ਸਮਾਜਿਕ ਅਤੇ ਵਿਅਕਤੀਗਤ ਵਿਕਾਸ ਲਈ ਅਨੁਸ਼ਾਸਨ ਬਹੁਤ ਜ਼ਰੂਰੀ
ਸਮਾਜਿਕ ਅਤੇ ਵਿਅਕਤੀਗਤ ਵਿਕਾਸ ਲਈ ਅਨੁਸ਼ਾਸਨ ਬਹੁਤ ਜ਼ਰੂਰੀ ਹੁੰਦਾ ਹੈ। ਅਨੁਸ਼ਾਸਨ ਵਿਚ ਰਹਿ ਕੇ ਹੀ ਕੋਈ ਵਿਅਕਤੀ, ਸਮਾਜ ਅਤੇ ਦੇਸ਼ ਤਰੱਕੀ ਕਰ ਸਕਦਾ ਹੈ। ਇਸ ਦੇ ਉਲਟ ਅਨੁਸ਼ਾਸਨਹੀਣ ਵਿਅਕਤੀ, ਸਮਾਜ ਅਤੇ ਦੇਸ਼ ਕਦੀ ਸਫ਼ਲਤਾਵਾਂ ਪ੍ਰਾਪਤ ਨਹੀਂ ਕਰ ਸਕਦੇ । ਅਨੁਸ਼ਾਸਨ ਦੀ ਸਭ ਤੋਂ ਪਹਿਲੀ ਤੇ ਬੁਨਿਆਦੀ ਲੋੜ ਹੈ ਨਿਯਮਾਂ ਦੀ ਪਾਲਣਾ ਕਰਨੀ। ਇਹਨਾਂ ਨਿਯਮਾਂ ਵਿਚ ਸਰਕਾਰਾਂ ਦੁਆਰਾ ਬਣਾਏ ਗਏ ਦੇਸ਼ਾਂ ਦੇ ਸੰਵਿਧਾਨ ਤੋਂ ਲੈ ਕੇ ਸੰਸਥਾਵਾਂ ਦੁਆਰਾ ਬਣਾਏ ਗਏ ਨਿਯਮਾਂ ਤੱਕ ਸਭ ਸ਼ਾਮਿਲ ਹਨ। ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨਾ ਹਰ ਨਾਗਰਿਕ ਦਾ ਮੁੱਢਲਾ ਫਰਜ਼ ਹੁੰਦਾ ਹੈ , ਜੇਕਰ ਅਸੀਂ ਕਿਸੇ ਹੋਰ ਦੇਸ਼ ਵਿੱਚ ਜਾਈਏ ਤਾਂ ਉਸ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਅੰਗਰੇਜ਼ੀ ਵਿੱਚ ਕਹਾਵਤ ਹੈ:
'While in Rome do as the Romans do. '
ਅਰਥਾਤ ਜਿਸ ਥਾਂ ਵੀ ਅਸੀਂ ਹੋਈਏ ਉਥੇ ਦੇ ਕਾਇਦੇ- ਕਾਨੂੰਨ ਦੀ ਪਾਲਣਾ ਕਰਨਾ ਅਤੇ ਉਥੋਂ ਦੇ ਲੋਕਾਂ ਵਾਂਗ ਹੀ ਵਿਚਰਨਾ ਸਾਡਾ ਕਰਤੱਵ ਹੈ। ਜੇਕਰ ਕੋਈ ਵਿਅਕਤੀ ਆਪਣੇ ਦੇਸ਼ ਦੇ ਨਿਯਮਾਂ ਜਾਂ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ ਉਹ ਕਾਨੂੰਨ ਦੀਆਂ ਨਜ਼ਰਾਂ ਵਿੱਚ ਦੋਸ਼ੀ ਜਾਂ ਮੁਜਰਿਮ ਹੁੰਦਾ ਹੈ ਅਤੇ ਸਜ਼ਾ ਦਾ ਭਾਗੀਦਾਰ ਹੁੰਦਾ ਹੈ । ਅਨੁਸ਼ਾਸਨਹੀਣ ਵਿਅਕਤੀ ਨਾ ਕੇਵਲ ਅਸਫ਼ਲ ਹੁੰਦਾ ਹੈ ਸਗੋਂ ਆਪਣੇ ਵਿਵਹਾਰ ਰਾਹੀਂ ਉਹ ਦੂਜੇ ਮਨੁੱਖਾਂ ਲਈ ਵੀ ਕਈ ਵਾਰ ਹਾਨੀਕਾਰਕ ਸਿੱਧ ਹੁੰਦਾ ਹੈ।
ਦੇਸ਼ਾਂ ਵਾਂਗ ਹੀ ਵੱਖ-ਵੱਖ ਸੰਸਥਾਵਾਂ , ਫ਼ੌਜਾਂ , ਸਮਾਜਿਕ ਜਥੇਬੰਦੀਆਂ ਅਤੇ ਸਮੂਹਿਕ ਗਤੀਵਿਧੀਆਂ (ਜਿਵੇਂ ਖੇਡਾਂ) ਆਦਿ ਦੇ ਵੀ ਆਪਣੇ ਨਿਯਮ ਹੁੰਦੇ ਹਨ ਜਿਨ੍ਹਾਂ ਦੀ ਪਾਲਣਾ ਇਨ੍ਹਾਂ ਨਾਲ ਜੁੜੇ ਲੋਕਾਂ ਨੂੰ ਕਰਨੀ ਪੈਂਦੀ ਹੈ। ਵਿਦਿਅਕ ਅਦਾਰਿਆਂ, ਵੱਖ- ਵੱਖ ਪ੍ਰਕਾਰ ਦੀਆਂ ਖੇਡਾਂ , ਸਰਕਾਰੀ ਤੇ ਗ਼ੈਰ -ਸਰਕਾਰੀ ਦਫ਼ਤਰਾਂ , ਆਵਾਜਾਈ ਦੇ ਸਾਧਨਾਂ , ਹੋਟਲਾਂ , ਰੈਸਟੋਰੈਂਟਾਂ ਭਾਵ ਕਿ ਜਿੱਥੇ ਵੀ ਮਨੁੱਖਾਂ ਨੇ ਸਮੂਹਿਕ ਰੂਪ ਵਿੱਚ ਵਿਚਰਨਾ ਹੁੰਦਾ ਹੈ ਉਥੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ ਕੁਝ ਨਿਯਮ ਮੌਜੂਦ ਹੁੰਦੇ ਹਨ।
ਅਨੁਸ਼ਾਸਨ ਦਾ ਦੂਜਾ ਅੰਗ ਹੈ ਸਮੇਂ ਦੀ ਪਾਬੰਦੀ । ਕਈ ਲੋਕ ਆਪਣੇ ਸਮੇਂ ਨੂੰ ਅਨੁਸ਼ਾਸਿਤ ਕਰਨ ਵਿੱਚ ਬਹੁਤ ਅਣਗਹਿਲੀ ਵਰਤਦੇ ਹਨ। ਇਹ ਵੀ ਇੱਕ ਪ੍ਰਕਾਰ ਦੀ ਅਨੁਸ਼ਾਸਨਹੀਣਤਾ ਹੀ ਸਮਝੀ ਜਾਣੀ ਚਾਹੀਦੀ ਹੈ । ਹਰੇਕ ਕੰਮ ਦਾ ਸਮਾਂ ਨਿਸ਼ਚਿਤ ਹੋਣਾ ਜ਼ਰੂਰੀ ਹੁੰਦਾ ਹੈ। ਹਰੇਕ ਮਨੁੱਖ ਦੇ ਜੀਵਨ ਵਿਚ ਸਮੇਂ ਦੀ ਪਾਬੰਦੀ ਬਹੁਤ ਜ਼ਰੂਰੀ ਚੀਜ਼ ਹੈ ਪਰੰਤੂ ਵਿਦਿਆਰਥੀ ਜੀਵਨ ਵਿੱਚ ਇਸ ਦਾ ਹੋਰ ਅਧਿਕ ਮਹੱਤਵ ਹੈ ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਪ੍ਰਤੀ ਸੰਜੀਦਾ ਹੁੰਦੇ ਹਨ ਉਹ ਆਪਣੇ ਸਕੂਲ, ਕਾਲਜ ਦੇ ਟਾਈਮ ਟੇਬਲ ਦੀ ਤਰਜ਼ 'ਤੇ ਆਪਣੇ ਸਕੂਲ , ਕਾਲਜ ਤੋਂ ਬਾਅਦ ਦੇ ਸਮੇਂ ਦਾ ਆਪਣਾ ਇੱਕ ਟਾਈਮ ਟੇਬਲ ਬਣਾਉਂਦੇ ਹਨ ਅਤੇ ਇਸ ਪ੍ਰਕਾਰ ਸਮੇਂ ਦਾ ਭਰਪੂਰ ਸਦ- ਉਪਯੋਗ ਕਰਦੇ ਹਨ। ਇਸ ਦੇ ਵਿਪਰੀਤ ਜਿਹੜੇ ਆਪਣੇ ਸਮੇਂ ਨੂੰ ਇਧਰ-ਉਧਰ ਘੁੰਮ ਕੇ ਜਾਂ ਸਾਰਾ ਸਮਾਂ ਟੀਵੀ ਦੇਖਦੇ ਜਾਂ ਮੋਬਾਈਲ ਦੇਖਦੇ ਗੁਜ਼ਾਰ ਦਿੰਦੇ ਹਨ ਉਹਨਾਂ ਨੂੰ ਇਮਤਿਹਾਨ ਦੇ ਦਿਨਾਂ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ਜਿਹੜੇ ਨਿਤਨੇਮ ਅਨੁਸਾਰ ਆਪਣੀ ਪੜ੍ਹਾਈ ਨੂੰ ਰੋਜ਼ ਲਗਾਤਾਰ ਜਾਰੀ ਰੱਖਦੇ ਹਨ ਉਹਨਾਂ ਨੂੰ ਕੋਈ ਔਕੜ ਨਹੀਂ ਆਉਂਦੀ ਅਤੇ ਉਹ ਵਧੀਆ ਅੰਕ ਪ੍ਰਾਪਤ ਕਰਕੇ ਸਫ਼ਲ ਹੁੰਦੇ ਹਨ।
ਵਿਦਿਆਰਥੀਆਂ ਵਾਂਗ ਹੀ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਜੀਵਨ ਵਿੱਚ ਸਮੇਂ ਦੀ ਪਾਬੰਦੀ ਨਾ ਕੇਵਲ ਉਹਨਾਂ ਦੇ ਕੰਮ ਨੂੰ ਸੌਖਾ ਬਣਾਉਂਦੀ ਹੈ ਬਲਕਿ ਉਹਨਾਂ ਦਾ ਕੰਮ ਵੀ ਵਧੀਆ ਢੰਗ ਨਾਲ ਨੇਪਰੇ ਚੜ੍ਹਦਾ ਹੈ, ਜਿਹੜੇ ਲੋਕ ਸਵੈ- ਅਨੁਸ਼ਾਸਿਤ(Self-disciplined) ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਵਿਚ ਸਮੇਂ ਦੀ ਪਾਬੰਦੀ ਬਹੁਤ ਜ਼ਰੂਰੀ ਹੁੰਦੀ ਹੈ । ਦੁਨੀਆਂ ਦੇ ਮਹਾਨ ਵਿਅਕਤੀਆਂ ਦੇ ਜੀਵਨ 'ਤੇ ਨਜ਼ਰ ਮਾਰਿਆਂ ਪਤਾ ਚੱਲਦਾ ਹੈ ਕਿ ਉਹਨਾਂ ਦੀ ਸਫ਼ਲਤਾ ਪਿੱਛੇ ਸਮੇਂ ਦੀ ਪਾਬੰਦੀ ਜਾਂ ਦੂਜੇ ਸ਼ਬਦਾਂ ਵਿੱਚ ਅਨੁਸ਼ਾਸਨ ਦਾ ਬਹੁਤ ਵੱਡਾ ਯੋਗਦਾਨ ਸੀ । ਸਮੇਂ ਸਿਰ ਜਾਗਣਾ ਤਿਆਰ ਹੋਣਾ ਆਪਣੇ ਨਿੱਤ ਦੇ ਕਾਰ -ਵਿਹਾਰ ਸਮੇਂ ਸਿਰ ਕਰਨਾ, ਪੜ੍ਹਨ ਸਮੇਂ ਪੜਨਾ, ਖੇਡਣ ਸਮੇਂ ਖੇਡਣਾ, ਉਚਿਤ ਆਰਾਮ ਕਰਨਾ, ਮਨ ਪਰਚਾਵੇ ਤੇ ਸੈਰ ਸਪਾਟੇ ਲਈ ਸਮਾਂ ਰੱਖਣਾ ਅਤੇ ਹਰ ਕੰਮ ਨੂੰ ਨਿਸ਼ਚਿਤ ਸਮੇਂ ਵਿੱਚ ਮੁਕਾ ਦੇਣਾ ਜੀਵਨ ਦੀ ਸਫ਼ਲਤਾ ਦੇ ਭੇਦ ਹਨ। ਖ਼ੁਦ ਨੂੰ ਅਨੁਸ਼ਾਸਨ ਵਿਚ ਰੱਖੇ ਬਿੰਨਾ ਅਨੁਸ਼ਾਸਨ ਦੀ ਪਾਲਣਾ ਨਹੀਂ ਹੋ ਸਕਦੀ। ਕੋਈ ਬਾਹਰੀ ਦਬਾਅ ਉਦੋਂ ਤੱਕ ਹੀ ਕੰਮ ਕਰ ਸਕਦਾ ਹੈ ਜਦੋਂ ਤੱਕ (ਚਾਹੇ ਆਪਣੇ ਅਫ਼ਸਰ ਦਾ ਹੋਵੇ ) ਜਾਂ ਕਾਨੂੰਨ ਦਾ ਕੋਈ ਅਧਿਕਾਰੀ ਜਾਂ ਅਥਾਰਟੀ ਸਾਡੇ ਸਾਹਮਣੇ ਜਾਂ ਨੇੜੇ ਮੌਜੂਦ ਹੋਵੇ ਜਦੋਂ ਇਹ ਦਬਾਅ ਚੁੱਕਿਆ ਜਾਂਦਾ ਹੈ ਲੋਕ ਫੇਰ ਅਨੁਸ਼ਾਸਨਹੀਣਤਾ ਪੈਦਾ ਕਰਦੇ ਹਨ ।
ਸੋ ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖਣ ਵਾਲਾ ਵਿਅਕਤੀ ਭਾਵੇਂ ਉਹ ਕਿਸੇ ਵੀ ਵਰਗ ਦਾ ਹੋਵੇ, ਹੀ ਸਹੀ ਅਰਥਾਂ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਹੋ ਸਕਦਾ ਹੈ। ਮਨੁੱਖੀ ਜੀਵਨ ਵਿੱਚ ਅਨੁਸ਼ਾਸਨ ਦੀ ਭੂਮਿਕਾ ਨੂੰ ਸਮਝਣਾ ਤੇ ਸਮਝਾਉਣ ਲਈ ਵਿਦਿਆ ਦੇ ਪਸਾਰ ਅਤੇ ਇਸ ਪ੍ਰਤੀ ਜਾਗਰੂਕਤਾ ਦੀ ਲੋੜ ਹੈ ਕਿਉਂਕਿ ਅਨੁਸ਼ਾਸਨ ਵਿੱਚ ਰਹਿਣ ਵਾਲੇ ਲੋਕ ਹੀ ਇੱਕ ਸਭਿਅਕ ਅਤੇ ਅਮਨ ਸ਼ਾਂਤੀ ਵਾਲੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ।

-
ਮੁਹੰਮਦ ਅਸਦ ਅਹਿਸਾਨ , ਐਸ.ਐਸ ਮਾਸਟਰ
mohamad@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.