ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਅਤੇ ਦੋਸ਼ੀ ਬੱਸ ਡਰਾਈਵਰ ਵਿਰੁੱਧ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਾਲਾਤ ਕੀਤੇ ਕਾਬੂ
ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਬੱਸ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦਰਦਨਾਕ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ‘ਤੇ ਲੰਬੇ ਸਮੇਂ ਤੋਂ ਹਾਦਸੇ ਹੋ ਰਹੇ ਹਨ, ਪਰ ਪ੍ਰਸ਼ਾਸਨ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ ਹੈ।